ਨਵੀਂ ਦਿੱਲੀ : ਸਾਬਕਾ ਜੂਨੀਅਰ ਵਿਸ਼ਵ ਚੈਂਪੀਅਨ ਨਿਖਤ ਜ਼ਰੀਨ ਤੇ ਮੀਨਾ ਕੁਮਾਰੀ ਦੇਵੀ ਨੇ ਬੁਲਗਾਰੀਆ ਦੇ ਸੋਫੀਆ ਵਿਚ ਹੋਈ ਸਟ੍ਰਾਂਜਾ ਮੈਮੋਰੀਅਲ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤ ਲਏ। ਜ਼ਰੀਨ ਨੇ 51 ਕਿਲੋਗ੍ਰਾਮ ਵਰਗ ਦੇ ਫਾਈਨਲ ਵਿਚ ਫਿਲੀਪੀਨ ਦੀ ਆਇਰਸ਼ ਮਾਗਨੋ ਨੂੰ 5-0 ਨਾਲ ਤੇ ਮੀਨਾ ਨੇ ਫਿਲੀਪੀਨ ਦੀ ਹੀ ਆਇਰਾ ਵਿਲੇਗਾਸ ਨੂੰ 54 ਕਿਲੋਗ੍ਰਾਮ 'ਚ 3-2 ਨਾਲ ਮਾਤ ਦਿੱਤੀ।

ਇੰਡੋਨੇਸ਼ੀਆ ਦਾ ਓਲੰਪਿਕ ਮੇਜ਼ਬਾਨੀ ਦਾ ਦਾਅਵਾ

ਜਕਾਰਤਾ : ਪਿਛਲੇ ਸਾਲ ਏਸ਼ੀਅਨ ਖੇਡਾਂ ਦੀ ਸਫ਼ਲ ਮੇਜ਼ਬਾਨੀ ਤੋਂ ਬਾਅਦ ਇੰਡੋਨੇਸ਼ੀਆ ਨੇ 2032 ਓਲੰਪਿਕ ਦੀ ਮੇਜ਼ਬਾਨੀ ਦੀ ਦਾਅਵੇਦਾਰੀ ਪੇਸ਼ ਕੀਤੀ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇੰਡੋਨੇਸ਼ੀਆ ਦੇ ਸਵਿਟਜ਼ਰਲੈਂਡ ਵਿਚ ਦੂਤ ਮੁਲੀਆਮਾਨ ਹਦਾਦ ਨੇ ਪਿਛਲੇ ਹਫਤੇ ਲੁਸਾਨੇ ਵਿਚ ਰਾਸ਼ਟਰਪਤੀ ਜੋਕੋ ਵਿਡੋਡੋ ਵੱਲੋਂ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੂੰ ਰਸਮੀ ਬੋਲੀ ਪੱਤਰ ਸੌਂਪਿਆ।

ਸੈਮੀਫਾਈਨਲ ਤੋਂ ਇਕ ਜਿੱਤ ਦੂਰ ਨਾਰਥਈਸਟ

ਗੁਹਾਟੀ : ਨਾਰਥਈਸਟ ਯੂਨਾਈਟਿਡ ਐੱਫਸੀ ਇੰਡੀਅਨ ਸੁਪਰ ਲੀਗ (ਆਈਐੱਸਐੱਲ) ਦੇ ਪੰਜਵੇਂ ਸੈਸ਼ਨ ਵਿਚ ਸੈਮੀਫਾਈਨਲ ਵਿਚ ਪੁੱਜਣ ਤੋਂ ਸਿਰਫ਼ ਇਕ ਜਿੱਤ ਦੂਰ ਹੈ। ਇਸ ਟੀਮ ਦਾ ਬੁੱਧਵਾਰ ਨੂੰ ਆਪਣੇ ਘਰ ਗੁਹਾਟੀ ਵਿਚ ਐੱਫਸੀ ਪੁਣੇ ਨਾਲ ਸਾਹਮਣਾ ਹੋਣਾ ਹੈ ਤੇ ਇਸ ਮੈਚ ਨਾਲ ਤਿੰਨ ਅੰਕ ਲੈ ਕੇ ਉਹ ਆਪਣੇ ਟੀਚੇ ਨੂੰ ਹਾਸਲ ਕਰਨਾ ਚਾਹੇਗਾ।