ਨਵੀਂ ਦਿੱਲੀ (ਜੇਐੱਨਐੱਨ) : ਦਿੱਗਜ ਮੁੱਕੇਬਾਜ਼ ਤੇ ਰਾਜ ਸਭਾ ਮੈਂਬਰ ਐੱਮਸੀ ਮੈਰੀਕਾਮ ਵਿਵਾਦਾਂ ਵਿਚ ਫਸਦੀ ਦਿਖਾਈ ਦੇ ਰਹੀ ਹੈ। ਮੈਰੀ ਕਾਮ ਨੇ ਮਹਾਮਾਰੀ ਦਾ ਰੂਪ ਲੈ ਚੁੱਕੇ ਕੋਰੋਨਾ ਵਾਇਰਸ 'ਤੇ ਆਇਸੋਲੇਸ਼ਨ ਦਾ ਪ੍ਰੋਟੋਕਾਲ ਤੋੜਿਆ ਹੈ। ਸਿਹਤ ਸੁਰੱਖਿਆ ਨਾਲ ਜੁੜਿਆ ਇਹ ਪ੍ਰੋਟੋਕਾਲ ਤੋੜ ਕੇ ਮੈਰੀ ਕਾਮ ਸਿੱਧਾ ਰਾਸ਼ਟਰਪਤੀ ਭਵਨ ਪੁੱਜੀ। ਪਿਛਲੇ ਦਿਨੀਂ ਮੈਰੀਕਾਮ ਜਾਰਡਨ ਵਿਚ ਏਸ਼ੀਆ-ਓਸੀਆਨਾ ਓਲੰਪਿਕ ਕੁਆਲੀਫਾਇਰਜ਼ ਵਿਚ ਖੇਡ ਕੇ ਵਾਪਿਸ ਦੇਸ਼ ਪਰਤੀ ਸੀ। ਮੈਰੀ ਕਾਮ ਨੂੰ ਅਹਿਤਿਆਤ ਵਜੋਂ 14 ਦਿਨ ਖ਼ੁਦ ਨੂੰ ਵੱਖ ਰੱਖਣਾ ਸੀ ਪਰ 18 ਮਾਰਚ ਨੂੰ ਮੈਰੀ ਕਾਮ ਰਾਸ਼ਟਰਪਤੀ ਭਵਨ ਵਿਚ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਈ ਸੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇਸ ਦਿਨ ਉੱਤਰ ਪ੍ਰਦੇਸ਼ ਤੇ ਰਾਜਸਥਾਨ ਤੋਂ ਆਉਣ ਵਾਲੇ ਸੰਸਦ ਮੈਂਬਰਾਂ ਨੂੰ ਸੱਦਾ ਦਿੱਤਾ ਸੀ। ਇਸ ਪ੍ਰੋਗਰਾਮ ਵਿਚ ਮੈਰੀ ਕਾਮ ਵੀ ਸੀ। ਰਾਸ਼ਟਰਪਤੀ ਦੇ ਅਧਿਕਾਰਕ ਟਵਿੱਟਰ ਹੈਂਡਲ 'ਤੇ ਜਾਰੀ ਇਸ ਪ੍ਰੋਗਰਾਮ ਦੀਆਂ ਤਸਵੀਰਾਂ ਵਿਚ ਮੈਰੀ ਕਾਮ ਨੂੰ ਸਾਫ਼ ਦੇਖਿਆ ਜਾ ਸਕਦਾ ਹੈ। ਮੈਰੀ 13 ਮਾਰਚ ਨੂੰ ਹੀ ਭਾਰਤ ਮੁੜੀ ਸੀ ਤੇ ਇਸ ਲਿਹਾਜ਼ ਨਾਲ 27 ਮਾਰਚ ਤੋਂ ਪਹਿਲਾਂ ਉਨ੍ਹਾਂ ਨੂੰ ਜਨਤਕ ਪ੍ਰੋਗਰਾਮਾਂ ਜਾਂ ਆਮ ਲੋਕਾਂ ਵਿਚਾਲੇ ਨਹੀਂ ਜਾਣਾ ਚਾਹੀਦਾ ਸੀ। ਇਸ ਪ੍ਰੋਗਰਾਮ ਵਿਚ ਬੀਜੇਪੀ ਦੇ ਸੰਸਦ ਮੈਂਬਰ ਦੁਸ਼ਯੰਤ ਸਿੰਘ ਵੀ ਮੌਜੂਦ ਸਨ ਜੋ ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਪੀੜਤ ਗਾਇਕਾ ਕਨਿਕਾ ਕਪੂਰ ਦੀ ਪਾਰਟੀ ਵਿਚ ਵੀ ਮੌਜੂਦ ਸਨ। ਹਾਲਾਂਕਿ ਉਨ੍ਹਾਂ ਦੀ ਕੋਰੋਨਾ ਟੈਸਟ ਦੀ ਰਿਪੋਰਟ ਨੈਗੇਟਿਵ ਆ ਗਈ ਹੈ। ਮੈਰੀ ਨੇ ਜਾਰਡਨ ਵਿਚ ਇਸ ਚੈਂਪੀਅਨਸ਼ਿਪ ਵਿਚ ਹਿੱਸਾ ਲੈ ਕੇ ਦੂਜੀ ਵਾਰ ਆਪਣਾ ਓਲੰਪਿਕ ਦਾ ਟਿਕਟ ਪੱਕਾ ਕੀਤਾ ਹੈ। ਇਸ ਟੂਰਨਾਮੈਂਟ ਤੋਂ ਪਹਿਲਾਂ ਉਹ ਭਾਰਤੀ ਮੁੱਕੇਬਾਜ਼ੀ ਟੀਮ ਨਾਲ ਟ੍ਰੇਨਿੰਗ ਲਈ ਇਟਲੀ ਵੀ ਗਈ ਸੀ।

