ਨਵੀਂ ਦਿੱਲੀ (ਏਜੰਸੀ) : ਭਾਰਤੀ ਮਹਿਲਾ ਮਹਾਰਥੀ ਮੁੱਕੇਬਾਜ਼ ਐੱਮਸੀ ਮੈਰੀਕਾਮ ਪਿਛਲੇ ਵਰ੍ਹੇ ਛੇਵੇਂ ਵਿਸ਼ਵ ਚੈਂਪੀਅਨਸ਼ਿਪ ਖ਼ਿਤਾਬ ਦੀ ਬਦੌਲਤ ਕੌਮਾਂਤਰੀ ਮੁੱਕੇਬਾਜ਼ੀ ਸੰਘ (ਏਆਈਬੀਏ) ਦੀ ਵਿਸ਼ਵ ਰੈਂਕਿੰਗ 'ਚ ਨੰਬਰ ਇਕ ਥਾਂ 'ਤੇ ਪੁੱਜ ਗਈ ਹੈ।

ਮਣੀਪੁਰ ਦੀ ਇਸ ਮੁੱਕੇਬਾਜ਼ ਨੇ ਪਿਛਲੇ ਵਰ੍ਹੇ ਨਵੰਬਰ 'ਚ ਦਿੱਲੀ 'ਚ ਹੋਈ ਵਿਸ਼ਵ ਚੈਂਪੀਅਨਸ਼ਿਪ 'ਚ ਇਤਿਹਾਸ ਰੱਚਦੇ ਹੋਏ 48 ਕਿੱਲੋ ਦਾ ਖ਼ਿਤਾਬ ਆਪਣੀ ਝੋਲੀ 'ਚ ਪਾਇਆ ਸੀ, ਜਿਸ ਨਾਲ ਉਹ ਟੂਰਨਾਮੈਂਟ ਦੀ ਸਭ ਤੋਂ ਸਫਲ ਮੁੱਕੇਬਾਜ਼ ਬਣ ਗਈ ਸੀ। ਏਆਈਬੀਏ ਦੀ ਰੈਂਕਿੰਗ 'ਚ ਮੈਰੀਕਾਮ 48 ਕਿੱਲੋ 'ਚ 1700 ਅੰਕ ਲੈ ਕੇ ਟਾਪ 'ਤੇ ਕਾਬਜ਼ ਹੈ। ਮੈਰੀਕਾਮ ਨੂੰ 2020 ਓਲੰਪਿਕ ਦਾ ਸੁਪਨਾ ਪੂਰਾ ਕਰਨ ਲਈ 51 ਕਿੱਲੋ 'ਚ ਖੇਡਣਾ ਹੋਵੇਗਾ, ਕਿਉਂਕਿ 48 ਕਿੱਲੋ ਨੂੰ ਅਜੇ ਤਕ ਖੇਡਾਂ ਦੇ ਵਜ਼ਨ ਵਰਗ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਤਿੰਨ ਬੱਚਿਆਂ ਦੀ ਮਾਂ 36 ਸਾਲ ਦੀ ਇਸ ਮੁੱਕੇਬਾਜ਼ ਨੇ 2018 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਵਿਸ਼ਵ ਚੈਂਪੀਅਨਸ਼ਿਪ ਤੋਂ ਇਲਾਵਾ ਕਾਮਨਵੈਲਥ ਖੇਡਾਂ ਤੇ ਪੋਲੈਂਡ 'ਚ ਇਕ ਟੂਰਨਾਮੈਂਟ 'ਚ ਪਹਿਲਾ ਥਾਂ ਹਾਸਲ ਕੀਤਾ ਸੀ। ਉਨ੍ਹਾਂ ਬੁਲਗਾਰੀਆ 'ਚ ਪ੍ਰਸਿੱਧ ਸਟਰੈਂਡਜਾ ਮੈਮੋਰੀਅਲ 'ਚ ਸਿਲਵਰ ਮੈਡਲ ਜਿੱਤਿਆ ਸੀ।

ਹੋਰ ਭਾਰਤੀਆਂ 'ਚ ਪਿੰਕੀ ਜਾਂਗੜਾ 51 ਕਿੱਲੋ ਸੂਚੀ 'ਚ ਅੱਠਵੇਂ ਥਾਂ 'ਤੇ ਹਨ। ਏਸ਼ੀਆਈ ਸਿਲਵਰ ਮੈਡਲ ਧਾਰਕ ਮਨੀਸ਼ਾ ਮਾਊਨ ਵੀ 54 ਕਿੱਲੋ ਵਰਗ 'ਚ ਇਸੇ ਥਾਂ 'ਤੇ ਹਨ। ਵਿਸ਼ਵ ਚੈਂਪੀਅਨਸ਼ਿਪ 'ਚ ਸਿਲਵਰ ਮੈਡਲ ਧਾਰੀ ਸੋਨੀਆ ਲਾਠੇਰ 57 ਕਿੱਲੋ 'ਚ ਦੂਜੇ ਥਾਂ, ਜਦਕਿ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸਾ ਮੈਡਲ ਧਾਰੀ ਸਿਮਰਨਜੀਤ ਕੌਰ (64 ਕਿੱਲੋ) ਹਾਲ 'ਚ ਰਾਸ਼ਟਰੀ ਚੈਂਪੀਅਨ ਬਣੀ ਤੇ ਆਪਣੇ ਵਰਗ 'ਚ ਚੌਥੇ ਥਾਂ 'ਤੇ ਹੈ। ਉਨ੍ਹਾਂ ਤੋਂ ਇਲਾਵਾ ਸਾਬਕਾ ਵਿਸ਼ਵ ਚੈਂਪੀਅਨ ਐੱਲ ਸਰਿਤਾ ਦੇਵੀ 16ਵੇਂ ਥਾਂ 'ਤੇ ਹੈ, ਜਦਕਿ ਇੰਡੀਆ ਓਪਨ ਦੀ ਗੋਲਡ ਮੈਡਲ ਧਾਰੀ ਤੇ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸਾ ਮੈਡਲ ਜੇਤੂ ਲਵਲੀਨਾ ਬੋਰਗੋਹੇਨ 69 ਕਿੱਲੋ 'ਚ ਪੰਜਵੇਂ ਥਾਂ 'ਤੇ ਹਨ।