ਜੇਐੱਨਐੱਨ, ਨਵੀਂ ਦਿੱਲੀ : ਹਾਰਦਿਕ ਪਾਂਡਿਆ ਦੀ ਆਖ਼ਰੀ ਓਵਰਾਂ 'ਚ 14 ਗੇਂਦਾਂ 'ਚ 23 ਦੌੜਾਂ ਦੀ ਖੇਡੀ ਗਈ ਤੇਜ਼ਤਰਾਰ ਪਾਰੀ ਤੇ ਫਿਰ ਇਸ ਮਗਰੋਂ ਅੰਤਿਮ ਓਵਰਾਂ ਦੇ ਮਾਹਰ ਜਸਪ੍ਰਰੀਤ ਬੁਮਰਾਹ (3/20) ਦੀ ਕੱਸੀ ਹੋਈ ਗੇਂਦਬਾਜ਼ੀ ਨਾਲ ਮੁੰਬਈ ਇੰਡੀਅਨਜ਼ ਨੇ ਵੀਰਵਾਰ ਨੂੰ ਆਈਪੀਐੱਲ ਦੇ ਮੈਚ 'ਚ ਮੇਜ਼ਬਾਨ ਰਾਇਲ ਚੈਲੰਜਰਜ਼ ਬੈਂਗਲੂਰ (ਆਰਸੀਬੀ) ਨੂੰ ਰੋਮਾਂਚਕ ਮੁਕਾਬਲੇ 'ਚ ਛੇ ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਮੁੰਬਈ ਨੇ ਇਸ ਸੈਸ਼ਨ 'ਚ ਜਿੱਤਾ ਦ ਖਾਤਾ ਖੋਲਿ੍ਹਆ। ਇਸ ਤੋਂ ਪਹਿਲਾਂ ਮੁੰਬਈ ਨੂੰ ਆਪਣੇ ਘਰ 'ਚ ਦਿੱਲੀ ਕੈਪੀਟਲਜ਼ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।

ਪਾਂਡਿਆ ਤੋਂ ਇਲਾਵਾ ਰੋਹਿਤ ਸ਼ਰਮਾ (48) ਦੀ ਮਦਦ ਨਾਲ ਮੁੰਬਈ ਨੇ ਅੱਠ ਵਿਕਟਾਂ 'ਤੇ 187 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ। ਆਰਸੀਬੀ ਲਈ ਯੁਜਵੇਂਦਰਾ ਸਿੰਘ ਚਹਿਲ (4/38) ਨੇ ਬਿਹਤਰੀਨ ਗੇਂਦਬਾਜ਼ੀ ਕੀਤੀ। ਜਵਾਬ 'ਚ ਆਰਸੀਬੀ ਏਬੀ ਡਿਵੀਲੀਅਰਜ਼ (ਅਜੇਤੂ 70) ਦੀ ਪਾਰੀ ਦੇ ਬਾਵਜੂਦ ਪੰਜ ਵਿਕਟਾਂ 'ਤੇ 181 ਦੌੜਾਂ ਹੀ ਬਣਾ ਸਕੀ।

ਬੁਮਰਾਹ-ਮਲਿੰਗਾ ਸਾਹਮਣੇ ਡਿਵੀਲੀਅਰਜ਼ : ਟੀ-20 'ਚ ਡੈਥ ਓਵਰ ਦੇ ਦੋ ਸਰਬਸ੍ਰੇਸ਼ਠ ਗੇਂਦਬਾਜ਼ਾਂ 'ਚ ਸ਼ਾਮਲ ਬੁਮਰਾਹ ਤੇ ਲਸਿਥ ਮਲਿੰਗਾ ਮੁੰਬਈ ਕੋਲ ਸਨ ਤਾਂ ਉਥੇ, ਆਰਸੀਬੀ ਕੋਲ ਵਿਸਫੋਟਕ ਬੱਲੇਬਾਜ਼ ਡਿਵੀਲੀਅਰਜ਼ ਸਨ। ਹਾਲਾਂਕਿ ਅੰਤਿਮ ਦੋ ਓਵਰ 'ਚ ਇਹ ਦੋਵੇਂ ਗੇਂਦਬਾਜ਼ਾਂ ਡਿਵੀਲੀਅਰਜ਼ 'ਤੇ ਭਾਰੀ ਪੈ ਗਏ। ਬੈਂਗਲੂਰ ਨੂੰ ਅੰਤਿਮ ਦੋ ਓਵਰਾਂ 'ਚ 22 ਦੌੜਾਂ ਦੀ ਲੋੜ ਸੀ। 19ਵਾਂ ਓਵਰ ਬੁਮਰਾਹ ਨੇ ਸੁੱਟਿਆ, ਜਿਸ 'ਚ ਸਿਰਫ ਪੰਜ ਰਨ ਬਣੇ ਤੇ ਇਕ ਵਿਕਟ ਡਿੱਗਾ। ਅੰਤਿਮ ਓਵਰ 'ਚ ਆਰਸੀਬੀ ਨੂੰ 17 ਦੌਡਾਂ ਚਾਹੀਦੀਆਂ ਸਨ, ਪਰ ਮਲਿੰਗਾ ਨੇ ਸਿਰਫ 11 ਦੌੜਾਂ ਦਿੱਤੀਆਂ। ਅੰਤਿਮ ਗੇਂਦ 'ਤੇ ਸੱਤ ਰਨ ਚਾਹੀਦੇ ਸਨ ਤੇ ਸਟਰਾਈਕ 'ਤੇ ਸ਼ਿਵਮ ਦੁਬੇ ਸਨ, ਪਰ ਉਹ ਸਿਰਫ ਇਕ ਰਨ ਹੀ ਲੈ ਪਾਏ।

