ਮੈਡਰਿਡ (ਏਐੱਫਪੀ) : ਗਰੀਸ ਦੇ ਸ਼ਾਨਦਾਰ ਟੈਨਿਸ ਖਿਡਾਰੀ ਸਟੇਫਾਨੋਸ ਸਿਤਸਿਪਾਸ ਨੇ ਮੈਡਰਿਡ ਓਪਨ ਦੇ ਸੈਮੀਫਾਈਨਲ ਵਿਚ ਸਪੇਨ ਦੇ ਦਿੱਗਜ ਰਾਫੇਲ ਨਡਾਲ ਨੂੰ ਹਰਾ ਕੇ ਉਲਟਫੇਰ ਕਰਦੇ ਹੋਏ ਫਾਈਨਲ ਵਿਚ ਥਾਂ ਪੱਕੀ ਕੀਤੀ ਜਿੱਥੇ ਉਨ੍ਹਾਂ ਦਾ ਮੁਕਾਬਲਾ ਵਿਸ਼ਵ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਕ ਨਾਲ ਹੋਵੇਗਾ। ਮੁਕਾਬਲੇ ਤੋਂ ਪਹਿਲਾਂ ਨਡਾਲ ਨੂੰ ਜਿੱਤ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ 20 ਸਾਲ ਦੇ ਖਿਡਾਰੀ ਨੇ ਉਨ੍ਹਾਂ ਨੂੰ 6-4, 2-6, 6-3 ਨਾਲ ਮਾਤ ਦਿੱਤੀ। ਇਸ ਜਿੱਤ ਨਾਲ ਹੀ ਸਿਤਸਿਪਾਸ ਨੇ ਚੌਥੀ ਵਾਰ ਏਟੀਪੀ ਫਾਈਨਲ ਵਿਚ ਥਾਂ ਪੱਕੀ ਕੀਤੀ। ਇਕ ਹੋਰ ਸੈਮੀਫਾਈਨਲ ਵਿਚ ਜੋਕੋਵਿਕ ਨੇ ਡੋਮੀਨਿਕ ਥਿਏਮ ਦੀ ਚੁਣੌਤੀ ਨੂੰ ਰੋਮਾਂਚਕ ਮੁਕਾਬਲੇ ਵਿਚ 7-6, 7-6 ਨਾਲ ਸਮਾਪਤ ਕੀਤਾ। ਮੈਚ ਤੋਂ ਬਾਅਦ ਸਿਤਸਿਪਾਸ ਨੇ ਕਿਹਾ ਕਿ ਇਹ ਮੇਰੇ ਲਈ ਬਹੁਤ ਮਾਅਨੇ ਰੱਖਦਾ ਹੈ। ਮੈਂ ਬਹੁਤ ਖ਼ੁਸ਼ ਹਾਂ ਕਿ ਮੈਂ ਖ਼ੁਦ ਨੂੰ ਸਾਬਤ ਕਰ ਸਕਿਆ। ਮੈਂ ਇਸ ਸਾਲ ਦਾ ਸਭ ਤੋਂ ਬਿਹਤਰੀਨ ਮੈਚ ਖੇਡਿਆ। ਨਡਾਲ ਖ਼ਿਲਾਫ਼ ਜਿੱਤ ਇਕ ਸ਼ਾਨਦਾਰ ਅਹਿਸਾਸ ਹੈ।

ਸੈਮੀਫਾਈਨਲ 'ਚ ਹਾਰੀ ਅੰਕਿਤਾ

ਨਵੀਂ ਦਿੱਲੀ (ਪੀਟੀਆਈ) : ਭਾਰਤੀ ਟੈਨਿਸ ਖਿਡਾਰੀ ਅੰਕਿਤਾ ਰੈਣਾ ਨੇ ਹੌਲੀ ਸ਼ੁਰੂਆਤ ਤੋਂ ਬਾਅਦ ਵਾਪਸੀ ਕੀਤੀ ਪਰ ਉਹ ਚੀਨ ਦੇ ਲੁਆਨ 'ਚ ਚੱਲ ਰਹੇ ਆਈਟੀਐੱਫ ਮਹਿਲਾ ਸਿੰਗਲਜ਼ ਦੇ ਸੈਮੀਫਾਈਨਲ ਮੁਕਾਬਲੇ ਵਿਚ ਸਥਾਨਕ ਖਿਡਾਰਨ ਿਯੰਗ ਿਯੰਗ ਦੁਆਨ ਹੱਥੋਂ 3-6, 6-1, 2-6 ਨਾਲ ਹਾਰ ਕੇ ਟੂਰਨਾਮੈਂਟ 'ਚੋਂ ਬਾਹਰ ਹੋ ਗਈ।