ਨਵੀਂ ਦਿੱਲੀ (ਏਐੱਨਆਈ) : ਕੇਂਦਰੀ ਗ੍ਰਹਿ ਮੰਤਰਾਲੇ ਨੇ ਨਿਸ਼ਾਨੇਬਾਜ਼ਾਂ ਨੂੰ ਜ਼ਿਆਦਾ ਹਥਿਆਰ ਤੇ ਗੋਲੀਆਂ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਲਈ ਸ਼ਸਤਰ ਕਾਨੂੰਨ ਵਿਚ ਸੋਧ ਕੀਤੀ ਗਈ ਹੈ। ਗ੍ਰਹਿ ਮੰਤਰਾਲੇ ਵੱਲੋਂ ਸੋਮਵਾਰ ਨੂੰ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਗ੍ਰਹਿ ਮੰਤਰਾਲੇ ਨੇ 12 ਫਰਵਰੀ, 2020 ਨੂੰ ਜਾਰੀ ਨੋਟੀਫਿਕੇਸ਼ਨ ਰਾਹੀਂ ਸ਼ਸਤਰ ਕਾਨੂੰਨ, 1959 ਤੇ ਸ਼ਸਤਰ ਨਿਯਮ, 2016 ਦੀਆਂ ਤਜਵੀਜ਼ਾਂ 'ਚ ਸੋਧ ਕੀਤੀ ਹੈ ਤਾਂਕਿ ਸਾਲ ਲਈ ਨਿਸ਼ਾਨੇਬਾਜ਼ਾਂ ਨੂੰ ਅਭਿਆਸ ਲਈ ਜ਼ਿਆਦਾ ਹਥਿਆਰ ਤੇ ਕਾਰਤੂਸ ਰੱਖਣ ਦੀ ਇਜਾਜ਼ਤ ਦਿੱਤੀ ਜਾ ਸਕੇ। ਇਸ ਸੋਧ ਤੋਂ ਬਾਅਦ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਮੈਡਲ ਹਾਸਲ ਕਰਨ ਵਾਲੇ ਨਿਸ਼ਾਨੇਬਾਜ਼ਾਂ ਨੂੰ ਵੱਧ ਤੋਂ ਵੱਧ 12 ਹਥਿਆਰ ਰੱਖਣ ਦੀ ਇਜਾਜ਼ਤ ਹੋਵੇਗੀ ਜਿਸ ਦੀ ਗਿਣਤੀ ਪਹਿਲਾਂ ਸੱਤ ਸੀ ਜਦਕਿ ਜੂਨੀਅਰ ਤੇ ਨਵੇਂ ਨਿਸ਼ਾਨੇਬਾਜ਼ ਆਪਣੇ ਕੋਲ ਇਕ ਦੀ ਥਾਂ ਹੁਣ ਦੋ ਹਥਿਆਰ ਰੱਖ ਸਕਣਗੇ। ਬਿਆਨ ਵਿਚ ਕਿਹਾ ਗਿਆ ਹੈ ਕਿ ਨਿਸ਼ਾਨੇਬਾਜ਼ੀ ਇਕ ਮਹੱਤਵਪੂਰਨ ਓਲੰਪਿਕ ਖੇਡ ਹੈ ਤੇ ਭਾਰਤੀ ਨਿਸ਼ਾਨੇਬਾਜ਼ਾਂ ਨੇ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਸ਼ਸਤਰ ਕਾਨੂੰਨ ਦੀਆਂ ਤਜਵੀਜ਼ਾਂ ਵਿਚ ਸੋਧ ਕੀਤੀ ਗਈ ਹੈ ਤਾਂਕਿ ਨਿਸਾਨੇਬਾਜ਼ ਆਪਣੇ ਕੋਲ ਅਭਿਆਸ ਲਈ ਵੱਧ ਤੋਂ ਵੱਧ ਹਥਿਆਰ ਤੇ ਕਾਰਤੂਸ ਰੱਖ ਸਕਣ।