ਉਲਾਨ ਉਦੇ (ਏਐੱਨਆਈ) : ਭਾਰਤੀ ਮਹਿਲਾ ਮੁੱਕੇਬਾਜ਼ ਮੰਜੂ ਰਾਣੀ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦਾ ਫਾਈਨਲ ਹਾਰ ਗਈ। ਰੂਸ ਦੇ ਉਲਾਨ ਉਦੇ 'ਚ ਖੇਡੀ ਜਾ ਰਹੀ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦਾ ਫਾਈਨਲ ਮੁਕਾਬਲਾ ਐਤਵਾਰ ਨੂੰ ਭਾਰਤ ਦੀ ਉੱਭਰਦੀ ਹੋਈ ਮਹਿਲਾ ਮੁੱਕੇਬਾਜ਼ ਮੰਜੂ ਰਾਣੀ ਤੇ ਏਕਾਤੇਰਿਨਾ ਪਾਲਸੇਵਾ ਵਿਚਾਲੇ ਖੇਡਿਆ ਗਿਆ ਜਿਸ ਵਿਚ ਮੰਜੂ ਰਾਣੀ ਨੂੰ 4-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦੂਜਾ ਦਰਜਾ ਹਾਸਲ ਰੂਸ ਦੀ ਖਿਡਾਰਨ ਏਕਾਤੇਰਿਨਾ ਨੇ 48 ਕਿਲੋਗ੍ਰਾਮ ਭਾਰ ਦੇ ਵਰਗ ਵਿਚ ਭਾਰਤੀ ਖਿਡਾਰਨ ਨੂੰ ਮਾਤ ਦੇ ਕੇ ਗੋਲਡ ਮੈਡਲ 'ਤੇ ਕਬਜ਼ਾ ਕੀਤਾ। ਉਥੇ ਭਾਰਤੀ ਮੁੱਕੇਬਾਜ਼ ਰਾਣੀ ਨੂੰ ਸਿਲਵਰ ਮੈਡਲ ਨਾਲ ਸਬਰ ਕਰਨਾ ਪਿਆ। ਟੂਰਨਾਮੈਂਟ ਦਾ ਛੇਵਾਂ ਦਰਜਾ ਹਾਸਲ ਮੰਜੂ ਰਾਣੀ ਨੇ ਥਾਈਲੈਂਡ ਦੀ ਚੁਟਾਹਮਤ ਰਖਸਤ ਨੂੰ 4-1 ਨਾਲ ਹਰਾ ਕੇ ਸ਼ਨਿਚਰਵਾਰ ਨੂੰ ਇਸ ਦੇ ਫਾਈਨਲ ਵਿਚ ਥਾਂ ਬਣਾਈ ਸੀ। 18 ਸਾਲ ਦੇ ਇਤਿਹਾਸ ਵਿਚ ਭਾਰਤ ਲਈ ਅਜਿਹਾ ਪਹਿਲੀ ਵਾਰ ਸੀ ਜਦ ਕੋਈ ਮਹਿਲਾ ਖਿਡਾਰਨ ਇਸ ਟੂਰਨਾਮੈਂਟ ਦੇ ਫਾਈਨਲ ਵਿਚ ਪੁੱਜੀ ਸੀ। ਇਸ ਤੋਂ ਪਹਿਲਾਂ ਸਿਰਫ ਮੈਰੀ ਕਾਮ 2001 'ਚ ਇਸ ਟੂਰਨਾਮੈਂਟ ਦੇ ਫਾਈਨਲ ਵਿਚ ਪੁੱਜ ਸਕੀ ਸੀ ਜਿੱਥੇ ਉਨ੍ਹਾਂ ਨੂੰ ਸਿਲਵਰ ਮੈਡਲ ਨਾਲ ਸਬਰ ਕਰਨਾ ਪਿਆ ਸੀ। ਉਹ ਭਾਰਤ ਹੀ ਨਹੀਂ ਬਲਕਿ ਦੁਨੀਆ ਦੀ ਸਭ ਤੋਂ ਜ਼ਿਆਦਾ ਖ਼ਿਤਾਬ ਜਿੱਤਣ ਵਾਲੀ ਖਿਡਾਰਨ ਹੈ। ਇਸ ਤੋਂ ਇਲਾਵਾ ਇਸ ਸਾਲ ਉਹ ਭਾਰਤ ਵੱਲੋਂ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪੁੱਜਣ ਵਾਲੀ ਇਕਲੌਤੀ ਖਿਡਾਰਨ ਸੀ। ਮਹਿਲਾ ਮੁੱਕੇਬਾਜ਼ ਮੰਜੂ ਰਾਣੀ ਨੇ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿਚ ਨਾਰਥ ਕੋਰੀਆ ਦੀ ਕਿਮ ਹੁਆਂਗ ਮੀ ਨੂੰ ਕਰਾਰੀ ਮਾਤ ਦਿੱਤੀ ਸੀ। ਇਸ ਜਿੱਤ ਨਾਲ ਇਕ ਮੈਡਲ ਪੱਕਾ ਹੋ ਗਿਆ ਸੀ ਜੋ ਸਿਲਵਰ 'ਤੇ ਜਾ ਕੇ ਸਮਾਪਤ ਹੋ ਗਿਆ। ਕਿਮ ਹੁਆਂਗ ਨੂੰ ਮੰਜੂ ਰਾਣੀ ਨੇ 4-1 ਨਾਲ ਹਰਾਇਆ ਸੀ। ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ 52 ਕਿਲੋਗ੍ਰਾਮ ਭਾਰ ਵਰਗ ਵਿਚ ਮੈਰੀ ਕਾਮ, 54 ਕਿਲੋਗ੍ਰਾਮ ਭਾਰ ਵਰਗ ਵਿਚ ਜਮੁਨਾ ਬੋਰੋ ਤੇ 69 ਕਿਲੋਗ੍ਰਾਮ ਭਾਰ ਵਰਗ ਵਿਚ ਲਵਲੀਨਾ ਨੂੰ ਕਾਂਸੇ ਦੇ ਮੈਡਲਾਂ ਨਾਲ ਸਬਰ ਕਰਨਾ ਪਿਆ। ਇਹ ਤਿੰਨੇ ਭਾਰਤੀ ਖਿਡਾਰਨਾਂ ਸੈਮੀਫਾਈਨਲ 'ਚੋਂ ਬਾਹਰ ਹੋ ਗਈਆਂ ਸਨ। ਇਸ ਤਰ੍ਹਾਂ ਚਾਰ ਮੈਡਲਾਂ ਨਾਲ ਭਾਰਤ ਦੀ ਇਸ ਚੈਂਪੀਅਨਸ਼ਿਪ ਵਿਚ ਮੁਹਿੰਮ ਸਮਾਪਤ ਹੋ ਗਈ। ਬਾਵਜੂਦ ਇਸ ਦੇ ਮੈਰੀ ਕਾਮ ਇਸ ਟੂਰਨਾਮੈਂਟ ਵਿਚ ਸਭ ਤੋਂ ਜ਼ਿਆਦਾ ਮੈਡਲ ਜਿੱਤਣ ਵਾਲੀ ਮਹਿਲਾ ਖਿਡਾਰਨ ਬਣ ਗਈ।

ਪੰਜਾਬ ਲਈ ਜਿੱਤ ਚੁੱਕੀ ਹੈ ਰਾਸ਼ਟਰੀ ਖ਼ਿਤਾਬ :

ਰਾਣੀ ਨੇ ਇਸ ਸਾਲ ਪੰਜਾਬ ਲਈ ਰਾਸ਼ਟਰੀ ਖ਼ਿਤਾਬ ਜਿੱਤ ਕੇ ਰਾਸ਼ਟਰੀ ਕੈਂਪ ਵਿਚ ਥਾਂ ਬਣਾਈ ਸੀ। ਉਨ੍ਹਾਂ ਨੂੰ ਆਪਣੇ ਸੂਬੇ ਹਰਿਆਣਾ ਤੋਂ ਮੌਕਾ ਨਹੀਂ ਮਿਲਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਦੀ ਨੁਮਾਇੰਦਗੀ ਕੀਤੀ ਸੀ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਵਿਚ ਪ੍ਰਵੇਸ਼ ਲਿਆ ਤੇ ਟੂਰਨਾਮੈਂਟ ਵਿਚ ਹਿੱਸਾ ਲੈਣਾ ਸ਼ੁਰੂ ਕੀਤਾ। ਉਨ੍ਹਾਂ ਨੇ ਇਸ ਸਾਲ ਪਹਿਲੀ ਵਾਰ ਸਟ੍ਰਾਂਜਾ ਮੈਮੋਰੀਅਲ ਟੂਰਨਾਮੈਂਟ ਖੇਡਦੇ ਹੋਏ ਸਿਲਵਰ ਮੈਡਲ ਜਿੱਤਿਆ ਸੀ। ਰੋਹਤਕ ਦੇ ਰਿਠਾਲਾ ਪਿੰਡ ਦੀ ਰਹਿਣ ਵਾਲੀ ਰਾਣੀ ਦੇ ਪਿਤਾ ਬੀਐੱਸਐੱਫ ਵਿਚ ਅਧਿਕਾਰੀ ਸਨ ਜਿਨ੍ਹਾਂ ਦਾ ਕੈਂਸਰ ਕਾਰਨ 2010 ਵਿਚ ਦੇਹਾਂਤ ਹੋ ਗਿਆ ਸੀ।