ਮੈਡਿ੍ਡ (ਆਈਏਐੱਨਐੱਸ) : ਵਿਸ਼ਵ ਦੇ ਨੰਬਰ ਦੋ ਟੈਨਿਸ ਖਿਡਾਰੀ ਰਾਫੇਲ ਨਡਾਲ ਦੇ ਕੋਚ ਟੋਨੀ ਨਡਾਲ ਨੇ ਕਿਹਾ ਹੈ ਕਿ ਸਪੇਨ ਦੇ ਦਿੱਗਜ ਖਿਡਾਰੀ ਇਸ ਗੱਲ ਨੂੰ ਲੈ ਕੇ ਦੁਚਿੱਤੀ ਵਿਚ ਹਨ ਕਿ ਏਟੀਪੀ ਟੂਰ ਦੀ ਸ਼ੁਰੂਆਤ ਹੋਣ 'ਤੇ ਉਹ ਕਿਸ ਟੂਰਨਾਮੈਂਟ ਵਿਚ ਖੇਡਣ ਤੇ ਕਿਸ ਵਿਚ ਨਹੀਂ। ਟੋਨੀ ਨੇ ਕਿਹਾ ਕਿ ਮੈਂ ਰਾਫੇਲ ਨਾਲ ਗੱਲ ਕੀਤੀ ਹੈ ਤੇ ਉਹ ਇਸ ਗੱਲ ਨੂੰ ਲੈ ਕੇ ਦੁਚਿੱਤੀ 'ਚ ਹਨ ਕਿ ਕਿਸ ਟੂਰਨਾਮੈਂਟ ਵਿਚ ਖੇਡਣ ਜਾਂ ਕਿਸ ਵਿਚ ਨਾ ਖੇਡਣ। ਨਡਾਲ ਫਰੈਂਚ ਓਪਨ ਤੇ ਯੂਐੱਸ ਓਪਨ ਦੇ ਮੌਜੂਦਾ ਜੇਤੂ ਹਨ। ਦੋਵੇਂ ਟੂਰਨਾਮੈਂਟ ਚਾਰ ਹਫ਼ਤੇ ਦੇ ਅੰਦਰ ਹੋਣੇ ਹਨ। ਕੋਰੋਨਾ ਵਾਇਰਸ ਕਾਰਨ ਟੈਨਿਸ ਦੀ ਖੇਡ ਨੂੰ ਵਿਚਾਲੇ ਹੀ ਰੋਕ ਦੇਣਾ ਪਿਆ ਸੀ। ਏਟੀਪੀ ਨੇ ਜੋ ਨਵਾਂ ਪ੍ਰੋਗਰਾਮ ਜਾਰੀ ਕੀਤਾ ਹੈ ਉਸ ਵਿਚ 17 ਜੂਨ ਤੋਂ ਟੈਨਿਸ ਦੀ ਬਹਾਲੀ ਦੀ ਗੱਲ ਕੀਤੀ ਗਈ ਹੈ। ਟੋਨੀ ਨੇ ਕਿਹਾ ਕਿ ਇਹ ਪ੍ਰੋਗਰਾਮ ਸਹੀ ਨਹੀਂ ਹੈ, ਖ਼ਾਸ ਕਰ ਕੇ ਸੀਨੀਅਰ ਖਿਡਾਰੀਆਂ ਲਈ ਜੋ ਲਗਾਤਾਰ ਕਈ ਹਫ਼ਤੇ ਤਕ ਖੇਡਦੇ ਹਨ। ਮੈਨੂੰ ਲਗਦਾ ਹੈ ਕਿ ਏਟੀਪੀ ਨੇ ਜੋ ਕੀਤਾ ਹੈ ਉਹ ਕਾਫੀ ਬੁਰਾ ਹੈ। ਇਹ ਫ਼ੈਸਲਾ ਪੂਰੀ ਤਰ੍ਹਾਂ ਰਾਫੇਲ ਤੇ ਜੋਕੋਵਿਕ ਖ਼ਿਲਾਫ਼ ਹੈ। ਇਨ੍ਹਾਂ ਲੋਕਾਂ ਨੇ ਟੈਨਿਸ ਲਈ ਜੋ ਕੀਤਾ ਹੈ ਉਸ ਨੂੰ ਦੇਖਦੇ ਹੋਏ ਜੋ ਏਟੀਪੀ ਨੇ ਕੀਤਾ, ਮੈਂ ਉਸ ਤੋਂ ਹੈਰਾਨ ਹਾਂ।