ਨੋ ਬਾਲ 'ਤੇ ਵਿਵਾਦ : ਪਾਰੀ ਦੀ ਅੰਤਿਮ ਗੇਂਦ ਨੂੰ ਮਲਿੰਗਾ ਦੀ ਨੋ ਬਾਲ ਕਿਹਾ ਜਾ ਰਿਹਾ ਸੀ ਤੇ ਉਨ੍ਹਾਂ ਦਾ ਪੈਰ ਕ੍ਰੀਜ ਤੋ ਬਾਹਰ ਦਿਖ ਰਿਹਾ ਸੀ, ਪਰ ਮੈਦਾਨੀ ਅੰਪਾਇਰ ਨੇ ਇਸ 'ਤੇ ਧਿਆਨ ਨਹੀਂ ਦਿੱਤਾ। ਹਾਲਾਂਕਿ ਮੈਚ ਮਗਰੋਂ ਕਪਤਾਨ ਕੋਹਲੀ ਟੀਵੀ ਵੀਡੀਓ ਵੇਖਣ ਮਗਰੋਂ ਨਿਰਾਸ਼ ਵਿਖਾਈ ਦਿੱਤੇ।

ਇਸ ਤੋਂ ਪਹਿਲਾਂ ਹਾਰਦਿਕ ਆਪਣੀ ਟੀਮ ਨੂੰ ਮਜ਼ਬੂਤ ਸਕੋਰ ਤਕ ਲੈ ਗਏ। ਹਾਰਦਿਕ ਉਸ ਸਮੇਂ ਕ੍ਰੀਜ਼ 'ਤੇ ਆਏ ਜਦੋਂ ਮੁੰਬਈ ਦਾਸਕੋਰ ਪੰਜ ਵਿਕਟ 'ਤੇ 145 ਦੌੜਾਂ ਸੀ। ਇਸ ਮਗਰੋਂ ਉਹ ਟੀਮ ਦਾ ਸਕੋਰ 187 ਦੌੜਾਂ ਤਕ ਲੈ ਗਏ। ਮੁੰਬਈ ਨੇ ਪਾਰੀ ਦੇ ਆਖ਼ਰੀ ਦੋ ਓਵਰਾਂ 'ਚ ਕੁੱਲ 30 ਦੌੜਾਂ ਬਣਾਈਆਂ, ਜਿਸ 'ਚ ਹਾਰਦਿਕ ਨੇ 19ਵੇਂ ਓਵਰ 'ਚ ਇਕ ਛੱਕਾ ਤੇ ਇਕ ਚੌਕਾ, ਜਦਕਿ 20ਵੇਂ ਓਵਰ 'ਚ ਦੋ ਛੱਕੇ ਮਾਰੇ। ਇਸ ਦੌਰਾਨ 20ਵੇਂ ਓਵਰ 'ਚ ਪਾਰਥਿਵ ਨੇ ਹਾਰਦਿਕ ਦਾ ਕੈਚ ਛੱਡ ਦਿੱਤਾ ਸੀ। ਪਰ ਇਹ ਗੇਂਦ ਨੋ ਬਾਲ ਹੋ ਗਈ ਸੀ।

