'ਰੋਜਰ ਨਾਲ ਇੱਥੇ ਖੇਡਣਾ ਸ਼ਾਨਦਾਰ ਸੀ। ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ ਕਿ 37 ਸਾਲ ਦੀ ਉਮਰ ਵਿਚ ਵੀ ਉਹ ਸੈਮੀਫਾਈਨਲ ਤਕ ਪੁੱਜੇ। ਇਹ ਸ਼ਾਨਦਾਰ ਹੈ। ਮੈਂ ਇੱਥੇ ਦੇ ਪ੍ਰਸ਼ੰਸਕਾਂ ਦਾ ਵੀ ਧੰਨਵਾਦ ਕਰਦਾ ਹਾਂ ਕਿਉਂਕਿ ਉਨ੍ਹਾਂ ਦੇ ਸਮਰਥਨ ਨਾਲ ਮੈਂ ਮੁੜ ਫਾਈਨਲ ਵਿਚ ਪੁੱਜ ਗਿਆ। ਰੋਜਰ ਨਾਲ ਖੇਡਣਾ ਸਨਮਾਨ ਦੀ ਗੱਲ ਹੈ ਤੇ ਉਨ੍ਹਾਂ ਨਾਲ ਮੈਚ ਹਮੇਸ਼ਾ ਮੁਸ਼ਕਲ ਹੁੰਦਾ ਹੈ।

-ਰਾਫੇਲ ਨਡਾਲ, ਖਿਡਾਰੀ, ਸਪੇਨ

ਪੈਰਿਸ (ਏਐੱਫਪੀ) : ਕਲੇ ਕੋਰਟ ਦੇ ਮਾਸਟਰ ਕਹੇ ਜਾਣ ਵਾਲੇ ਸਪੇਨ ਦੇ ਸੁਪਰ ਸਟਾਰ ਟੈਨਿਸ ਖਿਡਾਰੀ ਪਿਛਲੀ ਵਾਰ ਦੇ ਜੇਤੂ ਰਾਫੇਲ ਨਡਾਲ ਨੇ ਇਕ ਵਾਰ ਮੁੜ ਕਲੇ ਕੋਰਟ 'ਤੇ ਮਰਦਾਂ 'ਚ ਸਭ ਤੋਂ ਜ਼ਿਆਦਾ ਗਰੈਂਡ ਸਲੈਮ ਜਿੱਤਣ ਵਾਲੇ ਸਵਿਟਜ਼ਰਲੈਂਡ ਦੇ ਦਿੱਗਜ ਖਿਡਾਰੀ ਰੋਜਰ ਫੈਡਰਰ ਨੂੰ ਮਰਦ ਸਿੰਗਲਜ਼ ਦੇ ਸੈਮੀਫਾਈਨਲ ਵਿਚ ਹਰਾ ਦਿੱਤਾ। ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਤੇ ਪਿਛਲੀ ਵਾਰ ਦੇ ਜੇਤੂ ਨਡਾਲ ਨੇ ਵਿਸ਼ਵ ਦੇ ਤੀਜੇ ਨੰਬਰ ਦੇ ਖਿਡਾਰੀ ਫੈਡਰਰ ਨੂੰ ਸਿੱਧੇ ਸੈੱਟਾਂ ਵਿਚ 6-3, 6-4, 6-2 ਨਾਲ ਮਾਤ ਦਿੱਤੀ। ਇਹ ਮੈਚ ਦੋ ਘੰਟੇ 25 ਮਿੰਟ ਤਕ ਚੱਲਿਆ। ਇਸ ਨਾਲ ਨਡਾਲ ਨੇ ਆਪਣਾ 12ਵਾਂ ਫਰੈਂਚ ਓਪਨ ਖ਼ਿਤਾਬ ਜਿੱਤਣ ਲਈ ਫਾਈਨਲ ਵਿਚ ਕਦਮ ਰੱਖਿਆ ਹੈ। ਨਡਾਲ ਦੀ ਫੈਡਰਰ 'ਤੇ ਇਹ 24ਵੀਂ ਜਿੱਤ ਹੈ। ਫੈਡਰਰ, ਨਡਾਲ 'ਤੇ ਸਿਰਫ਼ 15 ਜਿੱਤਾਂ ਹੀ ਦਰਜ ਕਰ ਸਕੇ ਹਨ ਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਹਾਰਡ ਜਾਂ ਗ੍ਰਾਸ ਕੋਰਟ 'ਤੇ ਆਈਆਂ ਹਨ। ਕਲੇ ਕੋਰਟ 'ਤੇ ਫੈਡਰਰ ਸਿਰਫ਼ ਦੋ ਵਾਰ ਹੀ ਨਡਾਲ ਤੋਂ ਜਿੱਤ ਸਕੇ ਹਨ ਜਦਿਕ 14 ਵਾਰ ਨਡਾਲ ਨੇ ਬਾਜ਼ੀ ਮਾਰੀ ਹੈ। ਇਹ ਦੂਜੀ ਵਾਰ ਸੀ ਜਦ ਨਡਾਲ ਤੇ ਫੈਡਰਰ ਫਰੈਂਚ ਓਪਨ ਦੇ ਸੈਮੀਫਾਈਨਲ ਵਿਚ ਭਿੜ ਰਹੇ ਸਨ। ਇਸ ਤੋਂ ਪਹਿਲਾਂ 2005 ਵਿਚ ਦੋਵੇਂ ਫਰੈਂਚ ਓਪਨ ਦੇ ਸੈਮੀਫਾਈਨਲ ਵਿਚ ਭਿੜੇ ਸਨ। 2006, 2007, 2008, 2011 ਵਿਚ ਇਹ ਦੋਵੇਂ ਫਰੈਂਚ ਓਪਨ ਦੇ ਫਾਈਨਲ ਵਿਚ ਇਕ ਦੂਜੇ ਸਾਹਮਣੇ ਹੋ ਚੁੱਕੇ ਹਨ ਤੇ ਹਮੇਸ਼ਾ ਨਡਾਲ ਨੇ ਬਾਜ਼ੀ ਮਾਰੀ ਹੈ। ਫੈਡਰਰ ਦੇ ਖਾਤੇ ਵਿਚ ਸਿਰਫ਼ ਇਕ ਫਰੈਂਚ ਓਪਨ ਦਾ ਖ਼ਿਤਾਬ ਹੈ ਜੋ ਉਨ੍ਹਾਂ ਨੇ 2009 ਵਿਚ ਜਿੱਤਿਆ ਸੀ। ਨਡਾਲ ਨੇ ਇਸ ਨਾਲ ਆਪਣੇ 18ਵੇਂ ਗਰੈਂਡ ਸਲੈਮ ਖ਼ਿਤਾਬ ਵੱਲ ਕਦਮ ਵਧਾ ਲਏ ਹਨ ਜਦਕਿ ਫੈਡਰਰ ਦਾ ਇਸ ਟੂਰਨਾਮੈਂਟ ਵਿਚ ਸਫ਼ਰ ਇੱਥੇ ਸਮਾਪਤ ਹੋ ਗਿਆ। ਨਡਾਲ 26ਵੀਂ ਵਾਰ ਗਰੈਂਡ ਸਲੈਮ ਦੇ ਫਾਈਨਲ ਵਿਚ ਪੁੱਜੇ ਹਨ।

