ਦੁਨੀਆ ਦੀ ਚੌਥੇ ਨੰਬਰ (ਫੁੱਟਬਾਲ, ਕਿ੍ਰਕਟ, ਹਾਕੀ ਤੋਂ ਬਾਅਦ) ਦੀ ਹਰਮਨ ਪਿਆਰੀ ਖੇਡ ਟੈਨਿਸ ਦੇ ਪੂਰੀ ਦੁਨੀਆ ’ਚ ਖੇਡ ਪ੍ਰਸ਼ੰਸਕਾਂ ਦੀ ਗਿਣਤੀ ਲਗਭਗ 100 ਕਰੋੜ ਹੈ ਤੇ ਹਰ ਸਾਲ ਚਾਰ ਗਰੈਂਡ ਸਲੈਮ (ਆਸਟ੍ਰੇਲੀਆ, ਫਰੈਂਚ, ਵਿੰਬਲਡਨ ਅਤੇ ਯੂਐੱਸਏ) ਟੂਰਨਾਮੈਂਟ ਹੁੰਦੇ ਹਨ। ਦੁਨੀਆ ਭਰ ਦੇ ਟੈਨਿਸ ਖਿਡਾਰੀ ਇਨ੍ਹਾਂ ਵੱਕਾਰੀ ਟੂਰਨਾਮੈਂਟਾਂ ’ਚ ਆਪਣੀ ਖੇਡ ਦਾ ਲੋਹਾ ਮਨਵਾਉਣ ਲਈ ਸਖ਼ਤ ਮਿਹਨਤ ਕਰਦੇ ਹਨ। ਜੇ ਪੰਜਾਬੀਆਂ ਦੇ ਨਜ਼ਰੀਏ ਤੋਂ ਗੱਲ ਕਰੀਏ ਤਾਂ ਟੈਨਿਸ ’ਚ ਪੰਜਾਬੀ ਖਿਡਾਰੀਆਂ ਦੀ ਕੋਈ ਬਹੁਤੀ ਵੱਡੀ ਪ੍ਰਾਪਤੀ ਨਹੀਂ ਰਹੀ ਭਾਵ ਕਿ ਕੋਈ ਅਜਿਹਾ ਖਿਡਾਰੀ ਨਹੀਂ ਪੈਦਾ ਹੋਇਆ, ਜਿਸ ਨੇ ਦੁਨੀਆ ਦੇ ਨਕਸ਼ੇ ਉੱਪਰ ਇਸ ਖੇਡ ’ਚ ਵੱਡਾ ਨਾਮਣਾ ਖੱਟਿਆ ਹੋਵੇ। ਅਜਿਹਾ ਹੀ ਕੁਝ ਕਰਨ ਦਾ ਅਹਿਦ ਧਾਰ ਕੇ ਨਿਊਟਨ-ਸਰੀ ਪੰਜਾਬੀ ਭਾਈਚਾਰੇ ਨੇ ਆਪਸੀ ਸਹਿਯੋਗ ਨਾਲ ਨਿਊਟਨ ਟੈਨਿਸ ਕਲੱਬ ਦਾ ਗਠਨ ਕਰ ਕੇ ਵੱਡਾ ਉੱਦਮ ਕੀਤਾ ਹੈ ਤਾਂ ਜੋ ਟੈਨਿਸ ਵਰਗੀ ਵੱਕਾਰੀ ਖੇਡ ’ਚ ਵੀ ਪੰਜਾਬੀ ਮੂਲ ਦੇ ਖਿਡਾਰੀਆਂ ਨੂੰ ਖੇਡਣ ਲਈ ਉਤਸ਼ਾਹਿਤ ਕੀਤਾ ਜਾ ਸਕੇ।

ਇਸ ਕਲੱਬ ਦਾ ਮੁੱਖ ਮਕਸਦ ਬੱਚਿਆਂ ਨੂੰ ਮੁੱਢ ਤੋਂ ਹੀ ਖੇਡ ਸੱਭਿਆਚਾਰ ਨਾਲ ਜੋੜਨ ਦਾ ਹੈ ਤਾਂ ਜੋ ਉਹ ਵਿਦੇਸ਼ਾਂ ’ਚ ਜਿਹੜੀਆਂ ਘਟਨਾਵਾਂ ਸਾਨੂੰ ਸਾਰਿਆਂ ਨੂੰ ਅਕਸਰ ਪਰੇਸ਼ਾਨ ਕਰਦੀਆਂ ਹਨ ਕਿ ਸਾਡੀ ਜਵਾਨੀ ਨਸ਼ਿਆਂ ਤੇ ਗੈਂਗਵਾਰ ’ਚ ਫਸ ਕੇ ਆਪਣੀ ਜ਼ਿੰਦਗੀ ਅਤੇ ਭਾਈਚਾਰੇ ਦਾ ਵਿਦੇਸ਼ਾਂ ’ਚ ਅਕਸ ਖ਼ਰਾਬ ਕਰ ਰਹੇ ਹਨ, ਤੋਂ ਆਪਣੀ ਨਵੀਂ ਪੀੜ੍ਹੀ ਨੂੰ ਬਚਾਇਆ ਜਾ ਸਕੇ।

ਨਿਊਟਨ ਕਲੱਬ ਉਂਝ ਤਾਂ 2015 ਤੋਂ ਹੀ ਕਾਰਜਸ਼ੀਲ ਹੈ ਪਰ ਅਧਿਕਾਰਤ ਤੌਰ ’ਤੇ ਇਹ 2019 ਤੋਂ ਹੀ ਹੋਂਦ ’ਚ ਆਇਆ ਹੈ। ਇਸ ਕਲੱਬ ਦੇ ਮੌਜੂਦਾ ਸਮੇਂ 100 ਮੈਂਬਰ ਹਨ ਤੇ ਹਰੇਕ ਸਾਲ ਇਕ ਡਬਲ ਟੂਰਨਾਮੈਂਟ ਕਰਵਾਇਆ ਜਾਂਦਾ ਹੈ। ਇਸ ਹੀ ਸੰਦਰਭ ’ਚ ਇਸ ਸਾਲ ਅਗਸਤ ਮਹੀਨੇ ਟੈਨਿਸ ਬੀਸੀ ਵੱਲੋਂ ਮਾਨਤਾ ਪ੍ਰਾਪਤ ਪਲੇਠਾ ‘ਸਰੀ ਓਪਨ ਟੈਨਿਸ ਟੂਰਨਾਮੈਂਟ 2022’ ਸਫਲਤਾਪੂਰਵਕ ਕਰਵਾ ਕੇ ਕਲੱਬ ਨੇ ਇਕ ਹੋਰ ਮੀਲ ਪੱਥਰ ਸਥਾਪਿਤ ਕੀਤਾ ਹੈ। ਇਹ ਟੂਰਨਾਮੈਂਟ 5 ਅਗਸਤ ਤੋਂ 14 ਅਗਸਤ ਤੱਕ ਨਿਊਟਨ ਟੈਨਿਸ ਕੋਰਟ ’ਚ ਕਰਵਾਇਆ ਗਿਆ, ਜਿਸ ਵਿੱਚ ਟੈਨਿਸ ਦੇ ਵੱਖ-ਵੱਖ ਪੱਧਰ ਜਿਵੇਂ 2.5, 3.0, 3.5, 4.0, 4.5 ਨੂੰ ਸ਼ਾਮਿਲ ਕੀਤਾ ਗਿਆ, ਜਿਨ੍ਹਾਂ ’ਚ ਫਰੇਜ ਵੈਲੀ, ਲੋਅਰ ਮੇਨਲੈਂਡ ਆਫ ਵੈਨਕੂਵਰ ਅਤੇ ਹੋਰ ਸੂਬਿਆਂ (ਕੈਲਗਰੀ ਅਤੇ ਅਲਬਰਟਾ) ਦੇ 355 ਖਿਡਾਰੀਆਂ ਨੇ ਵੱਖ-ਵੱਖ ਮੁਕਾਬਲਿਆਂ ’ਚ ਸ਼ਮੂਲੀਅਤ ਕੀਤੀ। ਪੁਰਸ਼ਾ ਦੇ ਓਪਨ ਵਰਗ ’ਚ ਸਭ ਤੋਂ ਵੱਧ 60 ਖਿਡਾਰੀਆਂ ਨੇ ਭਾਗ ਲਿਆ ਜਦਕਿ 3.5 ਸਿੰਗਲਜ਼ ’ਚ 47, 4.0 ਅਤੇ 4.5 ’ਚ 33 