ਕੋਰੋਨਾ ਦੇ ਬਾਵਜੂਦ ਟ੍ਰੇਨਿੰਗ 'ਚ ਰੁੱਝੀ ਭਾਰਤੀ ਹਾਕੀ ਟੀਮ

ਬੈਂਗਲੁਰੂ (ਜੇਐੱਨਐੱਨ) : ਕੋਵਿਡ-19 ਦੇ ਚਲਦੇ ਇੱਥੇ ਭਾਰਤੀ ਖੇਡ ਅਥਾਰਟੀ (ਸਾਈ) ਸੈਂਟਰ ਦੇ ਅੰਦਰ ਹੀ ਅਭਿਆਸ ਕਰ ਰਹੀ ਭਾਰਤੀ ਮਰਦ ਤੇ ਮਹਿਲਾ ਹਾਕੀ ਟੀਮ ਸੁਰੱਖਿਅਤ ਮਾਹੌਲ ਵਿਚ ਟੋਕੀਓ ਓਲੰਪਿਕ ਦੀ ਤਿਆਰੀ ਨਾਲ ਖ਼ੁਸ਼ ਹੈ। ਚੌਤਰਫ਼ਾ ਮਾਹੌਲ ਕੋਰੋਨਾ ਵਾਇਰਸ ਦਾ ਬਣਿਆ ਹੋਇਆ ਹੈ ਪਰ ਇਸ ਦੇ ਬਾਵਜੂਦ ਦੋਵੇਂ ਟੀਮਾਂ ਦੇ ਕਪਤਾਨਾਂ ਸਮੇਤ ਸਾਰੇ ਖਿਡਾਰੀ ਖ਼ੁਸ਼ ਹਨ। ਸਾਈ ਸੈਂਟਰ 'ਤੇ ਬਾਹਰੀ ਵਿਅਕਤੀਆਂ ਦੇ ਪ੍ਰਵੇਸ਼ 'ਤੇ ਪਾਬੰਦੀ ਲਾਈ ਗਈ ਹੈ। ਇੱਥੇ ਅਭਿਆਸ ਦੀਆਂ ਸਾਰੀਆਂ ਸਹੂਲਤਾਂ ਉਪਲੱਬਧ ਹਨ ਤੇ ਕੋਈ ਅਣਅਧਿਕਾਰਤ ਵਿਅਕਤੀ ਪ੍ਰਵੇਸ਼ ਨਹੀਂ ਕਰ ਸਕਦਾ। ਇਸ ਸਾਲ ਜਾਪਾਨ ਵਿਚ ਹੋਣ ਵਾਲੇ ਓਲੰਪਿਕ ਦੀਆਂ ਤਿਆਰੀਆਂ ਨੂੰ ਲੈ ਕੇ ਹਾਕੀ ਇੰਡੀਆ ਨੇ ਵੱਖ-ਵੱਖ ਗੇੜਾਂ ਦੇ ਤਰੀਕਿਆਂ ਨਾਲ ਕੈਂਪਾਂ ਦਾ ਪ੍ਰਬੰਧ ਕੀਤਾ ਹੈ। ਇਹ ਦੋਵਾਂ ਟੀਮਾਂ ਲਈ ਹੁੰਦਾ ਹੈ ਤੇ ਪ੍ਰਸ਼ਾਸਨ ਟੀਮਾਂ ਨੂੰ ਤਿਆਰ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ। ਕੋਵਿਡ-19 ਕਾਰਨ ਸਾਡੇ ਅਭਿਆਸ ਸੈਸ਼ਨ 'ਤੇ ਕੋਈ ਅਸਰ ਨਹੀਂ ਪਿਆ। ਅਸੀਂ ਲਗਾਤਾਰ ਆਪਣੇ ਹੱਥ ਧੋ ਰਹੇ ਹਾਂ ਤੇ ਤਾਪਮਾਨ ਦੀ ਜਾਂਚ ਵੀ ਰੈਗੂਲਰ ਤੌਰ 'ਤੇ ਹੋ ਰਹੀ ਹੈ। ਸਾਨੂੰ ਪੂਰਾ ਸੁਰੱਖਿਅਤ ਮਾਹੌਲ ਦਿੱਤਾ ਜਾ ਰਿਹਾ ਹੈ।

