ਗਾਂਧੀਨਗਰ (ਪੀਟੀਆਈ) : ਓਲੰਪਿਕ ਮੈਡਲ ਜੇਤੂ ਮੀਰਾਬਾਈ ਚਾਨੂ ਨੇ ਸ਼ੁੱਕਰਵਾਰ ਨੂੰ ਇੱਥੇ 36ਵੀਆਂ ਰਾਸ਼ਟਰੀ ਖੇਡਾਂ ਵਿਚ ਮਹਿਲਾਵਾਂ ਦੇ ਵੇਟਲਿਫਟਿੰਗ ਮੁਕਾਬਲੇ ਦੇ 49 ਕਿੱਲੋਗ੍ਰਾਮ ਵਰਗ ਵਿਚ 191 ਕਿੱਲੋਗ੍ਰਾਮ ਭਾਰ ਚੁੱਕੇ ਗੋਲਡ ਮੈਡਲ ਜਿੱਤਿਆ। ਅਗਸਤ ਵਿਚ ਬਰਮਿੰਘਮ 'ਚ ਰਾਸ਼ਟਰਮੰਡਲ ਖੇਡਾਂ ਵਿਚ ਗੋਲਡ ਮੈਡਲ ਜਿੱਤਣ ਵਾਲੀ ਮੀਰਾਬਾਈ ਨੇ ਸਨੈਚ 'ਚ 84 ਕਿੱਲੋਗ੍ਰਾਮ ਤੇ ਕਲੀਨ ਅਤੇ ਜਰਕ ਵਿਚ 107 ਕਿੱਲੋਗ੍ਰਾਮ ਭਾਰ ਚੁੱਕ ਕੇ ਖ਼ਿਤਾਬ ਆਪਣੇ ਨਾਂ ਕੀਤਾ। ਆਪਣੀਆਂ ਦੂਜੀਆਂ ਰਾਸ਼ਟਰੀ ਖੇਡਾਂ ਵਿਚ ਹਿੱਸਾ ਲੈ ਰਹੀ ਮੀਰਾਬਾਈ ਨੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਦੇ ਖੱਬੇ ਗੁੱਟ ਵਿਚ ਸੱਟ ਹੈ ਇਸ ਲਈ ਉਹ ਦੋਵਾਂ ਵਰਗਾਂ ਵਿਚ ਆਪਣੀ ਤੀਜੀ ਕੋਸ਼ਿਸ਼ ਲਈ ਨਹੀਂ ਉਤਰੀ। ਮੀਰਾਬਾਈ ਨੇ ਕਿਹਾ ਕਿ ਪਿਛਲੇ ਦਿਨੀਂ ਐੱਨਆਈਐੱਸ ਪਟਿਆਲਾ ਵਿਚ ਸਿਖਲਾਈ ਦੌਰਾਨ ਮੇਰੇ ਖੱਬੇ ਗੁੱਟ ਵਿਚ ਸੱਟ ਲੱਗ ਗਈ ਸੀ ਜਿਸ ਤੋਂ ਬਾਅਦ ਮੈਂ ਤੈਅ ਕੀਤਾ ਕਿ ਮੈਂ ਵੱਧ ਜੋਖ਼ਮ ਨਹੀਂ ਲਵਾਂਗੀ।

Posted By: Gurinder Singh