ਮੈਲਬੌਰਨ (ਏਪੀ) : ਨੌਜਵਾਨ ਸਨਸਨੀ ਨਾਓਮੀ ਓਸਾਕਾ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਦੇ ਹੋਏ ਇੱਥੇ ਸ਼ਨਿਚਰਵਾਰ ਨੂੰ ਆਸਟ੍ਰੇਲੀਅਨ ਓਪਨ ਵਿਚ ਮਹਿਲਾ ਸਿੰਗਲਜ਼ ਦਾ ਖ਼ਿਤਾਬੀ ਮੁਕਾਬਲਾ ਜਿੱਤ ਲਿਆ। 23 ਸਾਲਾ ਓਸਾਕਾ ਦੇ ਖ਼ਿਤਾਬੀ ਸਫ਼ਰ ਵਿਚ ਅਮਰੀਕੀ ਦਿੱਗਜ ਸੇਰੇਨਾ ਵਿਲੀਅਮਜ਼ ਅੜਿੱਕਾ ਬਣ ਸਕਦੀ ਸੀ ਪਰ ਜਾਪਾਨੀ ਖਿਡਾਰਨ ਨੇ ਉਨ੍ਹਾਂ ਨੂੰ ਸੈਮੀਫਾਈਨਲ ਵਿਚ ਹੀ ਹਰਾ ਕੇ ਆਪਣਾ ਅਗਲਾ ਰਾਹ ਸਾਫ਼ ਕਰ ਦਿੱਤਾ ਸੀ। ਓਸਾਕਾ ਦਾ ਸੇਰੇਨਾ ਨੂੰ ਮਾਤ ਦੇਣ ਤੋਂ ਬਾਅਦ ਫਾਈਨਲ ਵਿਚ ਜਿੱਤਣਾ ਲਗਭਗ ਤੈਅ ਮੰਨਿਆ ਜਾ ਰਿਹਾ ਸੀ ਕਿਉਂਕਿ ਉਨ੍ਹਾਂ ਦੀ ਵਿਰੋਧੀ ਖਿਡਾਰਨ ਜੇਨੀਫਰ ਬਰਾਡੀ ਲਈ ਇਹ ਮੁਕਾਬਲਾ ਜਿੱਤਣਾ ਕਾਫੀ ਮੁਸ਼ਕਲ ਕੰਮ ਸੀ। ਫਾਈਨਲ ਮੈਚ ਵਿਚ ਓਸਾਕਾ ਨੇ ਸਿੱਧੇ ਸੈੱਟਾਂ ਵਿਚ ਬਰਾਡੀ ਨੂੰ 6-4, 6-3 ਨਾਲ ਮਾਤ ਦੇ ਕੇ ਦੂਜੀ ਵਾਰ ਆਸਟ੍ਰੇਲੀਅਨ ਓਪਨ ਦੀ ਖ਼ਿਤਾਬੀ ਟਰਾਫੀ ਆਪਣੇ ਨਾਂ ਕੀਤੀ। ਹੁਣ ਓਸਾਕਾ ਲਈ ਅਗਲਾ ਕੰਮ ਕਲੇ ਕੋਰਟ ਤੇ ਗ੍ਰਾਸ ਕੋਰਟ 'ਤੇ ਆਪਣੇ ਪ੍ਰਦਰਸ਼ਨ ਵਿਚ ਸੁਧਾਰ ਕਰਨਾ ਹੋਵੇਗਾ ਕਿਉਂਕਿ ਉਹ ਫਰੈਂਚ ਓਪਨ ਜਾਂ ਵਿੰਬਲਡਨ ਵਿਚ ਤੀਜੇ ਗੇੜ ਤੋਂ ਅੱਗੇ ਨਹੀਂ ਪੁੱਜ ਸਕੀ ਹੈ। ਜਾਪਾਨੀ ਖਿਡਾਰਨ ਦਾ ਟੂਰਨਾਮੈਂਟ ਵਿਚ ਦਮਦਾਰ ਪ੍ਰਦਰਸ਼ਨ ਰਿਹਾ। ਇਸ ਖਿਡਾਰੀ ਨੇ ਪੂਰੇ ਟੂਰਨਾਮੈਂਟ ਵਿਚ ਸਿਰਫ਼ ਚੌਥੇ ਗੇੜ ਦੇ ਮੈਚ ਨੂੰ ਛੱਡ ਕੇ ਹੋਰ ਮੈਚ ਸਿੱਧੇ ਸੈੱਟਾਂ ਵਿਚ ਹੀ ਜਿੱਤੇ ਹਨ। ਚੌਥੇ ਗੇੜ ਵਿਚ ਓਸਾਕਾ ਨੂੰ ਮੁਗੁਰੂਜਾ ਖ਼ਿਲਾਫ਼ ਪਹਿਲਾ ਸੈੱਟ ਗੁਆਉਣਾ ਪਿਆ ਸੀ ਪਰ ਜਾਪਾਨੀ ਖਿਡਾਰਨ ਨੇ ਸ਼ਾਨਦਾਰ ਵਾਪਸੀ ਕਰ ਕੇ ਜਿੱਤੇ ਹਾਸਲ ਕੀਤੀ ਤੇ ਟੂਰਨਾਮੈਂਟ ਵਿਚ ਖ਼ੁਦ ਨੂੰ ਬਣਾਈ ਰੱਖਿਆ। ਓਸਾਕਾ ਨੇ ਗਰੈਂਡ ਸਲੈਮ ਵਿਚ ਅੱਠਵੀ ਵਾਰ ਖੇਡਦੇ ਹੋਏ ਚੌਥਾ ਖ਼ਿਤਾਬ ਜਿੱਤਿਆ। ਉਨ੍ਹਾਂ ਨੇ ਫਾਈਨਲ ਵਿਚ ਲਗਾਤਾਰ ਛੇ ਗੇਮਾਂ ਹਾਸਲ ਕਰ ਕੇ ਜਿੱਤ ਦਰਜ ਕੀਤੀ। ਆਪਣੀ ਮਜ਼ਬੂਤ ਸਰਵਿਸ ਨਾਲ ਓਸਾਕਾ ਨੇ ਛੇ ਏਸ ਲਾ ਕੇ ਮੇਜਰ ਫਾਈਨਲਜ਼ ਦਾ ਸਕੋਰ 4-0 ਕੀਤਾ ਤੇ ਮੋਨਿਕਾ ਸੇਲੇਸ ਦੇ 30 ਸਾਲ ਪਹਿਲਾਂ ਇਸ ਤਰ੍ਹਾਂ ਨਾਲ ਆਪਣਾ ਕਰੀਅਰ ਸ਼ੁਰੂ ਕਰਨ ਤੋਂ ਬਾਅਦ ਉਹ ਅਜਿਹਾ ਕਰਨ ਵਾਲੀ ਪਹਿਲੀ ਮਹਿਲਾ ਖਿਡਾਰਨ ਹੈ। ਮੇਜ਼ਰ ਫਾਈਨਲਜ਼ ਦਾ ਮਤਲਬ ਇਹ ਹੈ ਕਿ ਓਸਾਕਾ ਚਾਰ ਵਾਰ ਗਰੈਂਡ ਸਲੈਮ ਦੇ ਫਾਈਨਲਜ਼ ਵਿਚ ਪੁੱਜੀ ਹੈ ਤੇ ਹਰ ਵਾਰ ਉਨ੍ਹਾਂ ਨੇ ਖ਼ਿਤਾਬ ਆਪਣੇ ਨਾਂ ਕੀਤਾ ਹੈ।