ਇਸ ਤੋਂ ਪਹਿਲਾਂ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ, ਪਰ ਤਜਰਬੇਕਾਰ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਤੇ ਕਵਿੰਟਨ ਡਿਕਾਕ ਸ਼ੁਰੂਆਤ 'ਚ ਉਨ੍ਹਾਂ ਦੇ ਇਸ ਫ਼ੈਸਲੇ ਨੂੰ ਗਲਤ ਸਾਬਤ ਕਰਨ 'ਚ ਲੱਗ ਗਏ। ਟੀਮ ਨੇ 50 ਦੌੜਾਂ ਪਾਵਰ ਪਲੇਅ 'ਚ ਪੂਰੀਆਂ ਕਰ ਲਈਆਂ। ਇਸ ਮਗਰੋਂ ਕੋਹਲੀ ਚਹਿਲ ਨੂੰ ਗੇਂਦਬਾਜ਼ੀ 'ਤੇ ਲੈ ਕੇ ਆਏ। ਸ਼ੁਰੂਆਤੀ ਦੋ ਗੇਂਦਾਂ 'ਤੇ ਡਿਕਾਕ (23) ਥੋੜ੍ਹੇ ਅਸਹਿਜ ਵਿਖਾਈ ਦਿੱਤੇ ਤੇ ਤੀਜੀ ਗੇਂਦ 'ਤੇ ਰਿਵਰਸ ਸ਼ਾਟ ਮਾਰਨ ਦੇ ਚੱਕਰ 'ਚ ਬੋਲਡ ਹੋ ਗਏ। ਇਸ ਮਗਰੋਂ ਰੋਹਿਤ ਨੇ ਟੀਮ ਦੇ ਸਕੋਰ ਨੂੰ 10 ਓਵਰ ਮਗਰੋਂ ਇਕ ਵਿਕਟ 'ਤੇ 82 ਦੌੜਾਂ 'ਤੇ ਪਹੁੰਚਾਇਆ। ਚਹਿਲ ਨੇ ਆਪਣੇ ਪਹਿਲੇ ਸਪੈਲ ਦੇ ਸ਼ੁਰੂਆਤੀ ਦੋ ਓਵਰ 'ਚ ਇਕ ਵਿਕਟ ਲੈ ਕੇ 12 ਦੌੜਾਂ ਦਿੱਤੀਆਂ। ਇਸ ਮਗਰੋਂ ਰੋਹਿਤ ਅਰਧ ਸੈਂਕੜਾ ਲਗਾਉਣ ਤੋਂ ਖੁੰਝ ਗਏ ਤੇ ਉਹ ਉਮੇਸ਼ ਯਾਦਵ (2/26) ਦੀ ਗੇਂਦ 'ਤੇ ਮੁਹੰਮਦ ਸਿਰਾਜ ਨੂੰ ਕੈਚ ਦੇ ਬੈਠੇ।

ਸੂਰਜਕੁਮਾਰ ਯਾਦਵ ਤੇ ਯੁਵਰਾਜ ਸਿੰਘ ਟੀਮ ਦੇ ਸਕੋਰ ਬੋਰਡ ਨੂੰ ਚਲਾਉਣ 'ਚ ਲੱਗੇ ਰਹੇ। ਇਸ ਵਿਚਾਲੇ ਆਪਣੇ ਦੂਜੇ ਸਪੈਲ 'ਚ ਆਏ ਚਹਿਲ ਨੂੰ ਯੁਵਰਾਜ ਨੇ ਆਪਣੇ ਨਿਸ਼ਾਨੇ 'ਤੇ ਲਿਆ। ਉਨ੍ਹਾਂ ਚਹਿਲ ਦੀ ਸ਼ੁਰੂਆਤੀ ਤਿੰਨ ਗੇਂਦਾਂ 'ਤੇ ਸ਼ਾਨਦਾਰ ਛੱਕੇ ਮਾਰੇ, ਪਰ ਚਹਿਲ ਨੇ ਚੌਥੀ ਗੇਂਦ 'ਤੇ ਗੁਗਲੀ 'ਤੇ ਯੁਵਰਾਜ ਨੂੰ ਆਊਟ ਕਰ ਦਿੱਤਾ। ਸਿਰਾਜ ਨੇ ਯੁਵਰਾਜ ਦਾ ਕੈਚ ਕੀਤਾ। ਉਨ੍ਹਾਂ 12 ਗੇਂਦਾਂ 'ਚ 23 ਦੌੜਾਂ ਬਣਾਈਆਂ। ਇਸ ਵਿਚਾਲੇ, ਪਾਰੀ ਦੇ 16ਵੇਂ ਓਵਰ 'ਚ ਚਹਿਲ ਨੇ ਸੂਰਜਕੁਮਾਰ (38) ਤੇ ਕੋਰੋਨ ਪੋਲਾਰਡ (05) ਨੂੰ ਵੀ ਚੱਲਦਾ ਕਰ ਦਿੱਤਾ। ਇਸ ਦੇ ਅਗਲੇ ਓਵਰ 'ਚ ਕਰੁਣਾਲ ਪਾਂਡਿਆ ਨੇ ਉਮੇਸ਼ ਦੀ ਗੇਂਦ 'ਤੇ ਛੱਕੇ ਲਈ ਸ਼ਾਟ ਖੇਡਿਆ, ਪਰ ਨਵਦੀਪ ਸੈਣੀ ਨੇ ਬਾਊਂਡਰੀ ਰੇਖਾ ਤੋਂ ਠੀਕ ਪਹਿਲਾਂ ਉਨ੍ਹਾਂ ਦਾ ਕੈਚ ਕੀਤਾ।