ਕ੍ਰਿਸ਼ਨ ਗੋਪਾਲ, ਲੁਧਿਆਣਾ : ਲੁਧਿਆਣਾ ਬਾਸਕਟਬਾਲ ਅਕਾਦਮੀ ਦੀ ਮਨਮੀਤ ਕੌਰ ਨੂੰ ਭਾਰਤੀ ਬਾਸਕਟਬਾਲ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਭਾਰਤੀ ਮਹਿਲਾ ਕੋਚ ਦੀ ਭੂਮਿਕਾ 'ਚ ਸਲੋਨੀ ਹੋਵੇਗੀ। ਨਾਲ ਹੀ ਕੋਮਲਪ੍ਰਰੀਤ ਕੌਰ ਦੀ ਖਿਡਾਰੀ ਵਜੋਂ ਚੋਣ ਹੋਈ। ਇਹ ਖਿਡਾਰਨਾਂ ਪੰਜਾਬ ਨਾਲ ਸਬੰਧਿਤ ਹਨ ਤੇ ਲੁਧਿਆਣਾ ਦੀਆਂ ਰਹਿਣ ਵਾਲੀਆਂ ਹਨ। ਇਨ੍ਹਾਂ ਨੇ ਲੁਧਿਆਣਾ ਬਾਸਕਟਬਾਲ ਅਕਾਦਮੀ ਤੋਂ ਸਿਖਲਾਈ ਲਈ ਹੈ।

ਫੀਬਾ ਬਾਸਕਟਬਾਲ ਚੈਂਪੀਅਨਸ਼ਿਪ ਅੰਡਰ-16 ਜਾਰਡਨ ਦੇ ਓਮਾਨ 'ਚ 24 ਤੋਂ 30 ਜੂਨ ਤਕ ਹੋਵੇਗੀ। ਮਹਿਲਾ ਟੀਮ 22 ਜੂੁਨ ਨੂੰ ਰਵਾਨਾ ਹੋਵੇਗੀ। ਇਨ੍ਹਾਂ ਤਿੰਨਾਂ ਦੀ ਚੋਣ 'ਤੇ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਪ੍ਰਧਾਨ, ਸੈਕਟਰੀ, ਬਾਸਕਟਬਾਲ ਪ੍ਰਰੇਮੀਆਂ ਨੇ ਖ਼ੁਸ਼ੀ ਪ੍ਰਗਟ ਕੀਤੀ ਤੇ ਖਿਡਾਰੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਪੀਬੀਏ ਦੇ ਜਨਰਲ ਸਕੱਤਰ ਤੇਜਾ ਸਿੰਘ ਧਾਲੀਵਾਲ ਨੇ ਕਿਹਾ ਕਿ ਮਨਮੀਤ ਕੌਰ ਦਾ ਭਾਰਤੀ ਟੀਮ ਦਾ ਕਪਤਾਨ ਬਣਨਾ ਸਾਡੇ ਲਈ ਮਾਣ ਦੀ ਗੱਲ ਹੈ। ਇਸ ਦੇ ਲਈ ਉਹ ਵਧਾਈ ਦੀ ਪਾਤਰ ਹੈ।

ਇਸ ਮੌਕੇ ਮਨਮੀਤ ਕੌਰ ਨੇ ਕਿਹਾ ਕਿ ਭਾਰਤੀ ਬਾਸਕਟਬਾਲ ਟੀਮ ਦੇ ਕਪਤਾਨ ਬਣਨ ਪਿੱਛੇ ਮੇਰੇ ਕੋਚ, ਸਾਥੀਆਂ ਤੇ ਮਾਤਾ-ਪਿਤਾ ਦਾ ਪੂਰਾ ਸਹਿਯੋਗ ਰਿਹਾ ਹੈ।