ਖਿਡਾਰੀਆਂ ਨੇ ਹਿੱਸਾ ਲਿਆ। ਨਿਊਟਨ ਟੈਨਿਸ ਕਲੱਬ ਦੇ ਮੈਂਬਰ ਅਣਥੱਕ ਯਤਨ ਕਰ ਰਹੇ ਹਨ ਕਿ ਵੱਧ ਤੋਂ ਵੱਧ ਕੁੜੀਆਂ ਨੂੰ ਇਸ ਕਲੱਬ ਨਾਲ ਜੋੜ ਕੇ ਬਰਾਬਰ ਦੇ ਮੌਕੇ ਦਿੱਤੇ ਜਾਣ ਤਾਂ ਜੋ ਉਹ ਖੇਡਾਂ ’ਚ ਮਰਦਾਂ ਦੇ ਬਰਾਬਰ ਨਾਮਣਾ ਖੱਟ ਸਕਣ, ਜਿਸ ਦੇ ਨਤੀਜੇ ਵਜੋਂ ਇਸ ਕੱਪ ਦੇ ਔਰਤ ਵਰਗ ’ਚ ਵੀ 54 ਖਿਡਾਰਨਾਂ ਨੇ ਆਪਣੀ ਭਰਵੀਂ ਹਾਜ਼ਰੀ ਦਰਜ ਕਰਵਾਈ।

ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਨ ਲਈ ਵੱਡੀ ਗਿਣਤੀ ’ਚ ਦਰਸ਼ਕਾਂ ਦਾ ਵੀ ਭਰਪੂਰ ਸਾਥ ਮਿਲਿਆ। ਇਸ ਟੂਰਨਾਮੈਂਟ ਨੂੰ ਸਰੀ ਸਿਟੀ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ। ਸਪਾਂਸਰਜ਼, ਨਿਊਟਨ ਪ੍ਰਸ਼ਾਸਨਿਕ ਅਧਿਕਾਰੀਆਂ, ਵਲੰਟੀਅਰਾਂ ਤੇ ਕਮਿਊਨਿਟੀ ਮੈਂਬਰਾਂ ਨੇ ਵੀ ਇਸ ਕੱਪ ਦੀ ਸਫਲਤਾ ਲਈ ਆਪਣਾ ਵੱਡਮੁੱਲਾ ਯੋਗਦਾਨ ਪਾਇਆ। ਸਿਹਤਮੰਦ ਤੇ ਪੋਸ਼ਟਿਕ ਭੋਜਨ ਰੋਜ਼ਾਨਾ ਪਰੋਸਿਆ ਗਿਆ ਅਤੇ ਫਾਈਨਲ ਵਾਲੇ ਦਿਨ ਇਕ ਸ਼ਾਨਦਾਰ ਬਾਰਬਿਕਯੂ ਪਾਰਟੀ ਵੀ ਕੀਤੀ ਗਈ। ਪੁਰਸ਼ਾਂ ਦੇ ਵਰਗ ’ਚ ਰਿਆਨ ਡੁਟੋਇਟ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਜੈਕਸਨ ਬੂਨ ਉਪ-ਜੇਤੂ ਰਿਹਾ। ਇਸ ਤਰ੍ਹਾਂ ਹੀ ਮਹਿਲਾ ਵਰਗ ’ਚ ਰੇਬੇਕਾ ਜੌਜੀ ਜੇਤੂ ਅਤੇ ਅੰਨਾ ਮਾਰੀਆ ਉਪ-ਜੇਤੂ ਰਹੀ। ਸਿਟੀ ਮੇਅਰ ਡੱਗ ਮੈਕਲਮ ਅਤੇ ਕੌਂਸਲ ਨੇ ਫਾਈਨਲ ਮੁਕਾਬਲੇ ਵਾਲੇ ਦਿਨ ਕਲੱਬ ਪ੍ਰਬੰਧਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ। ਡਾਇਰੈਕਟਰ ਗੈਰੀ ਡੇਹਲੋਂ ਅਤੇ ਗੁਰਮੁਖ ਝੋਟੀ ਨੇ ਇਸ ਟੂਰਨਾਮੈਂਟ ਸਫਲਤਾਪੂਰਵਕ ਕਰਵਾਉਣ ’ਚ ਅਹਿਮ ਭੂਮਿਕਾ ਨਿਭਾਈ।

ਪੰਜਾਬੀ ਭਾਈਚਾਰੇ ਨੇ ਕੀਤੀ ਸਾਰਥਿਕ ਪਹਿਲ

ਨਿਊਟਨ ਕਲੱਬ ਦਾ ਗਠਨ ਕਰ ਕੇ ਪੰਜਾਬੀ ਭਾਈਚਾਰੇ ਨੇ ਜੋ ਸਾਰਥਿਕ ਪਹਿਲ ਕੀਤੀ ਹੈ, ਉਸ ਦੇ ਚੰਗੇ ਨਤੀਜੇ ਭਵਿੱਖ ’ਚ ਨਜ਼ਰ ਜ਼ਰੂਰ ਆਉਣਗੇ। ਖੇਡਾਂ ਖਿਡਾਰੀਆਂ ਨੂੰ ਜ਼ਿੰਦਗੀ ਦੇ ਸੰਘਰਸ਼ ਲਈ ਤਿਆਰ ਕਰਦੀਆਂ ਅਤੇ ਉਸ ਨੂੰ ਅਨੁਸ਼ਾਸਨ ’ਚ ਰਹਿਣ ਦੇ ਸਬਕ ਪੜ੍ਹਾਉਣ ਦਾ ਕੰਮ ਵੀ ਕਰਦੀਆਂ ਹਨ। ਖੇਡਾਂ ਮਨੁੱਖ ਨੂੰ ਜਿੱਤ ਲਈ ਸੰਘਰਸ਼ ਕਰਨਾ ਵੀ ਸਿਖਾਉਂਦੀਆ ਹਨ। ਸਿਹਤਮੰਦ ਦਿਮਾਗ਼ ਹੀ ਨਰੋਈਆਂ ਕੌਮਾਂ ਦੀ ਸਿਰਜਣਾ ਕਰਦੇ ਹਨ। ਜੇ ਸਭ ਕੁਝ ਇਵੇਂ ਹੀ ਸਹੀ ਦਿਸ਼ਾ ’ਚ ਚੱਲਦਾ ਰਿਹਾ ਤਾਂ ਹੋ ਸਕਦਾ ਹੈ ਕਿ ਜਸਵੀਰ ਪੰਧੇਰ ਅਤੇ ਰਾਜਦੀਪ ਸਿੰਘ ਝੱਲੀ ਵੱਲੋਂ ਲਾਏ ਗਏ ਇਸ ਬੂਟੇ ਦੇ ਫਲ ਦੇ ਰੂਪ ’ਚ ਕੀ ਪਤਾ ਆਉਂਦੇ ਪੰਜ-ਦਸ ਸਾਲਾਂ ’ਚ ਕੋਈ ਪੰਜਾਬੀ ਖਿਡਾਰੀ ਕਿਸੇ ਗਰੈਂਡ ਸਲੈਮ ਟੂਰਨਾਮੈਂਟ ’ਚ ਕੈਨੇਡਾ ਵੱਲੋਂ ਖੇਡਦਾ ਨਜ਼ਰ ਆਵੇ। ਟੈਨਿਸ ਇਕ ਮਹਿੰਗੀ ਖੇਡ ਹੈ ਅਤੇ ਪੰਜਾਬੀਆਂ ’ਚ ਇਹ ਬਹੁਤੀ ਹਰਮਨ ਪਿਆਰੀ ਵੀ ਨਹੀਂ ਪਰ ਜੇ ਨਿਊਟਨ ਕਲੱਬ ਨੂੰ ਆਪਣੇ ਭਾਈਚਾਰੇ, ਖੇਡ ਪ੍ਰੇਮੀਆਂ ਅਤੇ ਹੋਰ ਅਧਿਕਾਰਤ ਸੰਸਥਾਵਾਂ ਦਾ ਸਹਿਯੋਗ ਮਿਲਦਾ ਰਿਹਾ ਤਾਂ ਇਸ ਪੇਸ਼ੇਵਰ ਖੇਡ ’ਚ ਵੀ ਕਾਮਯਾਬੀ ਦੀਆ ਮੰਜ਼ਿਲਾਂ ਸਰ ਕੀਤੀਆਂ ਜਾ ਸਕਦੀਆਂ ਹਨ।

ਟੈਨਿਸ ਨੂੰ ਆਮ ਲੋਕਾਂ ’ਚ ਕੀਤਾ ਪ੍ਰਫੁੱਲਿਤ

ਨਿਊਟਨ ਕਲੱਬ, ਟੈਨਿਸ ਬੀਸੀ ਤੋਂ ਮਾਨਤਾ ਪ੍ਰਾਪਤ ਹੈ ਅਤੇ ਅਗਾਂਹ ਨਿਊਟਨ ਕਲੱਬ ਨੂੰ ਟੈਨਿਸ ਕੈਨੇਡਾ ਦਾ ਮੈਂਬਰ ਹੋਣ ਦਾ ਵੀ ਮਾਣ ਪ੍ਰਾਪਤ ਹੈ। ਨਿਊਟਨ ਇਕ ਗ਼ੈਰ- ਮੁਨਾਫ਼ਾ ਸੰਸਥਾ ਹੈ, ਜਿਸ ਦਾ ਮੁੱਖ ਮਕਸਦ ਟੈਨਿਸ ਖੇਡ ਨੂੰ ਆਮ ਲੋਕਾਂ ’ਚ ਹੋਰ ਪ੍ਰਫੁੱਲਿਤ ਕਰਨ ਤੋਂ ਹੈ। ਕਲੱਬ ਮੁੱਖ ਤੌਰ ’ਤੇ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਰਾਹੀਂ ਇਕ ਯੋਗ ਅਤੇ ਨਰੋਈ ਸੇਧ ਦੇਣ ਲਈ ਵਚਨਬੱਧ ਹੈ। ਨਿਊਟਨ ਟੈਨਿਸ ਕਲੱਬ, ਟੈਨਿਸ ਖੇਡ ਨਾਲ ਸਬੰਧਿਤ ਬੱਿਚਆਂ ਦੇ ਕੈਂਪ, ਟੈਨਿਸ ਲੀਗ ਅਤੇ ਸਾਲਾਨਾ ਡਬਲਜ਼ ਟੈਨਿਸ ਟੂਰਨਾਮੈਂਟ ਵਰਗੀਆਂ ਗਤੀਵਿਧੀਆਂ ’ਚ ਆਪਣੀ ਸ਼ਮੂਲੀਅਤ ਸਫਲਤਾ ਨਾਲ ਦਰਜ ਕਰਵਾ ਚੁੱਕਾ ਹੈ। ਅਗਾਂਹ ਇਸ ਕਲੱਬ ਨੇ (ਸਕੂਲ ਤੋਂ ਬਾਅਦ) ਬੀਸੀ ਖੇਡ ਪ੍ਰੋਗਰਾਮਾਂ ਰਾਹੀਂ ਵਿਦਿਆਰਥੀਆਂ ਦੀ ਭਾਗੀਦਾਰੀ ਜਿਹੇ ਪ੍ਰੋਗਰਾਮ ਉਲੀਕੇ ਹੋਏ ਸਨ, ਜੋ ਕੋਰੋਨਾ ਮਹਾਮਾਰੀ ਕਾਰਨ ਪਿਛਲੇ ਸਮੇਂ ਦੌਰਾਨ ਸਿਰੇ ਨਹੀਂ ਚੜ੍ਹ ਸਕੇ ਸਨ। ਆਸ ਕੀਤੀ ਜਾ ਸਕਦੀ ਹੈ ਕਿ ਹੁਣ ਹਾਲਾਤ ਸੁਖਾਵੇਂ ਹੋਣ ਤੋਂ ਬਾਅਦ ਇਨ੍ਹਾਂ ਟੀਚਿਆਂ ਨੂੰ ਕਲੱਬ ਪਹਿਲ ਦੇ ਆਧਾਰ ’ਤੇ ਨੇਪਰੇ ਚਾੜ੍ਹਨ ’ਚ ਕਾਮਯਾਬ ਜ਼ਰੂਰ ਹੋਵੇਗਾ। ਟੈਨਿਸ ਦੀ ਸਿਖਲਾਈ ਲਈ ਕੋਚਾਂ ਦਾ ਪ੍ਰਬੰਧ ਕਰਨਾ ਜਾਂ ਹੋਰ ਤਕਨੀਕੀ ਗੁਣਾਂ ਦੀ ਜ਼ਿੰਮੇਵਾਰੀ ਅਮਨਦੀਪ ਸਿੰਘ ਵੜੈਚ ਨੂੰ ਸੌਂਪੀ ਗਈ ਹੈ, ਜੋ ਆਪ ਭਾਰਤੀ ਡੈਵਿਸ ਕੱਪ ਟੀਮ ਦਾ ਕਿਸੇ ਸਮੇਂ ਹਿੱਸਾ ਰਹੇ ਹਨ ਅਤੇ ਉਹ ਕੈਨੇਡਾ ਵੀ ਟੈਨਿਸ ਸਕਾਲਰਸ਼ਿਪ ਅਧੀਨ ਹੀ ਆਏ ਸਨ। ਨਰਿੰਦਰ ਸਿੰਘ ਅਤੇ ਸੰਦੀਪ ਮੋਂਗਾ ਕੋਚਿੰਗ ਦੀਆਂ ਸੇਵਾਵਾਂ ਬਾਖ਼ੂਬੀ ਨਿਭਾ ਰਹੇ ਹਨ। ਕੋਚ ਦੀ ਜ਼ਿੰਮੇਵਾਰੀ ਬੀਸੀ ਟੈਨਿਸ ਦੇ ਮਾਪਦੰਡਾਂ ਅਨੁਸਾਰ ਹੀ ਸਬੰਧਿਤ ਕੋਚ ਨੂੰ ਦਿੱਤੀ ਜਾਂਦੀ ਹੈ।

ਨਿਊਟਨ ਟੈਨਿਸ ਕਲੱਬ ਦੀ ਮਿਹਨਤ ਅਤੇ ਕੋਸ਼ਿਸ਼ਾਂ ਨੂੰ ਉਸ ਵੇਲੇ ਬੂਰ ਪਿਆ ਜਦੋਂ ਨਿਊਟਨ ਅਥਲੈਟਿਕ ਪਾਰਕ ’ਚ ਉਨ੍ਹਾਂ ਨੂੰ ਰਿਜ਼ਰਵ ਕੋਰਟ ਦੀ ਪ੍ਰਾਪਤੀ ਹੋਈ, ਜਿਸ ਦੀ ਅਣਹੋਂਦ ਕਾਰਨ ਉਨ੍ਹਾਂ ਨੂੰ ਪਿਛਲੇ ਸਮੇਂ ਦੌਰਾਨ ਪ੍ਰੈਕਟਿਸ ਦੌਰਾਨ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਮੀਦ ਹੈ ਕਿ ਹੁਣ ਕਲੱਬ ਹੋਰ ਵੀ ਨਵੇਂ ਜੋਸ਼ ਨਾਲ ਆਪਣੇ ਭਵਿੱਖ ਦੇ ਸਫ਼ਰ ਵੱਲ ਅੱਗੇ ਵਧੇਗਾ।

ਜੇ ਇਸ ਕਲੱਬ ਦੀ ਪੂਰੀ ਕਾਰਜਸ਼ੈਲੀ ਉੱਪਰ ਝਾਤ ਮਾਰੀਏ ਤਾਂ ਜਸਵੀਰ ਪੰਧੇਰ (ਜੋ ਕਿ ਮੇਰੇ ਪਿੰਡ ਭਾਰਟਾ ਗਣੇਸ਼ਪੁਰ ਤੋਂ ਹਨ) ਅਤੇ ਰਾਜਦੀਪ ਸਿੰਘ ਝੱਲੀ ਤੋਂ ਇਲਾਵਾ ਜੋ ਨਾਂ ਉੱਭਰ ਕੇ ਸਾਹਮਣੇ ਆਉਂਦੇ ਹਨ, ਉਹ ਹਨ: ਗੁਰਿੰਦਰ ਡੇਹਲੋਂ, ਗੁਰਮੁਖ ਸਿੰਘ ਝੂਟੀ, ਅਮਰਜੀਤ ਸਿੰਘ ਸੰਧੂ, ਅਮਨਦੀਪ ਸਿੰਘ ਵੜੈਚ, ਸੁੱਖ ਥਿੰਦ, ਗੁਰਦੇਵ ਸਿੰਘ ਬੋਗਨ ਆਦਿ। ਗੁਰਿੰਦਰ ਡੇਹਲੋਂ ਆਪ ਫੀਲਡ ਹਾਕੀ ਦੇ ਬਹੁਤ ਵਧੀਆ ਖਿਡਾਰੀ ਰਹੇ ਹਨ ਅਤੇ ਮੈਨੀਟੋਬਾ ਫੀਲਡ ਹਾਕੀ ਦੇ ਪ੍ਰਧਾਨ ਦੀ ਭੂਮਿਕਾ ਵੀ ਨਿਭਾ ਚੁੱਕੇ ਹਨ। ਹੁਣ ਉਹ ਨਿਊਟਨ ਕਲੱਬ ਨਾਲ ਜੁੜ ਕੇ ਟੈਕਨੀਕਲ ਅਤੇ ਸੰਚਾਰ ਸਲਾਹਕਾਰ ਦੇ ਰੂਪ ’ਚ ਕਲੱਬ ਨੂੰ ਆਪਣੀ ਵੱਡਮੁਲੀਆ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਨਿਊਟਨ ਕਲੱਬ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਇਸ ਕਲੱਬ ਦੀ ਵੈੱਬਸਾਈਟਨੂੰ ਸਰਫ ਕੀਤਾ ਜਾ ਸਕਦਾ ਹੈ। ਕਲੱਬ ਦਾ ਮੁੱਖ ਆਦਰਸ਼ ਹੈ ਕਿ ਅਸੀਂ ਇਕਜੁੱਟ ਹੋ ਕੇ ਖੇਡਾਂਗੇ ਅਤੇ ਜਿੱਤਾਂਗੇ। ਲੋੜ ਹੈ ਤਾਂ ਇਸ ਕਲੱਬ ਦੇ ਵੱਧ ਤੋਂ ਵੱਧ ਮੈਂਬਰ ਬਣਨ ਦੀ ਜਾਂ ਕਿਸੇ ਹੋਰ ਹਾਂ-ਪੱਖੀ ਤਰੀਕੇ ਨਾਲ ਸਹਿਯੋਗ ਕਰਨ ਦੀ ਤਾਂ ਕਿ ਇਸ ਦੇ ਮੋਢੀ ਸੱਜਣਾਂ ਵੱਲੋਂ ਵੇਖੇ ਇਸ ਵੱਡੇ ਸੁਪਨੇ ਨੂੰ ਨੇੜਲੇ ਭਵਿੱਖ ਅੰਦਰ ਹਕੀਕਤ ’ਚ ਬਦਲਿਆ ਜਾ ਸਕੇ। ਆਮੀਨ !

- ਜਗਜੀਤ ਸਿੰਘ ਗਣੇਸ਼ਪੁਰ

Posted By: Harjinder Sodhi