ਸਾਓ ਪਾਓਲੋ (ਏਪੀ) : ਨੇਮਾਰ ਜ਼ਖ਼ਮੀ ਹੋਣ ਕਾਰਨ ਬ੍ਰਾਜ਼ੀਲ ਦੇ ਅਗਲੇ ਹਫ਼ਤੇ ਉਰੂਗੁਏ ਖ਼ਿਲਾਫ਼ ਹੋਣ ਵਾਲੇ ਵਿਸ਼ਵ ਕੱਪ ਕੁਆਲੀਫਾਇਰ ਮੈਚ ਵਿਚ ਨਹੀਂ ਖੇਡ ਸਕਣਗੇ। ਪੈਰਿਸ ਸੇਂਟ ਜਰਮੇਨ ਵੱਲੋਂ ਚੈਂਪੀਅਨਜ਼ ਲੀਗ ਮੈਚ ਵਿਚ ਖੇਡਦੇ ਹੋਏ ਨੇਮਾਰ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਆ ਗਿਆ ਸੀ। ਬ੍ਰਾਜ਼ੀਲ ਫੁੱਟਬਾਲ ਕਨਫੈਡਰੇਸ਼ਨ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਕਿ ਨੇਮਾਰ ਮੰਗਲਵਾਰ ਨੂੰ ਮੋਂਟਵੀਡੀਓ ਵਿਚ ਹੋਣ ਵਾਲੇ ਦੱਖਣੀ ਅਮਰੀਕੀ ਕੁਆਲੀਫਾਇੰਗ ਮੈਚ ਵਿਚ ਨਹੀਂ ਖੇਡ ਸਕਣਗੇ। ਨੇਮਾਰ ਜ਼ਖ਼ਮੀ ਹੋਣ ਕਾਰਨ ਵੈਨਜ਼ੁਏਲਾ ਖ਼ਿਲਾਫ਼ ਹੋਣ ਵਾਲੇ ਮੈਚ ਤੋਂ ਪਹਿਲਾਂ ਹੀ ਬਾਹਰ ਹੋ ਗਏ ਸਨ। ਉਥੇ ਬ੍ਰਾਜ਼ੀਲ ਦੇ ਡਿਫੈਂਡਰ ਗੈਬਰੀਅਲ ਮੇਨੀਨੋ ਨੂੰ ਕੋਵਿਡ-19 ਦੇ ਟੈਸਟ ਵਿਚ ਪਾਜ਼ੇਟਿਵ ਪਾਇਆ ਗਿਆ ਹੈ ਤੇ ਉਹ ਵੈਨਜ਼ੁੇਲਾ ਤੇ ਉਰੂਗੁਏ ਖ਼ਿਲਾਫ਼ ਵਿਸ਼ਵ ਕੱਪ ਫੁੱਟਬਾਲ ਕੁਆਲੀਫਾਇਰ ਮੈਚਾਂ ਵਿਚ ਨਹੀਂ ਖੇਡ ਸਕਣਗੇ। ਬ੍ਰਾਜ਼ੀਲ ਫੁੱਟਬਾਲ ਕਨਫੈਡਰੇਸ਼ਨ ਨੇ ਦੱਸਿਆ ਕਿ ਇਸ 20 ਸਾਲਾ ਖਿਡਾਰੀ ਨੂੰ ਸੋਮਵਾਰ ਨੂੰ ਪਹਿਲੇ ਟੈਸਟ ਵਿਚ ਨੈਗੇਟਿਵ ਪਾਇਆ ਗਿਆ ਸੀ। ਮੇਨੀਨੋ ਵਿਚ ਕੋਰੋਨਾ ਵਾਇਰਸ ਦੇ ਕਿਸੇ ਤਰ੍ਹਾਂ ਦੇ ਲੱਛਣ ਨਹੀਂ ਹਨ। ਟੀਮ ਦੇ ਸਾਰੇ ਹੋਰ ਮੈਂਬਰ ਜਾਂਚ ਵਿਚ ਨੈਗੇਟਿਵ ਪਾਏ ਗਏ ਹਨ। ਮੇਨੀਨੋ ਨੂੰ ਕੁਆਰੰਟਾਈਨ 'ਚ ਭੇਜ ਦਿੱਤਾ ਗਿਆ ਹੈ।