ਪੈਰਿਸ (ਏਪੀ) : ਸਟਾਰ ਸਟ੍ਰਾਈਕਰ ਕਾਇਲੀਅਨ ਐਮਬਾਪੇ ਦੇ ਦੋ ਗੋਲਾਂ ਦੀ ਮਦਦ ਨਾਲ ਪੈਰਿਸ ਸੇਂਟ ਜਰਮੇਨ (ਪੀਐੱਸਜੀ) ਨੇ 10 ਖਿਡਾਰੀਆਂ ਨਾਲ ਖੇਡ ਰਹੇ ਨਾਈਮਜ਼ ਨੂੰ 4-0 ਨਾਲ ਕਰਾਰੀ ਮਾਤ ਦੇ ਕੇ ਫਰਾਂਸੀਸੀ ਫੁੱਟਬਾਲ ਲੀਗ-1 ਵਿਚ ਇਸ ਸੈਸ਼ਨ ਵਿਚ ਪਹਿਲੀ ਵਾਰ ਚੋਟੀ 'ਤੇ ਪੁੱਜਣ ਵਿਚ ਕਾਮਯਾਬੀ ਹਾਸਲ ਕੀਤੀ।

ਨੌਜਵਾਨ ਸਟ੍ਰਾਈਕਰ ਐਮਬਾਪੇ ਸ਼ਾਨਦਾਰ ਲੈਅ ਵਿਚ ਚੱਲ ਰਹੇ ਹਨ ਤੇ ਉਨ੍ਹਾਂ ਨੇ ਇਸ ਤੋਂ ਪਹਿਲੇ ਮੈਚ ਵਿਚ ਗੋਲ ਕਰ ਕੇ ਆਪਣੀ ਰਾਸ਼ਟਰੀ ਟੀਮ ਫਰਾਂਸ ਨੂੰ ਨੇਸ਼ਨਜ਼ ਲੀਗ ਵਿਚ ਕ੍ਰੋਏਸ਼ੀਆ 'ਤੇ 2-1 ਨਾਲ ਜਿੱਤ ਦਿਵਾਈ ਸੀ। ਨਾਈਮਜ਼ ਦੇ ਸੈਂਟਰ ਹਾਫ ਲੋਇਕ ਲਾਂਡਰੇ ਨੂੰ 12ਵੇਂ ਮਿੰਟ ਵਿਚ ਲਾਲ ਕਾਰਡ ਦਿਖਾ ਕੇ ਬਾਹਰ ਭੇਜ ਦਿੱਤਾ ਗਿਆ ਸੀ।

ਜਿਸ ਤੋਂ ਬਾਅਦ ਉਸ ਦੀ ਟੀਮ ਨੂੰ 10 ਖਿਡਾਰੀਆਂ ਦੇ ਨਾਲ ਮੈਚ ਖੇਡਣਾ ਪਿਆ। ਐਮਬਾਪੇ ਨੇ 32ਵੇਂ ਤੇ 83ਵੇਂ ਮਿੰਟ ਵਿਚ, ਅਲੇਸਾਂਦਰੋ ਫਲੋਰੇਂਜੀ ਨੇ 78ਵੇਂ ਮਿੰਟ ਵਿਚ, ਪਾਬਲੋ ਸਰਾਬੀਆ ਨੇ 88ਵੇਂ ਮਿੰਟ ਵਿਚ ਪੈਰਿਸ ਸੇਂਟ ਜਰਮੇਨ ਲਈ ਗੋਲ ਕੀਤੇ। ਪੀਐੱਸਜੀ ਦੀ ਇਹ ਲਗਾਤਾਰ ਪੰਜਵੀਂ ਜਿੱਤ ਹੈ ਜਿਸ ਨਾਲ ਉਸ ਦੇ 15 ਅੰਕ ਹੋ ਗਏ ਹਨ ਤੇ ਉਹ ਰੇਨੇਸ ਦੀ ਬਰਾਬਰੀ 'ਤੇ ਪੁੱਜ ਗਿਆ ਪਰ ਗੋਲ ਫ਼ਰਕ ਵਿਚ ਉਸ ਤੋਂ ਅੱਗੇ ਹੈ। ਰੇਨੇਸ ਨੇ ਆਖ਼ਰੀ ਸਥਾਨ 'ਤੇ ਕਾਬਜ ਟੀਮ ਡਿਜੋਨ ਦੇ ਨਾਲ 1-1 ਨਾਲ ਡਰਾਅ ਖੇਡਿਆ।