ਲੰਡਨ (ਆਈਏਐੱਨਐੱਸ) : ਵਿਸ਼ਵ ਦੇ ਨੰਬਰ ਦੋ ਟੈਨਿਸ ਖਿਡਾਰੀ ਰਾਫੇਲ ਨਡਾਲ ਏਟੀਪੀ ਫਾਈਨਲਜ਼ ਦੇ ਪਹਿਲੇ ਦੌਰ 'ਚ ਜਿੱਤਣ 'ਚ ਸਫ਼ਲ ਰਹੇ। ਨਡਾਲ ਨੇ ਰੂਸ ਦੇ ਆਂਦਰੇ ਰੂਬਲੇਵ ਨੂੰ ਇਕ ਘੰਟੇ 18 ਮਿੰਟ ਤਕ ਚੱਲੇ ਮੈਚ 'ਚ 6-3, 6-4 ਨਾਲ ਹਰਾਇਆ। ਜਿੱਤ ਤੋਂ ਬਾਅਦ ਨਡਾਲ ਨੇ ਕਿਹਾ, 'ਚੰਗੀ ਸ਼ੁਰੂਆਤ ਕਰਨਾ ਕਾਫੀ ਅਹਿਮ ਹੈ, ਜ਼ਾਹਿਰ ਹੈ ਕਿ ਇਹ ਆਤਮ-ਵਿਸ਼ਵਾਸ ਲਈ ਅਹਿਮ ਹੈ ਤੇ ਸਿੱਧੇ ਸੈੱਟਾਂ 'ਚ ਜਿੱਤਣ ਨਾਲ ਮਦਦ ਮਿਲਦੀ ਹੈ। ਮੈਂ ਸ਼ਾਨਦਾਰ ਸਰਵਿਸ ਕੀਤੀ। ਮੈਂ ਜ਼ਿਆਦਾ ਪਰੇਸ਼ਾਨ ਨਹੀਂ ਹੋਇਆ।' ਨਡਾਲ ਨੂੰ ਪਹਿਲੀ ਵਾਰ ਟੂਰਨਾਮੈਂਟ 'ਚ ਖੇਡ ਰਹੇ ਰੂਬਲੇਵ ਨੂੰ ਹਰਾਉਣ ਲਈ ਕਾਫੀ ਪਸੀਨਾ ਵਹਾਉਣਾ ਪਿਆ ਤੇ ਉਨ੍ਹਾਂ ਇਹ ਮੈਚ ਇਕ ਘੰਟੇ ਤੇ 18 ਮਿੰਟ 'ਚ ਜਿੱਤ ਲਿਆ। ਨਡਾਲ ਪਹਿਲੀ ਵਾਲ ਏਟੀਪੀ ਫਾਈਨਲਜ਼ ਜਿੱਤ ਕੇ ਸੈਸ਼ਨ ਦਾ ਸ਼ਾਨਦਾਰ ਅੰਤ ਕਰਨਾ ਚਾਹੁੰਦੇ ਹਨ।

ਨਡਾਲ ਅਗਲੇ ਦੌਰ 'ਚ ਯੂਐੱਸ ਓਪਨ ਜੇਤੂ ਤੇ ਟੂਰਨਾਮੈਂਟ ਦੇ ਪਿਛਲੇ ਦੇ ਸਾਲ ਦੇ ਉਪ-ਜੇਤੂ ਥਿਏਮ ਦਾ ਸਾਹਮਣਾ ਕਰਨਗੇ ਜਿਨ੍ਹਾਂ ਨੇ ਸਟੇਫਾਨੋਸ ਸਿਤਸਿਪਾਸ ਨੂੰ 7-6, 4-6, 6-3 ਨਾਲ ਹਰਾਇਆ। ਉਨ੍ਹਾਂ ਕਿਹਾ ਕਿ ਮੈਂ ਇਸ ਮੈਚ ਲਈ ਤਿਆਰ ਹਾਂ। ਇਹ ਇਕ ਵੱਡੀ ਚੁਣੌਤੀ ਹੋਣ ਵਾਲੀ ਹੈ।

Posted By: Susheel Khanna