ਪੈਰਿਸ (ਆਈਏਐੱਨਐੱਸ) : ਫਰੈਂਚ ਫੁੱਟਬਾਲ ਕਲੱਬ ਪੈਰਿਸ ਸੇਂਟ ਜਰਮੇਨ (ਪੀਐੱਸਜੀ) ਦੇ ਸਟਾਰ ਸਟ੍ਰਾਈਕਰ ਨੇਮਾਰ ਕੋਰੋਨਾ ਵਾਇਰਸ ਤੋਂ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਅਭਿਆਸ 'ਤੇ ਮੁੜ ਆਏ ਹਨ। 28 ਸਾਲਾ ਨੇਮਾਰ ਪੀਐੱਸਜੀ ਦੇ ਉਨ੍ਹਾਂ ਸੱਤ ਖਿਡਾਰੀਆਂ ਵਿਚੋਂ ਇਕ ਸਨ ਜੋ ਪਿਛਲੇ ਦਿਨੀਂ ਕੋਵਿਡ-19 ਪਾਜ਼ੇਟਿਵ ਪਾਏ ਗਏ ਸਨ। ਨੇਮਾਰ ਤੋਂ ਇਲਾਵਾ ਕਾਇਲੀਅਨ ਐੱਮਬਾਪੇ, ਮੌਰੋ ਇਕਾਰਡੀ, ਏਂਜਲ ਡੀ ਮਾਰੀਆ ਤੇ ਲੀਏਂਡਰੋ ਪੇਰੇਡੇਜ, ਕੇਲੋਰ ਨਵਾਸ ਤੇ ਮਾਰਕੀਂਹੋਸ ਨੂੰ ਵੀ ਕੋਰੋਨਾ ਹੋਇਆ ਸੀ। ਨੇਮਾਰ ਨੇ ਟਵਿੱਟਰ 'ਤੇ ਲਿਖਿਆ ਕਿ ਮੈਂ ਅਭਿਆਸ 'ਤੇ ਮੁੜ ਆਇਆ ਹਾਂ। ਮੈਂ ਬਹੁਤ ਖ਼ੁਸ਼ ਹਾਂ। ਕੋਰੋਨਾ ਆਊਟ। ਇਨ੍ਹਾਂ ਸਟਾਰ ਖਿਡਾਰੀਆਂ ਦੀ ਗ਼ੈਰ ਮੌਜੂਦਗੀ ਕਾਰਨ ਮੌਜੂਦਾ ਚੈਂਪੀਅਨ ਪੀਐੱਸਜੀ ਨੂੰ ਸ਼ੁੱਕਰਵਾਰ ਨੂੰ ਫਰੈਂਚ ਲੀਗ-1 ਦੇ ਆਪਣੇ ਪਹਿਲੇ ਮੈਚ ਵਿਚ ਸਿਖ਼ਰਲੀ ਲੀਗ ਵਿਚ ਥਾਂ ਬਣਾਉਣ ਵਾਲੀ ਲੇਂਸ ਦੀ ਟੀਮ ਹੱਥੋਂ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪੀਐੱਸਜੀ ਲਈ 18 ਸਾਲ ਦੇ ਕਾਇਸ ਰੁਇਜ ਆਟਿਲ ਤੇ ਏਰਨਾਊਡ ਕੇਲੀਮੇਏਂਡੋ ਨੇ ਟੀਮ ਲਈ ਸ਼ੁਰੂਆਤ ਕੀਤੀ ਜਦਕਿ 20 ਸਾਲ ਦੇ ਮਾਰਸਿਨ ਬੁਲਕਾ ਸਿਰਫ਼ ਆਪਣਾ ਦੂਜਾ ਮੈਚ ਖੇਡ ਰਹੇ ਸਨ। ਪੀਐੱਸਜੀ ਨੇ ਹੁਣ ਆਪਣਾ ਅਗਲਾ ਮੈਚ ਐਤਵਾਰ ਨੂੰ ਫਰੈਂਚ ਲੀਗ-1 ਦੀ ਉੱਪ ਜੇਤੂ ਮਾਰਸੀਲੇ ਦੀ ਟੀਮ ਖ਼ਿਲਾਫ਼ ਖੇਡਣਾ ਹੈ। ਉਥੇ ਚੈਂਪੀਅਨਜ਼ ਲੀਗ ਦਾ ਆਖ਼ਰੀ ਚਾਰ ਦਾ ਮੁਕਾਬਲਾ ਖੇਡਣ ਵਾਲੀ ਲਿਓਨ ਦੀ ਟੀਮ ਨੇ ਬੋਰਡਾ ਖ਼ਿਲਾਫ਼ ਮੁਕਾਬਲਾ ਗੋਲਰਹਿਤ ਡਰਾਅ ਖੇਡਿਆ।