ਭਾਰਤੀ ਮਹਿਲਾ ਫੁੱਟਬਾਲ ਟੀਮ ’ਚ ਆਪਣੀਆਂ ਨਿਵੇਕਲੀਆਂ ਪੈੜਾਂ ਪਾਉਣ ਵਾਲੀ ਮਨੀਸ਼ਾ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਮੁਕਾਬਲਿਆਂ ’ਚ ਭਾਗ ਲੈ ਚੁੱਕੀ ਹੈ। ਮਾਹਿਲਪੁਰ ਲਾਗਲੇ ਪਿੰਡ ਮੁੱਗੋਵਾਲ ਦੀ ਇਹ ਖਿਡਾਰਨ ਇਕ ਸਧਾਰਨ ਪਰਿਵਾਰ ’ਚ ਜਨਮ ਲੈ ਕੇ ਬੜੀ ਛੋਟੀ ਉਮਰ ’ਚ ਹੀ ਸਟਾਰ ਬਣ ਗਈ। ਜੁਲਾਈ, 2022 ’ਚ ਉਸ ਨੂੰ ਸਾਈਪ੍ਰਸ ਦੇ ਅਪੋਲੋ ਲੇਡੀਜ਼ ਕਲੱਬ ਨੇ ਦੋ ਸਾਲ ਵਾਸਤੇ ਆਪਣੀ ਮੈਂਬਰ ਚੁਣਿਆ ਤਾਂ ਉਹ ਭਾਰਤ ਦੀ ਪਹਿਲੀ ਮਹਿਲਾ ਫੁੱਟਬਾਲ ਖਿਡਾਰਨ ਬਣ ਗਈ, ਜੋ ਵਿਸ਼ਵ ਚੈਂਪੀਅਨ ਲੀਗ ’ਚ ਆਪਣੇ ਜੌਹਰ ਦਿਖਾਵੇਗੀ।

ਕਈ ਦੇਸ਼ਾਂ ’ਚ ਮਨਵਾ ਚੁੱਕੀ ਹੈ ਲੋਹਾ

ਮਨੀਸ਼ਾ ਆਪਣੀ ਖੇਡ ਬੁਲੰਦੀ ਸਦਕਾ ਅਫਰੀਕਾ, ਥਾਈਲੈਂਡ, ਇੰਡੋਨੇਸ਼ੀਆ, ਹਾਂਗਕਾਂਗ, ਤੁਰਕੀ, ਭੂਟਾਨ, ਉਜ਼ਬੇਕਸਤਾਨ, ਬਰਮਾ ਅਤੇ ਨੇਪਾਲ ਸਮੇਤ 15 ਦੇਸ਼ਾਂ ’ਚ ਆਪਣੀ ਖੇਡ ਦਾ ਲੋਹਾ ਮਨਵਾ ਚੁਕੀ ਹੈ। ਹੁਣ ਉਹ ਸਾਈਪ੍ਰਸ ਕਲੱਬ ਰਾਹੀਂ ਵਿਸ਼ਵ ਪੱਧਰੀ ਮੁਕਾਬਲਿਆਂ ’ਚ ਆਪਣੀ ਜਾਦੂਮਈ ਖੇਡ ਦਾ ਪ੍ਰਦਰਸ਼ਨ ਕਰੇਗੀ। ਇਨ੍ਹਾਂ ਪ੍ਰਾਪਤੀਆਂ ਪਿੱਛੇ ਉਸ ਦੇ ਪਰਿਵਾਰ ਦੀ ਘਾਲਣਾ ਦਾ ਵਿਸ਼ੇਸ਼ ਹੱਥ ਹੈ, ਜਿਸ ਨੇ ਉਸ ਅੰਦਰ ਮਿਹਨਤ ਅਤੇ ਲਗਨ ਦਾ ਬੀਜ ਬੀਜਿਆ ਹੋਇਆ ਹੈ। ਪਰਿਵਾਰਕ ਪਿਛੋਕੜ ਤੇ ਵਾਤਾਵਰਨ ਮਨੁੱਖ ਨੂੰ ਪੂਰਨਤਾ ਦੇ ਰਾਹੇ ਪਾਉਂਦਾ ਹੈ।

