ਡਬਲਿਨ (ਆਈਏਐੱਨਐੱਸ) : ਚਾਰ ਵਾਰ ਦੇ ਓਲੰਪਿਕ ਚੈਂਪੀਅਨ ਬਰਤਾਨਵੀ ਐਥਲੀਟ ਮੁਹੰਮਦ ਫਰਾਹ ਨੇ ਇੱਥੇ ਉੱਤਰੀ ਆਇਰਲੈਂਡ 'ਚ ਕਰਵਾਈ ਏਂਟ੍ਰੀਮ ਕੋਸਟ ਹਾਫ ਮੈਰਾਥਨ ਰੇਸ ਜਿੱਤ ਲਈ ਹੈ। ਪਿਛਲੇ ਹਫ਼ਤੇ ਹੀ ਬੁਸੇਲਸ ਵਿਚ ਮੈਮੋਰੀਅਲ ਵੈਨ ਡੈਮ ਮੀਟਿੰਗ ਵਿਚ ਇਕ ਘੰਟੇ ਦੀ ਦੌੜ ਵਿਚ ਨਵਾਂ ਵਿਸ਼ਵ ਰਿਕਾਰਡ ਬਣਾਉਣ ਵਾਲੇ ਫਰਾਹ ਨੇ ਸ਼ਨਿਚਰਵਾਰ ਨੂੰ ਇੱਥੇ ਇਕ ਹੋਰ ਸ਼ਾਨਦਾਰ ਰੇਸ ਦੀ ਸਮਾਪਤੀ ਕੀਤੀ। 37 ਸਾਲ ਦੇ ਫਰਾਹ ਨੇ ਇਕ ਘੰਟੇ 27 ਸਕਿੰਟ ਦੇ ਸਮੇਂ ਨਾਲ ਰੇਸ ਆਪਣੇ ਨਾਂ ਕੀਤੀ। ਉਹ ਰੇਸ ਵਿਚ ਦੂਜੇ ਸਥਾਨ 'ਤੇ ਰਹਿਣ ਵਾਲੇ ਮਾਰਕ ਸਕਾਟ ਤੋਂ 12 ਸਕਿੰਟ ਨਾਲ ਅੱਗੇ ਸਨ। ਉਥੇ ਬੇਨ ਕੋਨੋਰ ਦੂਜੇ ਸਥਾਨ 'ਤੇ ਰਹਿਣ ਵਾਲੇ ਸਕਾਟ ਤੋਂ 16 ਸਕਿੰਟ ਪਿੱਛੇ ਰਹੇ ਤੇ ਉਨ੍ਹਾਂ ਨੂੰ ਤੀਜੇ ਸਥਾਨ ਨਾਲ ਸਬਰ ਕਰਨਾ ਪਿਆ।