ਖ਼ਿਤਾਬੀ ਜਿੱਤ ਲਈ ਭਿੜਨਗੀਆਂ ਬਾਰਟੀ ਤੇ ਮਾਰਕੇਤਾ

ਪੈਰਿਸ : ਅੱਠਵਾਂ ਦਰਜਾ ਹਾਸਿਲ ਆਸਟ੍ਰੇਲੀਆ ਦੀ ਐਸ਼ਲੇ ਬਾਰਟੀ ਨੇ ਸ਼ੁੱਕਰਵਾਰ ਨੂੰ ਫਰੈਂਚ ਓਪਨ ਦੇ ਮਹਿਲਾ ਸਿੰਗਲਜ਼ ਦੇ ਸੈਮੀਫਾਈਨਲ ਵਿਚ ਅਮਾਂਡਾ ਏਨੀਸੀਮੋਵਾ 'ਤੇ ਜਿੱਤ ਦਰਜ ਕਰ ਕੇ ਪਹਿਲੇ ਗਰੈਂਡ ਸਲੈਮ ਫਾਈਨਲ ਵਿਚ ਪ੍ਰਵੇਸ਼ ਕੀਤਾ ਜਿੱਥੇ ਉਨ੍ਹਾਂ ਦਾ ਮੁਕਾਬਲਾ ਚੈੱਕ ਗਣਰਾਜ ਦੀ ਮਾਰਕੇਤਾ ਵੋਂਡਰੋਯੂਸੋਵਾ ਨਾਲ ਹੋਵੇਗਾ। 23 ਸਾਲਾ ਐਸ਼ਲੇ ਨੇ ਪਹਿਲੇ ਸੈੱਟ ਵਿਚ ਪੱਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ 17 ਸਾਲਾ ਅਮਾਂਡਾ ਏਨੀਸੀਮੋਵਾ ਨੂੰ 6-7, 6-3, 6-2 ਨਾਲ ਮਾਤ ਦਿੱਤੀ। ਮਾਰਕੇਤਾ ਨੇ ਬਿ੍ਟੇਨ ਦੀ ਜੋਹਾਨਾ ਕੋਂਟਾ ਨੂੰ 7-5, 7-6 ਨਾਲ ਮਾਤ ਦੇ ਕੇ ਫਾਈਨਲ ਵਿਚ ਥਾਂ ਬਣਾਈ।