ਉਸ ਦੇ ਪਰਿਵਾਰ ਨੇ ਉਸ ਨੂੰ ਸੰਤ ਅਤਰ ਸਿੰਘ ਖ਼ਾਲਸਾ ਸੈਕੰਡਰੀ ਸਕੂਲ ਪਾਲਦੀ ਵਿਖੇ ਪੜ੍ਹਨੇ ਪਾਇਆ ਤਾਂ ਉਹ ਫੁੱਟਬਾਲ ਦੀਆਂ ਸ਼ਾਨਦਾਰ ਕਿੱਕਾਂ ਮਾਰਨ ਲੱਗ ਪਈ। ਪਿ੍ਰੰਸੀਪਲ ਸ਼ਿਵ ਕੁਮਾਰ, ਮੈਨੇਜਰ ਅਜੀਤ ਸਿੰਘ ਤੇ ਸਰਬਜੀਤ ਸਿੰਘ ਮੰਝ ਵਰਗਿਆਂ ਨੇ ਉਸ ਦੀ ਖੇਡ ਕਲਾ ਨੂੰ ਨਿਖਾਰਨ ਦਾ ਜ਼ਿੰਮਾ ਚੁੱਕ ਲਿਆ। ਬਸ ਫਿਰ ਉਸ ਲਈ ਫੁੱਟਬਾਲ ਦੇ ਅੰਬਰ ’ਤੇ ਉੱਚੀਆਂ ਤੇ ਲੰਬੀਆਂ ਉਡਾਰੀਆਂ ਮਾਰਨ ਦੇ ਰਾਹ ਖੁੱਲ੍ਹ ਗਏ। ਇਸ ਸਕੂਲ ਦੀ ਕੋਚਿੰਗ ਤੇ ਮੈਦਾਨਾਂ ਕਰਕੇ ਹੀ ਉਹ ਅੰਤਰ ਰਾਸ਼ਟਰੀ ਪੱਧਰ ’ਤੇ ਮੱਲਾਂ ਮਾਰ ਰਹੀ ਹੈ। ਇਸ ਸਕੂਲ ਨੇ ਪਹਿਲਾਂ ਵੀ ਸੈਂਕੜੇ ਫੁੱਟਬਾਲਰ ਪੈਦਾ ਕੀਤੇ ਤੇ ਕਰ ਰਿਹਾ ਹੈ।

ਫੁੱਟਬਾਲ ਦੀ ਨਰਸਰੀ ਦਾ ਮਾਣ

ਮਨੀਸ਼ਾ 14 ਸਾਲ ਦੀ ਉਮਰ ਤੋਂ ਹੀ ਰਾਸ਼ਟਰੀ ਖੇਡਾਂ ’ਚ ਭਾਗ ਲੈਂਦੀ ਆ ਰਹੀ ਹੈ। ਉਹ ਜਿਸ ਵੀ ਮੁਕਾਬਲੇ ’ਚ ਖੇਡਦੀ ਹੈ, ਉਸ ਵਿਚ ਦੋ-ਤਿੰਨ ਗੋਲ ਤਾਂ ਅਕਸਰ ਮਾਰ ਹੀ ਜਾਂਦੀ ਹੈ। ਉਸ ਦੇ ਕੋਚਾਂ ਦਾ ਕਹਿਣਾ ਹੈ ਕਿ ਉਹ ਇਕ ਗੋਲ ਹੰਗਰੀ ਖਿਡਾਰਨ ਹੈ, ਜਿਸ ਕੋਲ ਕੌਮਾਂਤਰੀ ਪੱਧਰ ਦੀ ਖੇਡ ਪ੍ਰਤਿਭਾ ਮੌਜੂਦ ਹੈ। ਮਰਦਾਂ ਵਾਂਗ ਹਰ ਮੈਦਾਨ ’ਚ ਉਹ ਆਪਣੀਆਂ ਖੇਡ ਜੁਗਤਾਂ ਦੇ ਪ੍ਰਦਰਸ਼ਨ ਨਾਲ ਬੱਲੇ-ਬੱਲੇ ਖੱਟ ਜਾਂਦੀ ਹੈ। ਪਿ੍ਰੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਵੱਲੋਂ ਉਸ ਨੂੰ ਵਿਸ਼ੇਸ਼ ਸਨਮਾਨ ਪ੍ਰਦਾਨ ਕਰਦਿਆਂ ਪ੍ਰਧਾਨ ਕੁਲਵੰਤ ਸਿੰਘ ਸੰਘਾ ਨੇ ਕਿਹਾ ਕਿ ਇਹ ਸਾਡੀ ਲਾਡਲੀ ਧੀ ਫੁੱਟਬਾਲ ਦੀ ਨਰਸਰੀ ਦਾ ਮਾਣ ਬਣ ਕੇ ਦੇਸ਼-ਵਿਦੇਸ਼ ’ਚ ਖੇਡ ਰਹੀ ਹੈ। ਸਾਨੂੰ ਆਪਣੀਆਂ ਹੋਣਹਾਰ ਧੀਆਂ ’ਤੇ ਮਣਾਂ ਮੂੰਹੀਂ ਮਾਣ ਹੈ।

ਪੈਰਾਂ ਦੇ ਜਾਦੂ ਨਾਲ ਕੀਤਾ ਹੈਰਾਨ

ਮਨੀਸ਼ਾ ਨੇ ਅੰਤਰ ਰਾਸ਼ਟਰੀ ਪੱਧਰ ਤੱਕ ਪੁੱਜਣ ਲਈ ਅੱਠ ਵਾਰ ਰਾਜ ਪੱਧਰੀ ਫੁੱਟਬਾਲ ਮੁਕਾਬਲਿਆਂ ’ਚ ਆਪਣੀ ਖੇਡ ਕਲਾ ਦਾ ਪ੍ਰਦਰਸ਼ਨ ਕਰ ਕੇ ਸਭ ਨੂੰ ਹੈਰਾਨ ਕੀਤਾ। ਉਸ ਦੇ ਪੈਰਾਂ ਦਾ ਜਾਦੂ ਮੈਦਾਨ ’ਚ ਦੇਖਿਆ ਹੀ ਬਣਦਾ ਹੈ। ਮਰਦਾਂ ਵਰਗੇ ਜੁੱਸੇ ਨਾਲ ਉਹ ਮਰਦਾਵੀਂ ਖੇਡ ਦਾ ਹੀ ਪ੍ਰਦਰਸ਼ਨ ਕਰਦੀ ਹੈ। ਉਸ ਤੋਂ ਪਹਿਲਾਂ ਵੀ ਮਾਹਿਲਪੁਰ ਇਲਾਕੇ ਦੀਆਂ ਕੁਝ ਖਿਡਾਰਨਾਂ ਕੌਮੀ ਫੱੁਟਬਾਲ ਚੈਂਪੀਅਨਸ਼ਿਪ ’ਚ ਖੇਡਦੀਆਂ ਰਹੀਆਂ ਪਰ ਉਹ ਮਨੀਸ਼ਾ ਵਾਂਗ ਸ਼ਾਨਦਾਰ ਮੁਕਾਮ ਨਾ ਹਾਸਲ ਕਰ ਸਕੀਆਂ।

