ਤੁਰਿਨ (ਆਈਏਐੱਨਐੱਸ) : ਪੁਰਤਗਾਲ ਦੇ ਦਿੱਗਜ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਉਹ ਅਗਲੇ ਸਾਲ ਵੀ ਸੰਨਿਆਸ ਲੈ ਸਕਦੇ ਹਨ। ਇਟਾਲੀਅਨ ਫੁੱਟਬਾਲ ਕਲੱਬ ਜੁਵੈਂਟਸ ਵੱਲੋਂ ਖੇਡਣ ਵਾਲੇ 34 ਸਾਲਾ ਰੋਨਾਲਡੋ ਤੋਂ ਜਦ ਉਨ੍ਹਾਂ ਦੇ ਸੰਨਿਆਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਉਸ ਬਾਰੇ ਨਹੀਂ ਸੋਚਦਾ ਹਾਂ। ਸੰਭਵ ਹੈ ਕਿ ਮੈਂ ਆਪਣਾ ਕਰੀਅਰ ਅਗਲੇ ਸਾਲ ਸਮਾਪਤ ਕਰ ਲਵਾਂ ਪਰ ਇਹ ਵੀ ਸੰਭਵ ਹੈ ਕਿ ਮੈਂ 40 ਜਾਂ 41 ਸਾਲ ਦੀ ਉਮਰ ਤਕ ਖੇਡ ਸਕਦਾ ਹਾਂ। ਪੰਜ ਵਾਰ ਦੇ ਬੈਲਨ ਡੀ ਓਰ ਜੇਤੂ ਰੋਨਾਲਡੋ ਨੇ ਕਿਹਾ ਕਿ ਮੈਂ ਹਮੇਸ਼ਾ ਇਹੀ ਕਹਿੰਦਾ ਹਾਂ ਕਿ ਮੌਜੂਦਾ ਸਮੇਂ ਦਾ ਮਜ਼ਾ ਲਓ। ਇਹ ਮੈਨੂੰ ਕੀਮਤੀ ਤੋਹਫ਼ਾ ਮਿਲਿਆ ਹੈ ਤੇ ਮੈਨੂੰ ਇਸ ਦਾ ਚੰਗਾ ਆਨੰਦ ਲੈਂਦੇ ਰਹਿਣਾ ਚਾਹੀਦਾ ਹੈ। ਫੁੱਟਬਾਲ ਦੀ ਦੁਨੀਆ ਵਿਚ ਕਈ ਕੀਰਤੀਮਾਨ ਸਥਾਪਤ ਕਰਨ ਵਾਲੇ ਰੋਨਾਲਡੋ ਨੇ ਕਿਹਾ ਕਿ ਕੀ ਕੋਈ ਅਜਿਹਾ ਖਿਡਾਰੀ ਹੈ ਜਿਸ ਦੇ ਨਾਂ 'ਤੇ ਮੇਰੇ ਤੋਂ ਜ਼ਿਆਦਾ ਰਿਕਾਰਡ ਹਨ। ਮੈਨੂੰ ਨਹੀਂ ਲਗਦਾ ਕਿ ਮੇਰੇ ਤੋਂ ਜ਼ਿਆਦਾ ਰਿਕਾਰਡ ਕਿਸੇ ਨੇ ਬਣਾਏ ਹਨ। ਰੋਨਾਲਡੋ ਨੇ ਪਿਛਲੇ ਸੈਸ਼ਨ ਵਿਚ ਜੁਵੈਂਟਸ ਨੂੰ ਸੀਰੀ-ਏ ਖ਼ਿਤਾਬ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ ਜਿਨ੍ਹਾਂ ਨੇ ਇਸ ਕਲੱਬ ਲਈ ਸਾਰੀਆਂ ਚੈਂਪੀਅਨਸ਼ਿਪਾਂ ਦੇ 43 ਮੁਕਾਬਲਿਆਂ ਵਿਚ 28 ਗੋਲ ਕੀਤੇ ਸਨ।

ਕ੍ਰਿਸਟੀਆਨੋ ਦੇ ਨਾਂ ਪੰਜ ਖ਼ਿਤਾਬ

ਰੋਨਾਲਡੋ ਦੇ ਨਾਂ ਪੰਜ ਚੈਂਪੀਅਨਜ਼ ਲੀਗ ਖ਼ਿਤਾਬ ਦਰਜ ਹਨ ਜਿਸ ਵਿਚ ਉਨ੍ਹਾਂ ਨੇ ਚਾਰ ਸਪੈਨਿਸ਼ ਕਲੱਬ ਰੀਅਲ ਮੈਡਰਿਡ ਨਾਲ ਤੇ ਇਕ ਇੰਗਲਿਸ਼ ਕਲੱਬ ਮਾਨਚੈਸਟਰ ਯੂਨਾਈਟਿਡ ਦੇ ਨਾਲ ਖੇਡਦੇ ਹੋਏ ਹਾਸਿਲ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਮੌਜੂਦਗੀ ਵਿਚ ਦੋ ਵਾਰ ਇੰਗਲਿਸ਼ ਪ੍ਰੀਮੀਅਰ ਲੀਗ ਤੇ ਦੋ ਵਾਰ ਲਾ ਲੀਗਾ ਦੇ ਖ਼ਿਤਾਬ ਆਪਣੇ ਕਲੱਬਾਂ ਨੂੰ ਦਿਵਾਏ ਹਨ।