ਮਨਪ੍ਰੀਤ ਸਿੰਘ, ਕਪਤਾਨ, ਮਰਦ ਹਾਕੀ ਟੀਮ

ਅਸੀਂ ਖ਼ੁਸ਼ਕਿਸਮਤ ਹਾਂ ਕਿ ਇੱਥੇ ਸਾਈ ਕੰਪਲੈਕਸ ਵਿਚ ਅਜਿਹੀ ਸਹੂਲਤ ਹੈ। ਸਾਰੇ ਸਖ਼ਤ ਮਿਹਨਤ ਕਰ ਰਹੇ ਹਨ ਤਾਂਕਿ ਹਾਕੀ ਟੀਮ ਓਲੰਪਿਕ ਦੀ ਤਿਆਰੀ ਜਾਰੀ ਰੱਖ ਸਕੇ। ਸਾਡੀ ਸਿਹਤ ਦੀ ਰੋਜ਼ ਜਾਂਚ ਹੋ ਰਹੀ ਹੈ। ਅਸੀਂ ਅਹਿਤਿਆਤ ਵਰਤ ਰਹੇ ਹਾਂ। ਸਾਈ ਸੈਂਟਰ ਦੇ ਅਧਿਕਾਰੀ ਸਾਡੀ ਪੂਰੀ ਮਦਦ ਕਰ ਰਹੇ ਹਨ।

ਰਾਣੀ ਰਾਮਪਾਲ, ਕਪਤਾਨ, ਮਹਿਲਾ ਹਾਕੀ ਟੀਮ

ਕੋਰੋਨਾ ਦਾ ਅਸਰ

-ਅੰਤਰਰਾਸ਼ਟਰੀ ਬੈਡਮਿੰਟਨ ਸੰਘ ਨੇ ਥਾਮਸ ਤੇ ਉਬਰ ਕੱਪ ਤਿੰਨ ਮਹੀਨੇ ਮੁਲਤਵੀ ਕੀਤਾ।

-25 ਮਾਰਚ ਤੋਂ ਦੁਬਾਰਾ ਟ੍ਰੇਨਿੰਗ 'ਤੇ ਮੁੜੇਗਾ ਇਟਲੀ ਦਾ ਕਲੱਬ ਨਾਪੋਲੀ।

-ਇਟੈਲੀਅਨ ਫੁੱਟਬਾਲ ਕਲੱਬ ਰੋਮਾ ਆਪਣੇ ਖਿਡਾਰੀਆਂ ਤੇ ਸਟਾਫ ਦੀ ਤਨਖ਼ਾਹ ਹਸਪਤਾਲਾਂ ਨੂੰ ਦਾਨ ਕਰੇਗਾ।

-ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ ਨੇ ਆਪਣੀਆਂ ਸਾਰੀਆਂ ਸਰਗਰਮੀਆਂ 28 ਮਈ ਤਕ ਰੋਕੀਆਂ।

-ਚੀਨੀ ਫੁੱਟਬਾਲਰ ਵੂ ਲੀ ਦਾ ਸਪੇਨ ਵਿਚ ਕੋਰੋਨਾ ਟੈਸਟ ਪਾਜ਼ੀਟਿਵ ਪਾਇਆ ਗਿਆ।

-ਬੈਂਕਾਕ ਵਿਚ ਛੇ ਮਾਰਚ ਨੂੰ ਹੋਏ ਕਿਕ ਬਾਕਸਿੰਗ ਮੈਚ ਨਾਲ ਫੈਲਿਆ ਵਾਇਰਸ।

-ਖਾਲੀ ਸਟੇਡੀਅਮ ਵਿਚ ਸ਼ੁਰੂ ਹੋਏ ਆਸਟ੍ਰੇਲੀਆ ਫੁੱਟਬਾਲ ਲੀਗ ਦੇ ਮੁਕਾਬਲੇ।

-ਸ੍ਰੀਲੰਕਾ ਨੇ ਸਾਰੇ ਘਰੇਲੂ ਟੂਰਨਾਮੈਂਟ ਕੀਤੇ ਮੁਲਤਵੀ।

-ਸਹਾਇਤਾ ਲਈ ਮਾਨਚੈਸਟਰ ਯੂਨਾਈਟਿਡ ਤੇ ਮਾਨਚੈਸਟਰ ਸਿਟੀ ਅੱਗੇ ਆਏ।

-ਖਿਡਾਰੀਆਂ ਦੀ ਤਨਖ਼ਾਹ ਕੱਟ ਕਰ ਸਕਦਾ ਹੈ ਬਾਰਸੀਲੋਨਾ।

-ਲੰਡਨ ਵਿਚ ਪੀੜਤ ਲੋਕਾਂ ਵਿਚਾਲੇ ਰਹਿਣ ਤੋਂ ਬਾਅਦ ਐੱਫ ਵਨ ਚੈਂਪੀਅਨ ਲੁਇਸ ਹੈਮੀਲਟਨ ਆਈਸੋਲੇਸ਼ਨ ਵਿਚ ਗਏ।