ਬਰਾਡੀ ਦਾ ਸੀ ਪਹਿਲਾ ਗਰੈਂਡ ਸਲੈਮ ਫਾਈਨਲ :

ਉਥੇ 25 ਸਾਲਾ ਅਮਰੀਕੀ ਖਿਡਾਰਨ ਬਰਾਡੀ ਆਪਣਾ ਪਹਿਲਾ ਗਰੈਂਡ ਸਲੈਮ ਫਾਈਨਲ ਖੇਡ ਰਹੀ ਸੀ। ਜਦ ਉਹ ਜਨਵਰੀ ਵਿਚ ਆਸਟ੍ਰੇਲੀਆ ਆਈ ਤਾਂ ਉਨ੍ਹਾਂ ਨੂੰ ਫਲਾਈਟ ਵਿਚ ਕਿਸੇ ਦੇ ਕੋਵਿਡ-19 ਪਾਜ਼ੇਟਿਵ ਆਉਣ ਕਾਰਨ 14 ਦਿਨ ਦੇ ਸਖ਼ਤ ਕੁਆਰੰਟਾਈਨ 'ਚੋਂ ਲੰਘਣਾ ਪਿਆ ਸੀ। ਸਟੇਡੀਅਮ ਵਿਚ ਲਗਭਗ 7500 ਦਰਸ਼ਕਾਂ ਨੂੰ ਬੈਠਣ ਦੀ ਇਜਾਜ਼ਤ ਦਿੱਤੀ ਗਈ ਜਦਕਿ ਕੋਵਿਡ-19 ਲਾਕਡਾਊਨ ਕਾਰਨ ਪੰਜ ਦਿਨ ਤਕ ਟੂਰਨਾਮੈਂਟ ਦੇ ਸ਼ੁਰੂ ਵਿਚ ਦਰਸ਼ਕਾਂ ਦਾ ਪ੍ਰਵੇਸ਼ ਬੰਦ ਕਰ ਦਿੱਤਾ ਗਿਆ ਸੀ। ਸਿਰਫ਼ ਦੋ ਸਰਗਰਮ ਮਹਿਲਾ ਖਿਡਾਰਨਾਂ ਕੋਲ ਹੀ ਓਸਾਕਾ ਤੋਂ ਜ਼ਿਆਦਾ ਗਰੈਂਡ ਸਲੈਮ ਖ਼ਿਤਾਬ ਹਨ ਤੇ ਉਹ ਹਨ ਸੇਰੇਨਾ ਵਿਲੀਅਮਜ਼ (23) ਤੇ ਉਨ੍ਹਾਂ ਦੀ ਵੱਡੀ ਭੈਣ ਵੀਨਸ ਵਿਲੀਅਮਜ਼ (ਸੱਤ)।

Posted By: Susheel Khanna