ਨਵੀਂ ਦਿੱਲੀ (ਜੇਐੱਨਐੱਨ) : ਭਾਰਤੀ ਵੇਟਲਿਫਟਰ ਮੀਰਾਬਾਈ ਚਾਨੂ ਅੱਜ-ਕੱਲ੍ਹ ਸਿਰਫ਼ ਇਕ ਅਰਦਾਸ ਕਰਨ ਵਿਚ ਲੱਗੀ ਹੋਈ ਹੈ ਕਿ ਕੋਰੋਨਾ ਮਹਾਮਾਰੀ ਦੇ ਬਾਵਜੂਦ ਟੋਕੀਓ ਓਲੰਪਿਕ ਪਹਿਲਾਂ ਤੈਅ ਪ੍ਰੋਗਰਾਮ ਮੁਤਾਬਕ ਕਰਵਾਏ ਜਾਣ ਨਹੀਂ ਤਾਂ ਉਨ੍ਹਾਂ ਦੀ ਓਲੰਪਿਕ ਮੈਡਲ ਜਿੱਤਣ ਦੀ ਸਾਰੀ ਮਿਹਨਤ ਬੇਕਾਰ ਚਲੀ ਜਾਵੇਗੀ। ਪਿਛਲੇ ਚਾਰ ਸਾਲਾਂ ਤੋਂ ਮੀਰਾਬਾਈ ਨੇ ਓਲੰਪਿਕ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਕਾਫੀ ਮਿਹਨਤ ਕੀਤੀ ਹੈ ਪਰ ਇਸ ਸਮੇਂ ਸਿਰਫ਼ ਉਹ ਇਹੀ ਗੱਲ ਸੋਚ ਸਕਦੀ ਹੈ ਕਿ 24 ਜੁਲਾਈ ਤੋਂ ਨੌਂ ਅਗਸਤ ਤਕ ਹੋਣ ਵਾਲੀਆਂ ਟੋਕੀਓ ਓਲੰਪਿਕ ਖੇਡਾਂ ਦਾ ਕੀ ਹੋਵੇਗਾ, ਜਿਨ੍ਹਾਂ ਨੂੰ ਕੋਰੋਨਾ ਕਾਰਨ ਮੁਲਤਵੀ ਕੀਤਾ ਜਾ ਸਕਦਾ ਹੈ। ਮੀਰਾਬਾਈ ਨੇ ਕਿਹਾ ਕਿ ਜੇ ਓਲੰਪਿਕ ਨਾ ਹੋਏ ਤਾਂ ਸਾਡੀ ਪਿਛਲੇ ਚਾਰ ਸਾਲਾਂ ਦੀ ਮਿਹਨਤ ਬੇਕਾਰ ਚਲੀ ਜਾਵੇਗੀ। ਮੈਂ ਨਹੀਂ ਚਾਹੁੰਦੀ ਕਿ ਇਹ ਰੱਦ ਹੋਣ, ਮੈਂ ਰੋਜ਼ ਰੱਬ ਅੱਗੇ ਅਰਦਾਸ ਕਰ ਰਹੀ ਹਾਂ। ਮੈਂ ਬਸ ਖ਼ੁਦ ਲਈ ਇਕ ਓਲੰਪਿਕ ਮੈਡਲ ਚਾਹੁੰਦੀ ਹਾਂ। ਮੀਰਾਬਾਈ ਦੀ ਇੱਕੋ ਇਕ ਓਲੰਪਿਕ ਮੁਹਿੰਮ ਨਿਰਾਸ਼ਾਜਨਕ ਤਰੀਕੇ ਨਾਲ ਸਮਾਪਤ ਹੋਈ ਸੀ ਕਿਉਂਕਿ ਉਹ ਕਲੀਨ ਅਤੇ ਜਰਕ ਵਰਗ ਵਿਚ ਆਪਣੀਆਂ ਤਿੰਨ ਕੋਸ਼ਿਸ਼ਾਂ ਵਿਚ ਵਜ਼ਨ ਉਠਾਉਣ ਵਿਚ ਨਾਕਾਮ ਰਹੀ ਸੀ। ਕੋਰੋਨਾ ਨੇ ਪੂਰੀ ਦੁਨੀਆ ਦੀਆਂ ਖੇਡਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ, ਜ਼ਿਆਦਾਤਰ ਟੂਰਨਾਮੈਂਟ ਰੱਦ ਹੋ ਗਏ ਹਨ ਜਾਂ ਫਿਰ ਉਨ੍ਹਾਂ ਨੂੰ ਮੁਲਤਵੀ ਕਰਨਾ ਪਿਆ ਹੈ। ਹਾਲਾਂਕਿ ਦੋ ਵਾਰ ਦੀ ਰਾਸ਼ਟਰਮੰਡਲ ਖੇਡਾਂ ਦੀ ਗੋਲਡ ਮੈਡਲ ਹਾਸਲ ਮੀਰਾਬਾਈ ਚਾਹੁੰਦੀ ਹੈ ਕਿ ਇਹ ਖੇਡਾਂ ਯੋਜਨਾ ਮੁਤਾਬਕ ਹੀ ਹੋਣ। ਉਹ ਪਹਿਲਾਂ ਹੀ ਓਲੰਪਿਕ ਕੋਟਾ ਹਾਸਲ ਕਰ ਚੁੱਕੀ ਹੈ।

ਥੋੜ੍ਹੇ ਸਮੇਂ 'ਚ ਹੋ ਜਾਵੇਗੀ ਵੱਧ ਮੁਸ਼ਕਲ :

ਮੀਰਾਬਾਈ ਨੇ ਕਿਹਾ ਕਿ ਮੈਡਲ ਜਿੱਤਣ ਦਾ ਦਬਾਅ ਹੁਣ ਬਦਲ ਗਿਆ ਹੈ ਕਿ ਓਲੰਪਿਕ ਖੇਡਾਂ ਨੂੰ ਰੱਦ ਨਹੀਂ ਹੋਣਾ ਚਾਹੀਦਾ ਹੈ, ਮੈਂ ਬਸ ਇਹੀ ਸੋਚ ਰਹੀ ਹਾਂ। ਬਾਕੀ ਟ੍ਰੇਨਿੰਗ ਲਈ ਇਸ ਸਮੇਂ ਇੰਨੀ ਚਿੰਤਤ ਨਹੀਂ ਹਾਂ। ਜੇ ਇਹ ਮੁਲਤਵੀ ਹੋ ਗਏ ਤਾਂ ਵੀ ਕਾਫੀ ਮੁਸ਼ਕਲ ਹੋਵੇਗੀ ਕਿਉਂਕਿ ਸਾਡੇ ਲਈ ਇੰਨੇ ਥੋੜ੍ਹੇ ਸਮੇਂ ਵਿਚ ਹੀ ਕਾਫੀ ਕੁਝ ਬਦਲ ਜਾਵੇਗਾ। ਵੇਟਲਿਫਟਿੰਗ ਦਾ ਓਲੰਪਿਕ ਕੁਆਲੀਫਾਇੰਗ ਪ੍ਰੋਗਰਾਮ ਵੀ ਪ੍ਰਭਾਵਿਤ ਹੋਇਆ ਹੈ। ਅੰਤਰਰਾਸ਼ਟਰੀ ਵੇਟਲਿਫਟਿੰਗ ਫੈਡਰੇਸ਼ਨ (ਆਈਡਬਲਯੂਐੱਫ) ਨੇ ਪੰਜ ਮਹਾਦੀਪੀ ਚੈਂਪੀਅਨਸ਼ਿਪਾਂ ਨੂੰ ਰੱਦ ਕਰ ਦਿੱਤਾ ਜਿਸ ਵਿਚ ਏਸ਼ਿਆਈ ਕੁਆਲੀਫਾਇਰ ਵੀ ਸ਼ਾਮਲ ਹਨ।