ਕੋਲੰਬੋ (ਏਜੰਸੀ) : ਕੋਲਿਨ ਡਿ ਗ੍ਰੈਂਡਹੋਮ ਅਤੇ ਬੀਜੇ ਬਾਟਲਿੰਗ ਦੇ ਨੀਮ ਸੈਂਕੜਿਆਂ ਦੀ ਮਦਦ ਨਾਲ ਨਿਊਜ਼ੀਲੈਂਡ ਨੇ ਇਥੇ ਸ੍ਰੀਲੰਕਾ ਖਿਲਾਫ਼ ਦੂਜੇ ਤੇ ਆਖਰੀ ਟੈਸਟ ਮੀਂਹ ਨਾਲ ਪ੍ਰਭਾਵਿਤ ਚੌਥੇ ਦਿਨ ਐਤਵਾਰ ਨੂੰ ਪਹਿਲੀ ਪਾਰੀ ਦੇ ਆਧਾਰ 'ਤੇ 138 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ ਹੈ।

ਦਿਨ ਦੀ ਖੇਡ ਸਮਾਪਤ ਹੋਣ ਤੱਕ ਨਿਊਜ਼ੀਲੈਂਡ ਨੇ ਆਪਣੀ ਪਹਿਲੀ ਪਾਰੀ ਵਿਚ ਪੰਜ ਵਿਕਟਾਂ 'ਤੇ 382 ਦੌੜਾਂ ਬਣਾਈਆਂ ਸਨ। ਉਸ ਸਮੇਂ ਬਾਟਲਿੰਗ 81 ਅਤੇ ਡਿ ਗ੍ਰੈਂਡਹੋਮ 83 ਦੌੜਾਂ ਬਣਾ ਕੇ ਨਾਬਾਦ ਸਨ।

ਗਾਲ ਵਿਚ ਖੇਡੇ ਗਏ ਪਹਿਲੇ ਟੈਸਟ ਨੂੰ ਗੁਆਉਣ ਵਾਲੀ ਮਹਿਮਾਨ ਕੀਵੀ ਟੀਮ ਨੂੰ ਲੜੀ ਵਿਚ ਬਰਾਬਰੀ ਹਾਸਲ ਕਰਨ ਲਈ ਇਹ ਮੈਚ ਹਰ ਹਾਲ ਵਿਚ ਜਿੱਤਣਾ ਜ਼ਰੂਰੀ ਹੈ। ਅਜਿਹੇ ਵਿਚ ਉਸ ਨੂੰ ਪੰਜਵੇਂ ਤੇ ਆਖਰੀ ਦਿਨ ਤੇਜ਼ ਬੱਲੇਬਾਜ਼ੀ ਕਰ ਕੇ ਸ੍ਰੀਲੰਕਾ ਨੂੰ ਟੀਚਾ ਦੇਣਾ ਹੋਵੇਗਾ।

ਇਸ ਟੈਸਟ ਦੇ ਪਹਿਲੇ ਦੋ ਦਿਨ ਮੀਂਹ ਕਾਰਨ ਸਿਰਫ਼ 66 ਓਵਰਾਂ ਦਾ ਖੇਡ ਹੀ ਸੰਭਵ ਹੋ ਸਕਿਆ ਸੀ। ਉਥੇ ਚੌਥੇ ਦਿਨ ਵੀ ਮੀਂਹ ਕਾਰਨ ਸਿਰਫ਼ 48 ਓਵਰ ਦੀ ਖੇਡ ਹੋ ਸਕੀ। ਤੀਜੇ ਦਿਨ ਸੈਂਕੜਾ ਪੂਰਾ ਕਰਨ ਵਾਲੇ ਟਾਮ ਲਾਥਨ ਅਤੇ ਬਾਟਲਿੰਗ ਨੇ ਚੌਥੇ ਦਿਨ ਵੀ ਦੌੜਾਂ ਬਣਾਉਣ ਦਾ ਦੌਰ ਜਾਰੀ ਰੱਖਿਆ ਅਤੇ ਦੋਵਾਂ ਨੇ ਆਪਣੀ ਟੀਮ ਨੂੰ ਸ੍ਰੀਲੰਕਾ ਦੀਆਂ 244 ਦੌੜਾਂ ਤੋਂ ਅੱਗੇ ਲੈ ਲਿਜਾ ਕੇ ਬੜ੍ਹਤ ਦਿਵਾਈ। ਇਸ ਜੋੜੀ ਨੇ ਪੰਜਵੇਂ ਵਿਕਟ ਲਈ 143 ਦੌੜਾਂ ਦੀ ਸਾਂਝੇਦਾਰੀ ਨਿਭਾਈ। ਇਹ ਸਾਂਝੇਦਾਰੀ ਲਾਥਮ ਦੇ ਲੱਤ ਅੜਿੱਕਾ ਆਊਟ ਹੋਣ 'ਤੇ ਟੁੱਟੀ ਹੈ। ਲਾਥਮ 154 ਦੌੜਾਂ ਬਣਾ ਕੇ ਆਫ ਸਪਿਨਰ ਦਿਲਰੁਵਾਨ ਪਰੇਰਾ ਦਾ ਤੀਜਾ ਸ਼ਿਕਾਰ ਬਣੇ। ਹਾਲਾਂਕਿ, ਹਰਫਨਮੌਲਾ ਡਿ ਗ੍ਰੈਂਡਹੋਮ ਨੇ ਮਹਿਮਾਨ ਗੇਂਦਬਾਜ਼ਾਂ 'ਤੇ ਕੋਈ ਰਹਿਮ ਨਹੀਂ ਵਿਖਾਇਆ ਅਤੇ 75 ਗੇਂਦਾਂ ਦੀ ਆਪਣੀ ਪਾਰੀ ਵਿਚ ਪੰਜ ਛੱਕੇ ਅਤੇ ਪੰਜ ਚੌਕੇ ਲਗਾਏ।