ਪੈਰਿਸ (ਏਪੀ) : ਜੋਨਾਥਨ ਡੇਵਿਡ ਦੇ ਮੈਚ 'ਚ ਇਕਲੌਤੇ ਗੋਲ ਦੀ ਮਦਦ ਨਾਲ ਲਿਲੀ ਨੇ ਫਰਾਂਸ ਦੀ ਲੀਗ-1 'ਚ ਪੈਰਿਸ ਸੇਂਟ ਜਰਮਨ (ਪੀਐੱਸਜੀ) ਨੂੰ 1-0 ਨਾਲ ਹਰਾ ਦਿੱਤਾ। ਮੈਚ ਦੌਰਾਨ ਵਿਸ਼ਵ ਦੇ ਸਭ ਤੋਂ ਮਹਿੰਗੇ ਫੁੱਟਬਾਲਰ ਪੀਐੱਸਜੀ ਦੇ ਸਟ੍ਰਾਈਕਰ ਨੇਮਾਰ ਨੂੰ ਰੈੱਡ ਕਾਰਡ ਦਿਖਾ ਕੇ ਮੈਦਾਨ ਤੋਂ ਬਾਹਰ ਭੇਜ ਦਿੱਤਾ ਗਿਆ।

ਪੀਐੱਸਜੀ ਦੀ ਟੀਮ ਮੁਕਾਬਲੇ 'ਚ ਲਿਲੀ ਤੋਂ ਪੱਛੜ ਰਹੀ ਸੀ। ਮੈਚ ਖ਼ਤਮ ਹੋਣ 'ਚ ਕੁਝ ਸਮਾਂ ਬਚਿਆ ਸੀ। ਨੇਮਾਰ ਤੇ ਜਾਲੋ ਟਚਲਾਈਨ 'ਤੇ ਗੇਂਦ ਨੂੰ ਆਪਣੇ-ਆਪਣੇ ਕਬਜ਼ੇ 'ਚ ਕਰਨ ਲਈ ਭਿੜ ਗਏ।

ਨੇਮਾਰ ਨੇ ਆਪਣੇ ਕਬਜ਼ੇ 'ਚ ਗੇਂਦ ਲੈਣ ਲਈ ਜਾਲੋ ਨੂੰ ਮੈਦਾਨ 'ਤੇ ਡੇਗ ਦਿੱਤਾ। ਇਸ ਤੋਂ ਬਾਅਦ ਦੋਵਾਂ ਵਿਚਾਲੇ ਜ਼ੋਰਦਾਰ ਝੜਪ ਹੋਣ ਲੱਗੀ। ਰੈਫਰੀ ਨੇ ਨੇਮਾਰ ਨੂੰ ਦੂਸਰਾ ਪੀਲਾ ਕਾਰਡ ਦਿਖਾਇਆ ਜਦੋਂ ਕਿ ਲਿਲੀ ਦੇ ਡਿਫੈਂਡਰ ਨੂੰ ਗਲਤ ਟਿੱਪਣੀ ਕਰਨ ਲਈ ਕਾਰਡ ਦਿਖਾਇਆ ਗਿਆ।