ਨਵੀਂ ਦਿੱਲੀ (ਪੀਟੀਆਈ) : ਭਾਰਤੀ ਖੇਡ ਅਥਾਰਟੀ (ਸਾਈ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਬੇਲਾਰੂਸ ਦੇ ਨਿਕੋਲਈ ਸਨੇਸਾਰੇਵ ਨੂੰ ਭਾਰਤੀ ਐਥਲੈਟਿਕਸ ਟੀਮ ਦਾ ਮੱਧ ਤੇ ਲੰਬੀ ਦੂਰੀ ਦਾ ਕੋਚ ਨਿਯੁਕਤ ਕਰਨ ਨੂੰ ਮਨਜ਼ੂਰੀ ਦਿੱਤੀ ਜਦਕਿ ਦੋ ਸਾਲ ਪਹਿਲਾਂ ਉਨ੍ਹਾਂ ਨੇ ਇਸ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। 72 ਸਾਲਾ ਨਿਕੋਲਈ ਨੂੰ ਸਤੰਬਰ ਦੇ ਅੰਤ ਤਕ ਨਿਯੁਕਤ ਕੀਤਾ ਗਿਆ ਹੈ ਜਿਸ ਵਿਚ ਜੁਲਾਈ-ਅਗਸਤ ਵਿਚ ਹੋਣ ਵਾਲੇ ਟੋਕੀਓ ਓਲੰਪਿਕ ਦਾ ਸਮਾਂ ਵੀ ਸ਼ਾਮਲ ਹੈ। ਉਹ 3000 ਮੀਟਰ ਸਟੀਪਲਚੇਜ ਐਥਲੀਟ ਅਵਿਨਾਸ਼ ਸਾਬਲੇ ਜੋ ਪਹਿਲਾਂ ਹੀ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਹਨ ਤੇ ਹੋਰ ਮੱਧ ਅਤੇ ਲੰਬੀ ਦੂਰੇ ਦੇ ਦੌੜਾਕਾਂ ਨੂੰ ਕੋਚਿੰਗ ਦੇਣਗੇ ਜੋ ਓਲੰਪਿਕ ਲਈ ਕੁਆਲੀਫਾਈ ਕਰਨ ਦੀ ਕੋਸ਼ਿਸ਼ ਵਿਚ ਰੁੱਝੇ ਹਨ। ਨਿਕੋਲਈ ਨੇ ਫਰਵਰੀ 2019 ਵਿਚ ਤਦ ਭਾਰਤੀ ਐਥਲੈਟਿਕਸ ਦੇ ਲੰਬੀ ਅਤੇ ਮੱਧ ਦੂਰੀ ਦੇ ਕੋਚ ਦਾ ਅਹੁਦਾ ਛੱਡ ਦਿੱਤਾ ਸੀ ਜਦ ਸਾਬਲੇ ਨੇ ਉਨ੍ਹਾਂ ਨੂੰ ਛੱਡ ਕੇ ਆਰਮੀ ਕੋਚ ਅਮਰੀਸ਼ ਕੁਮਾਰ ਦੇ ਮਾਰਗਦਰਸ਼ਨ ਵਿਚ ਟ੍ਰੇਨਿੰਗ ਕਰਨ ਦਾ ਫ਼ੈਸਲਾ ਕੀਤਾ ਸੀ।

ਅਵਿਨਾਸ਼ ਨੂੰ ਵੱਧ ਸੁਧਾਰ ਕਰਨ 'ਚ ਮਿਲੇਗੀ ਮਦਦ : ਸੁਮਾਰੀਵਾਲਾ

ਭਾਰਤੀ ਐਥਲੈਟਿਕਸ ਮਹਾਸੰਘ ਦੇ ਪ੍ਰਧਾਨ ਆਦਿਲੇ ਸੁਮਾਰੀਵਾਲਾ ਨੇ ਨਿਕੋਲਈ ਦੀ ਨਿਯੁਕਤੀ ਦੀ ਪ੍ਰਸ਼ੰਸਾ ਕੀਤੀ ਤੇ ਉਮੀਦ ਜ਼ਾਹਿਰ ਕੀਤੀ ਕਿ ਭਾਰਤੀ ਮੱਧ ਅਤੇ ਲੰਬੀ ਦੂਰੀ ਦੇ ਦੌੜਾਕਾਂ ਦੇ ਪ੍ਰਦਰਸ਼ਨ ਵਿਚ ਸੁਧਾਰ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਅਨਿਵਾਸ਼ ਸਾਬਲੇ ਹੁਣ ਮੁੜ ਨਿਕੋਲਈ ਨਾਲ ਟ੍ਰੇਨਿੰਗ ਕਰਨਾ ਚਾਹੁੰਦੇ ਹਨ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਸ ਨਾਲ ਉਨ੍ਹਾਂ ਨੂੰ ਹੋਰ ਵੱਧ ਸੁਧਾਰ ਕਰਨ ਵਿਚ ਮਦਦ ਮਿਲੇਗੀ।