ਨਵੀਂ ਦਿੱਲੀ (ਪੀਟੀਆਈ) : ਲਖਨਊ 'ਚ 27 ਅਪ੍ਰੈਲ ਤੋਂ ਤਿੰਨ ਮਈ ਤਕ ਹੋਣ ਵਾਲੀ 84ਵੀਂ ਸੀਨੀਅਰ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਕੋਵਿਡ-19 ਮਹਾਮਾਰੀ ਕਾਰਨ ਫ਼ਿਲਹਾਲ ਟਾਲ਼ ਦਿੱਤੀ ਗਈ ਹੈ। ਭਾਰਤੀ ਬੈਡਮਿੰਟਨ ਸੰਘ (ਬਾਈ) ਨੇ ਸਾਰੇ ਸੂਬਾਈ ਸਕੱਤਰਾਂ ਨੂੰ ਲਖਨਊ ਦੀ ਟਿਕਟ ਨਾ ਕਟਵਾਉਣ ਲਈ ਕਿਹਾ ਹੈ। ਬਾਈ ਦੇ ਅਜੇ ਸਿੰਘਾਨੀਆ ਨੇ ਕਿਹਾ ਕਿ ਅਸੀਂ ਕੋਰੋਨਾ ਵਾਇਰਸ ਕਾਰਨ ਫ਼ਿਲਹਾਲ 84ਵੀਂ ਸੀਨੀਅਰ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਤੇ 74ਵੀਂ ਅੰਤਰ ਰਾਜ, ਅੰਤਰ ਖੇਤਰ ਚੈਂਪੀਅਨਸ਼ਿਪ ਟਾਲ਼ ਦਿੱਤੀ ਹੈ। ਅਸੀਂ ਸੂਬਾਈ ਸਕੱਤਰਾਂ ਨੂੰ ਲਖਨਊ ਦੀ ਟਿਕਟ ਨਾ ਕਟਾਉਣ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਚ 31 ਮਾਰਚ ਤਕ ਲਾਕਡਾਊਨ ਹੈ ਤੇ ਅਸੀਂ ਆਪਣੇ ਖਿਡਾਰੀਆਂ ਜਾਂ ਅਧਿਕਾਰੀਆਂ ਨੂੰ ਜੋਖ਼ਮ ਵਿਚ ਨਹੀਂ ਪਾ ਸਕਦੇ। ਅਸੀਂ ਇਕ ਅਪ੍ਰਰੈਲ ਨੂੰ ਇਸ 'ਤੇ ਫ਼ੈਸਲਾ ਲਵਾਂਗੇ। ਬਾਈ ਨੇ ਆਪਣੇ ਕਾਰਜਕਾਰੀ ਕੌਂਸਲ ਦੇ ਮੈਂਬਰਾਂ ਤੋਂ ਇਸ 'ਤੇ ਰਾਏ ਮੰਗੀ ਸੀ ਤੇ ਜ਼ਿਆਦਾਤਰ ਨੇ ਟੂਰਨਾਮੈਂਟ ਮੁਲਤਵੀ ਕਰਨ ਦਾ ਸੁਝਾਅ ਦਿੱਤਾ ਹੈ। ਉਥੇ ਬਾਈ ਨੇ ਆਪਣੇ ਖਿਡਾਰੀਆਂ ਤੇ ਅਧਿਕਾਰੀਆਂ ਨੂੰ ਕੋਵਿਡ-19 ਤੋਂ ਬਚਣ ਲਈ ਘਰਾਂ ਵਿਚ ਰਹਿਣ ਤੇ ਸਕਾਰਾਤਮਕਤਾ ਬਣਾਈ ਰੱਖਣ ਦੀ ਬੇਨਤੀ ਕੀਤੀ ਹੈ। ਕੋਰੋਨਾ ਵਾਇਰਸ ਕਾਰਨ ਹੁਣ ਤਕ ਦੁਨੀਆ ਵਿਚ 16000 ਲੋਕ ਮਾਰੇ ਜਾ ਚੁੱਕੇ ਹਨ ਜਦਕਿ ਪੀੜਤ ਲੋਕਾਂ ਦੀ ਗਿਣਤੀ ਚਾਰ ਲੱਖ ਤੋਂ ਪਾਰ ਹੈ।

ਘਰਾਂ 'ਚ ਬੰਦ ਰਹਿਣਾ ਇਕਲੌਤਾ ਉਪਾਅ

ਬਾਈ ਸਕੱਤਰ ਅਜੇ ਸਿੰਘਾਨੀਆ ਨੇ ਕਿਹਾ ਕਿ ਪੂਰੀ ਦੁਨੀਆ ਕੋਵਿਡ-19 ਨਾਲ ਲੜ ਰਹੀ ਹੈ। ਇਸ ਕਾਰਨ ਘਰਾਂ ਵਿਚ ਬੰਦ ਰਹਿਣਾ ਹੀ ਇੱਕੋ ਇਕ ਉਪਾਅ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਖਿਡਾਰੀਆਂ, ਤਕਨੀਕੀ ਅਧਿਕਾਰੀਆਂ ਤੇ ਬੈਡਮਿੰਟਨ ਪ੍ਰਸ਼ੰਸਕਾਂ ਦੀ ਸਿਹਤ ਨੂੰ ਲੈ ਕੇ ਫ਼ਿਕਰਮੰਦ ਹਾਂ। ਆਪਣੀ ਤੇ ਆਪਣੇ ਦੋਸਤਾਂ-ਮਿੱਤਰਾਂ, ਰਿਸ਼ਤੇਦਾਰਾਂ ਦੀ ਸੁਰੱਖਿਆ ਲਈ ਘਰਾਂ ਵਿਚ ਹੀ ਰਹੋ। ਵਿਸ਼ਵ ਬੈਡਮਿੰਟਨ ਮਹਾਸੰਘ ਨੇ ਇਸ ਮਹਾਮਾਰੀ ਕਾਰਨ ਸਾਰੇ ਟੂਰਨਾਮੈਂਟ 12 ਅਪ੍ਰਰੈਲ ਤਕ ਮੁਲਤਵੀ ਕਰ ਦਿੱਤੇ ਹਨ।