ਦੱਖਣੀ ਅਮਰੀਕਾ ’ਚ ਜੁਲਾਈ 2013 ਨੂੰ ਕਰਵਾਏ ਬਰਿਕਸ ਕੱਪ ’ਚ ਉਹ ਭਾਰਤੀ ਟੀਮ ਨਾਲ ਗਈ, ਜਿੱਥੇ ਉਸ ਨੇ ਚੀਨ ਖ਼ਿਲਾਫ਼ ਗੋਲ ਕਰ ਕੇ ਧੰਨ-ਧੰਨ ਕਰਵਾ ਦਿੱਤੀ। 18 ਸਾਲ ਉਮਰ ’ਚ ਸੈਫ ਕੱਪ ’ਚ ਭੂਟਾਨ ਗਈ ਤੇ ਸ਼ਾਨਦਾਰ ਗੋਲਾਂ ਨਾਲ ਜਿੱਤਾਂ ਜਿੱਤੀਆਂ। ਸਤੰਬਰ 2018 ਏਐੱਫਸੀ ਅੰਡਰ-19 ਵੋਮੈਨ ਚੈਂਪੀਅਨਸ਼ਿਪ ਵਾਸਤੇ ਥਾਈਲੈਂਡ ਗਈ, ਜਿੱਥੇ ਉਸ ਨੇ ਪਾਕਿਸਤਾਨ ਵਿਰੁੱਧ ਤਿੰਨ ਗੋਲ ਕੀਤੇ। ਥਾਈਲੈਂਡ ਨਾਲ ਖੇਡਦਿਆਂ ਉਸ ਦੇ ਇੱਕੋ-ਇੱਕ ਗੋਲ ਨੇ ਭਾਰਤ ਨੂੰ ਜਿੱਤ ਦਿਵਾਈ।

ਹਰ ਕਿਸੇ ਨੂੰ ਪ੍ਰਭਾਵਿਤ ਕਰਦੀ ਹੈ ਖੇਡ ਪ੍ਰਤਿਭਾ

ਮਨੀਸ਼ਾ ਨੇ ਜਨਵਰੀ 2019 ’ਚ ਫੀਫਾ ਫਰੈਂਡਲੀ ਮੈਚ ਹਾਂਗਕਾਂਗ ਤੇ ਇੰਡੋਨੇਸ਼ੀਆ ਨਾਲ ਵੀ ਖੇਡੇ। ਇਸੇ ਤਰ੍ਹਾਂ ਹੀਰੋ ਗੋਲਡ ਕੱਪ ’ਚ ਵੀ ਉਸ ਦੀ ਪੂਰੀ ਝੰਡੀ ਰਹੀ। ਤੁਰਕੀ ’ਚ ਉਸ ਨੇ ਤੁਰਕਿਸਤਾਨ ਕੱਪ ’ਚ ਤੁਰਕਿਸਤਾਨ ਤੇ ਰੋਮਾਨੀਆ ਖ਼ਿਲਾਫ਼ ਮੈਚ ਖੇਡੇ। ਨੇਪਾਲ ’ਚ ਮਾਰਚ 2019 ’ਚ ਕਰਵਾਈ ਸੈਫ ਕੱਪ ਚੈਂਪੀਅਨਸ਼ਿਪ ’ਚ ਭਾਰਤੀ ਟੀਮ ਨੇ ਸ਼੍ਰੀਲੰਕਾ ਨੂੰ 5-0, ਮਾਲਦੀਵ ਨੂੰ 6-0, ਬੰਗਲਾਦੇਸ਼ ਨੂੰ 4-0 ਤੇ ਨੇਪਾਲ ਨੂੰ 3-1 ਨਾਲ ਪਿਛਾੜਿਆ। ਭਾਰਤ ਨੇ ਇਹ ਕੱਪ ਬੜੀ ਸ਼ਾਨਦਾਰ ਖੇਡ ਸਦਕਾ ਜਿੱਤਿਆ, ਜਿਸ ਵਿਚ ਮਨੀਸ਼ਾ ਦਾ ਯੋਗਦਾਨ ਜ਼ਿਕਰਯੋਗ ਰਿਹਾ। ਇੰਡੀਅਨ ਵੋਮੈਨ ਚੈਂਪੀਅਨਸ਼ਿਪ 2019 ’ਚ ਅਮੈਰਜਿੰਗ ਪਲੇਅਰ ਬਣ ਕੇ 75 ਹਜ਼ਾਰ ਦਾ ਨਕਦ ਇਨਾਮ ਜਿੱਤਿਆ। ਫਿਰ ਉਹ ