ਨਵੀਂ ਦਿੱਲੀ (ਏਜੰਸੀ) : ਛੇ ਵਾਰ ਦੀ ਵਿਸ਼ਵ ਚੈਂਪੀਅਨ ਐੱਮਸੀ ਮੈਰੀਕਾਮ ਨੂੰ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਨੇ ਅਗਲੇ ਸਾਲ ਹੋਣ ਵਾਲੇ ਟੋਕੀਓ ਓਲੰਪਿਕ ਗੇਮਜ਼ ਤੋਂ ਪਹਿਲਾ ਮੁੱਕੇਬਾਜ਼ਾਂ ਦੀ ਅਗਵਾਈ ਕਰਨ ਲਈ 10 ਮੈਂਬਰੀ ਖਿਡਾਰੀ ਦੂਤ ਸਮੂਹ ਵਿਚ ਸ਼ਾਮਲ ਕੀਤਾ ਹੈ।

ਮੈਰੀਕਾਮ ਇਸ ਸਮੂਹ ਵਿਚ ਏਸ਼ੀਆਈ ਮੁੱਕੇਬਾਜ਼ਾਂ ਦੀ ਅਗਵਾਈ ਕਰੇਗੀ। ਇਸ ਸਮੂਹ ਵਿਚ ਦੋ ਵਾਰ ਦੇ ਓਲੰਪਿਕ ਚੈਂਪੀਅਨਸ਼ਿਪ ਦੇ ਗੋਲਡ ਮੈਡਲ ਜੇਤੂ ਯੂਕ੍ਰੇਨ ਦੇ ਦਿਗਜ ਵਾਸਿਲ ਲਾਮਾਚੇਨਕੋ (ਯੂਰਪ) ਤੇ ਪੰਜ ਵਾਰ ਦੇ ਵਿਸ਼ਵ ਚੈਂਪੀਅਨ ਤੇ 2016 ਓਲੰਪਿਕ 'ਚ ਗੋਲਡ ਮੈਡਲ ਜੇਤੂ ਜੂਲੀਆ ਸੇਜਾਰ ਲਾ ਕਰੂਜ (ਅਮਰੀਕਾ) ਵਰਗੇ ਖਿਡਾਰੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਮੈਰੀਕਾਮ ਨੇ ਕਿਹਾ, ' ਇਹ ਇਕ ਵੱਡਾ ਸਨਮਾਨ ਹੈ, ਇਕ ਉਪਲੱਬਧੀ ਦੀ ਤਰ੍ਹਾਂ ਹੈ ਪਰ ਇਖ ਜ਼ਿੰਮੇਵਾਰੀ ਵੀ ਹੈ ਕਿਉਂਕਿ ਮੈਨੂੰ ਆਪਣੇ ਸਾਥੀ ਅਥਲੀਟਾਂ ਦੀ ਮਦਦ ਕਰਨ ਦੀ ਦਿਸ਼ਾ ਵਿਚ ਕੰਮ ਕਰਨਾ ਹੈ। ਮੈਂ ਹਮੇਸ਼ਾ ਆਪਣਾ ਸਰਵਉੱਚ ਕਰਨ ਦੀ ਕੋਸ਼ਿਸ਼ ਕਰਾਂਗੀ।'

ਭਾਰਤ ਦੀ 36 ਸਾਲ ਦੀ ਮੈਰੀਕਾਮ ਹਾਲ ਵਿਚ ਵਿਸ਼ਵ ਚੈਂਪੀਅਨਸ਼ਿਪ ਦੇ ਇਤਿਹਾਸ ਦੀ ਸਭ ਤੋਂ ਸਫਲ ਮੁੱਕੇਬਾਜ਼ ਬਣੀ ਸੀ ਜਦ ਉਨ੍ਹਾਂ ਨੇ ਰੂਸ ਵਿਚ ਇਸ ਮੁਕਾਬਲੇ ਦੇ ਪਿਛਲੇ ਸੈਸ਼ਨ ਵਿਚ ਕਾਂਸੇ ਦੇ ਮੈਡਲ ਦੇ ਰੂਪ ਵਿਚ ਆਪਣਾ ਅੱਠਵਾਂ ਤਗਮਾ ਜਿੱਤਿਆ ਸੀ। ਮੈਰੀਕਾਮ 51 ਕਿਲੋਗ੍ਰਾਮ ਵਰਗ ਵਿਚ ਓਲੰਪਿਕ ਕਾਂਸੇ ਮੈਡਲ ਜਿੱਤਣ ਤੋਂ ਇਲਾਵਾ ਪੰਜ ਵਾਰ ਦੀ ਏਸ਼ੀਆਈ ਚੈਂਪੀਅਨ ਹੈ। ਉਨ੍ਹਾਂ ਨੇ ਕਾਮਨਵੈਲਥ ਤੇ ਏਸ਼ੀਅਨ ਗੇਮਜ਼ ਵਿਚ ਗੋਲਡ ਮੈਡਲ ਜਿੱਤਿਆ ਹੈ।

ਆਈਓਸੀ ਨੇ ਕਿਹਾ, 'ਹਰੇਕ ਖੇਤਰ ਤੋਂ ਇਕ ਮਹਿਲਾ ਅਤੇ ਇਕ ਪੁਰਸ਼ ਦੂਤ ਮੁੱਕੇਬਾਜ਼ੀ ਖੇਤਰ ਤੋਂ ਨਿੱਜੀ ਅਤੇ ਡਿਜੀਟਲ ਰੂਪ ਨਾਲ ਜੁੜਨ ਦੀ ਭੂਮਿਕਾ ਨਿਭਾਉਣਗੇ। ਉਹ ਟੋਕੀਓ ਓਲੰਪਿਕ ਗੇਮਜ਼ 2020 ਦੇ ਮੁੱਕੇਬਾਜ਼ੀ ਟੂਰਨਾਮੈਂਟ ਤੇ ਕੁਆਲੀਫਾਇੰਗ ਮੁਕਾਬਲਿਆਂ ਦੀ ਯੋਜਨਾ ਬਣਾਉਣ ਲਈ ਖਿਡਾਰੀਆਂ ਦੇ ਸੁਝਾਵਾਂ ਨੂੰ ਮੁੱਕੇਬਾਜ਼ੀ ਫੈਡਰੇਸ਼ਨ (ਬੀਟੀਐੱਫ) ਤਕ ਪਹੁੰਚਾਉਣ ਵਿਚ ਮਦਦ ਕਰਨਗੇ।'

ਆਈਓਸੀ ਨੇ ਇਸ ਸਾਲ ਅੰਤਰਰਾਸ਼ਟਰੀ ਮੁੱਕੇਬਾਜ਼ੀ ਐਸੋਸੀਏਸ਼ਨ (ਏਆਈਬੀਏ) ਤੋਂ ਓਲੰਪਿਕ ਮੁਕਾਬਲੇ ਦਾ ਅਧਿਕਾਰ ਖੋਹ ਲਿਆ ਸੀ ਅਤੇ ਪੂਰੀ ਕੁਆਲੀਫਾਇੰਗ ਪ੍ਰਕਿਰਿਆ ਨੂੰ ਆਪਣੇ ਹੱਥ ਵਿਚ ਲੈ ਲਿਆ। ਆਈਓਸੀ ਦਾ ਕਹਿਣਾ ਹੈ ਕਿ ਪ੍ਰਸ਼ਾਸਨਿਕ ਅਖੰਡਤਾ ਅਤੇ ਵਿੱਤ ਪ੍ਰਬੰਧਨ ਦੇ ਮਾਮਲੇ ਵਿਚ ਏਆਈਬੀਏ ਸਾਰੀਆਂ ਚੀਜ਼ਾਂ ਨੂੰ ਸਹੀ ਕਰਨ ਵਿਚ ਨਾਕਾਮ ਰਿਹਾ ਹੈ।