ਪੋਰਤੋ (ਏਐੱਫਪੀ) : ਪੁਰਤਗਾਲ ਦੀ ਫੁੱਟਬਾਲ ਟੀਮ ਨੇ ਗੋਂਸਾਲੋ ਗਿਊਡਿਸ ਦੇ ਇੱਕੋ-ਇਕ ਗੋਲ ਦੇ ਦਮ 'ਤੇ ਨੀਦਰਲੈਂਡ ਨੂੰ 1-0 ਨਾਲ ਹਰਾ ਕੇ ਪਹਿਲੇ ਯੂਏਫਾ ਨੇਸ਼ਨਜ਼ ਲੀਗ ਦਾ ਖ਼ਿਤਾਬ ਆਪਣੇ ਨਾਂ ਕੀਤਾ। ਪੁਰਤਗਾਲ ਨੇ 2016 ਵਿਚ ਯੂਰੋ ਕੱਪ ਦਾ ਖ਼ਿਤਾਬ ਜਿੱਤਣ ਤੋਂ ਬਾਅਦ ਇਹ ਪਹਿਲਾ ਖ਼ਿਤਾਬ ਜਿੱਤਿਆ ਹੈ। ਵਿਰਗਿਲ ਵਾਨ ਡਿਜਕ ਤੇ ਮੈਥਿਜਸ ਡੀ ਲਿਟ ਦੀ ਅਗਵਾਈ ਵਿਚ ਡਚ ਟੀਮ ਨੇ ਪੁਰਤਗਾਲ ਦੇ ਸੁਪਰ ਸਟਾਰ ਕ੍ਰਿਸਟੀਆਨੋ ਰੋਨਾਲਡੋ ਨੂੰ ਗੋਲ ਕਰਨ ਤੋਂ ਵਾਂਝਾ ਰੱਖਿਆ ਪਰ ਵੇਲੇਂਸੀਆ ਦੇ ਸਟ੍ਰਾਈਕਰ ਗਿਊਡਿਸ ਨੇ ਖੇਡ ਦੇ 60ਵੇਂ ਮਿੰਟ ਵਿਚ ਆਪਣੀ ਦਮਦਾਰ ਕਿੱਕ ਨਾਲ ਗੋਲ ਕਰ ਕੇ ਪੁਰਤਗਾਲ ਨੂੰ ਬੜ੍ਹਤ ਦਿਵਾਈ ਜੋ ਫ਼ੈਸਲਾਕੁਨ ਸਾਬਤ ਹੋਈ। ਪੁਰਤਗਾਲ ਲਈ ਇਹ ਗਿਊਡਿਸ ਦਾ ਕੁੱਲ 17 ਮੁਕਾਬਲਿਆਂ ਵਿਚ ਚੌਥਾ ਗੋਲ ਰਿਹਾ। ਪੁਰਤਗਾਲ ਦੇ ਬੇਨਾਰਡੋ ਸਿਲਵਾ ਨੂੰ ਟੂਰਨਾਮੈਂਟ ਦਾ ਸਰਬੋਤਮ ਖਿਡਾਰੀ ਚੁਣਿਆ ਗਿਆ। ਉਥੇ ਰੋਨਾਲਡੋ ਨੇ ਆਪਣੇ ਕਰੀਅਰ ਦਾ ਕੁੱਲ 29ਵਾਂ ਖ਼ਿਤਾਬ ਹਾਸਲ ਕੀਤਾ। ਫਾਈਨਲ ਵਿਚ ਨੀਦਰਲੈਂਡ 'ਤੇ ਜਿੱਤ ਤੋਂ ਬਾਅਦ ਪੁਰਤਗਾਲ ਦੇ ਕੋਚ ਫਰਨਾਂਡੋ ਸਾਂਤੋਸ ਨੇ ਕਿਹਾ ਕਿ ਟੂਰਨਾਮੈਂਟ ਦੇ ਪਹਿਲੇ ਜੇਤੂ ਦਾ ਨਾਂ ਇਤਿਹਾਸ ਵਿਚ ਦਰਜ ਹੋ ਜਾਵੇਗਾ। ਖ਼ੁਸ਼ੀ ਦੀ ਗੱਲ ਹੈ ਕਿ ਅਸੀਂ ਇਸ ਟੂਰਨਾਮੈਂਟ ਦਾ ਪਹਿਲਾ ਐਡੀਸ਼ਨ ਜਿੱਤਿਆ। ਹੁਣ ਸਾਨੂੰ ਅੱਗੇ ਵੀ ਆਪਣਾ ਕੰਮ ਜਾਰੀ ਰੱਖਣਾ ਪਵੇਗਾ ਤੇ ਦੂਜੇ ਟੀਚਿਆਂ ਦੀ ਭਾਲ ਜਾਰੀ ਰੱਖਣੀ ਪਵੇਗੀ। ਓਧਰ ਖ਼ਿਤਾਬੀ ਜਿੱਤ ਤੋਂ ਬਾਅਦ ਰੋਨਾਲਡੋ ਨੇ ਫਿਲਹਾਲ ਸੰਨਿਆਸ ਲੈਣ ਦੀਆਂ ਖ਼ਬਰਾਂ ਨੂੰ ਖ਼ਾਰਜ ਕੀਤਾ ਹੈ ਤੇ ਕਿਹਾ ਕਿ ਪੁਰਤਗਾਲ ਨੇ 2016 ਵਿਚ ਯੂਰੋ ਕੱਪ ਦੇ ਰੂਪ ਵਿਚ ਅਹਿਮ ਖ਼ਿਤਾਬ ਜਿੱਤਿਆ ਸੀ ਤੇ ਹੁਣ ਨੇਸ਼ਨਜ਼ ਲੀਗ ਦਾ ਖ਼ਿਤਾਬ ਜਿੱਤਿਆ ਹੈ। ਇਹ ਆਸਾਨ ਦਿਖਾਈ ਦੇ ਰਿਹਾ ਹੋਵੇਗਾ ਪਰ ਇਹ ਮੁਸ਼ਕਲ ਸੀ। ਇਸ ਲਈ ਬਹੁਤ ਸਮਰਪਣ ਤੇ ਚਾਹਤ ਦੀ ਲੋੜ ਹੁੰਦੀ ਹੈ। ਜਦ ਤਕ ਮੈਂ ਮਜ਼ਬੂਤ ਹਾਂ ਤੇ ਮੇਰਾ ਮਨੋਬਲ ਵਧਿਆ ਹੋਇਆ ਹੈ ਤਦ ਤਕ ਮੈਂ ਪੁਰਤਗਾਲ ਵੱਲੋਂ ਖੇਡਣਾ ਜਾਰੀ ਰੱਖਾਂਗਾ।

ਤੀਜੇ ਸਥਾਨ 'ਤੇ ਰਿਹਾ ਇੰਗਲੈਂਡ :

ਨੇਸ਼ਨਜ਼ ਲੀਗ ਵਿਚ ਐਤਵਾਰ ਨੂੰ ਇੰਗਲੈਂਡ ਨੇ ਸਵਿਟਜ਼ਰਲੈਂਡ ਨੂੰ ਪੈਨਲਟੀ ਸ਼ੂਟਆਊਟ ਵਿਚ 6-5 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਤੈਅ ਸਮੇਂ ਤਕ ਦੋਵੇਂ ਟੀਮਾਂ ਗੋਲ ਰਹਿਤ (0-0) ਨਾਲ ਬਰਾਬਰੀ 'ਤੇ ਸਨ। ਇੰਗਲੈਂਡ ਦੀ ਟੀਮ ਲਗਾਤਾਰ ਦੂਜੇ ਵੱਡੇ ਟੂਰਨਾਮੈਂਟ ਦੇ ਸੈਮੀਫਾਈਨਲ ਤਕ ਪੁੱਜਣ ਵਿਚ ਕਾਮਯਾਬ ਰਹੀ। ਇਸ ਤੋਂ ਪਹਿਲਾਂ ਇੰਗਲੈਂਡ 2018 ਫੀਫਾ ਵਿਸ਼ਵ ਕੱਪ ਸੈਮੀਫਾਈਨਲ ਵਿਚ ਪੁੱਜੀ ਸੀ। ਹਾਲਾਂਕਿ ਇੰਗਲੈਂਡ ਦੇ ਕੋਚ ਗੇਰੇਥ ਸਾਊਥਗੇਟ ਆਪਣੀ ਟੀਮ ਦੇ ਸੈਮੀਫਾਈਨਲ ਵਿਚ ਪੁੱਜਣ ਨਾਲ ਸੰਤੁਸ਼ਟ ਨਹੀਂ ਹਨ ਤੇ ਉਨ੍ਹਾਂ ਨੇ ਆਪਣੇ ਖਿਡਾਰੀਆਂ ਨੂੰ ਇਸ ਤੋਂ ਬਿਹਤਰ ਕਰਨ ਲਈ ਕਿਹਾ ਹੈ।