ਰੋਟਰਡਮ (ਪੀਟੀਆਈ) : ਭਾਰਤੀ ਮਰਦ ਹਾਕੀ ਟੀਮ ਦੀ ਐੱਫਆਈਐੱਚ ਪ੍ਰਰੋ ਲੀਗ ਖ਼ਿਤਾਬ ਜਿੱਤਣ ਦੀ ਉਮੀਦ ਐਤਵਾਰ ਨੂੰ ਇੱਥੇ ਦੋ ਗੇੜ ਦੇ ਮੁਕਾਬਲੇ ਦੇ ਦੂਜੇ ਮੈਚ ਵਿਚ ਨੀਦਰਲੈਂਡ ਖ਼ਿਲਾਫ਼ 1-2 ਦੀ ਹਾਰ ਨਾਲ ਟੁੱਟ ਗਈ। ਭਾਰਤ ਨੂੰ ਸ਼ਨਿਚਰਵਾਰ ਨੂੰ ਪਹਿਲੇ ਮੈਚ ਵਿਚ ਵੀ ਨੀਦਰਲੈਂਡ ਖ਼ਿਲਾਫ਼ ਸ਼ੂਟਆਊਟ ਵਿਚ 1-4 ਨਾਲ ਮਾਤ ਸਹਿਣੀ ਪਈ ਸੀ ਜਦਕਿ 60 ਮਿੰਟ ਦੇ ਰੈਗੂਲਰ ਸਮੇਂ ਤੋਂ ਬਾਅਦ ਦੋਵੇਂ ਟੀਮਾਂ 2-2 ਨਾਲ ਬਰਾਬਰ ਸਨ। ਖ਼ਿਤਾਬ ਜਿੱਤਣ ਦੀ ਥੋੜ੍ਹੀ ਉਮੀਦ ਕਾਇਮ ਰੱਖਣ ਲਈ ਭਾਰਤ ਨੂੰ ਨੀਦਰਲੈਂਡ ਖ਼ਿਲਾਫ਼ ਜਿੱਤ ਦਰਜ ਕਰਨ ਦੀ ਲੋੜ ਸੀ ਪਰ ਅਜਿਹਾ ਨਹੀਂ ਹੋ ਸਕਿਆ। ਨੀਦਰਲੈਂਡ ਨੇ 14 ਮੈਚਾਂ ਵਿਚ 35 ਅੰਕਾਂ ਨਾਲ ਮਰਦ ਵਰਗ ਦਾ ਖ਼ਿਤਾਬ ਜਿੱਤਿਆ ਜਦਕਿ ਅਜੇ ਦੋ ਮੁਕਾਬਲੇ ਖੇਡੇ ਜਾਣੇ ਬਾਕੀ ਹਨ। ਓਲੰਪਿਕ ਚੈਂਪੀਅਨ ਬੈਲਜੀਅਮ ਦੀ ਟੀਮ 16 ਮੈਚਾਂ ਵਿਚ 35 ਅੰਕ ਲੈ ਕੇ ਦੂਜੇ ਸਥਾਨ 'ਤੇ ਰਹੀ ਜਦਕਿ ਭਾਰਤ ਨੇ 16 ਮੈਚਾਂ ਵਿਚ 30 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ।

Posted By: Gurinder Singh