ਕੌਮਾਂਤਰੀ ਪੱਧਰ ਤਕ ਖੇਡ ਕੇ ਨਾਮਣਾ ਖੱਟਣ ਵਾਲੀ ਮਾਲਵੇ ਦੇ ਬਠਿੰਡਾ ਜ਼ਿਲ੍ਹੇ ਦੇ ਕਸਬੇ ਭਾਈਰੂਪਾ ਦੀ ਹੋਣਹਾਰ ਖਿਡਾਰਨ ਨਵਪ੍ਰੀਤ ਕੌਰ ਨੂੰ ਭਾਰਤੀ ਅਥਲੈਟਿਕਸ ਫੈਡਰੇਸ਼ਨ ਵੱਲੋਂ ਭਾਰਤੀ ਅਥਲੈਟਿਕਸ ਟੀਮ ਦੀ ਕੋਚ ਨਿਯੁਕਤ ਕਰ ਦਿੱਤਾ ਗਿਆ ਹੈ। ਇਸ ਨਾਲ ਹੁਣ ਜ਼ਿਲ੍ਹੇ ਦਾ ਸਿਰ ਹੋਰ ਮਾਣ ਨਾਲ ਉੱਚਾ ਹੋ ਗਿਆ ਹੈ। ਦੱਸਣਯੋਗ ਹੈ ਕਿ ਉਕਤ ਖਿਡਾਰਨ ਨੇ ਹੁਣ ਤਕ ਵਿਦੇਸ਼ ਵਿਚ ਖੇਡ ਕੇ ਆਪਣਾ ਲੋਹਾ ਮਨਵਾਇਆ ਹੈ ਜਿਸ ਦੇ ਆਧਾਰ 'ਤੇ ਮੌਜੂਦਾ ਸਮੇਂ ਪੰਜਾਬ ਪੁਲਿਸ ਵਿਚ ਉਹ ਏਐੱਸਆਈ ਦੇ ਅਹੁਦੇ 'ਤੇ ਸੇਵਾ ਨਿਭਾਅ ਰਹੀ ਹੈ। ਮਾਲਵੇ ਦੀ ਇਸ ਮੁਟਿਆਰ ਖਿਡਾਰਨ ਦੇ ਟੀਮ ਦੇ ਕੋਚ ਚੁਣੇ ਜਾਣ 'ਤੇ ਇਲਾਕੇ ਦੇ ਲੋਕਾਂ ਵਿਚ ਖੁਸ਼ੀ ਦਾ ਰੌਂਅ ਹੈੇ ਅਤੇ ਇਲਾਕਾ ਵਾਸੀ ਹੁਣ ਉਸ 'ਤੇ ਫਖ਼ਰ ਮਹਿਸੂਸ ਕਰ ਰਹੇ ਹਨ। ਨਵਪ੍ਰੀਤ ਕੌਰ ਨੇ ਭਾਰਤ ਦੇ ਨਾਲ-ਨਾਲ ਹੋਰ ਦੇਸ਼-ਵਿਦੇਸ਼ ਵਿਚ ਖੇਡ ਕੇ ਇੱਥੋਂ ਦਾ ਨਾਮ ਰੌਸ਼ਨ ਕੀਤਾ ਹੈ। ਤੀਜੀ ਏਸ਼ੀਅਨ ਇਨਡੋਰ ਗੇਮਜ਼ 2009 ਵੀਅਤਨਾਮ, ਕਾਨਵੈਲਥ ਗੇਮਜ਼ 2010, ਏਸ਼ੀਅਨ ਇਨਡੋਰ ਗੇਮਜ਼ 2012-13 ਚੀਨ ਅਤੇ ਪੂਣੇ ਵਿਖੇ ਭਾਗ ਲੈ ਚੁੱਕੀ ਹੈ। ਇਸ ਤੋਂ ਇਲਾਵਾ ਕੈਨੇਡਾ ਵਿਖੇ ਹੋਈਆਂ ਵਰਲਡ ਪੁਲਿਸ ਗੇਮਜ਼ ਵਿਚ ਵੀ ਗੋਲਡ ਮੈਡਲ ਹਾਸਲ ਕੀਤਾ ਹੈ। ਭਾਰਤੀ ਟੀਮ ਦਾ ਕੈਂਪ ਐੱਨਆਈਐੱਸ ਪਟਿਆਲਾ ਵਿਖੇ ਲੱਗਾ ਹੈ। ਇਹ ਕੈਂਪ ਟੋਕੀਓ ਵਿਖੇ 2020 ਤਕ ਹੋਣ ਵਾਲੀਆਂ ਓਲੰਪਿਕਸ ਤਕ ਜਾਰੀ ਰਹੇਗਾ।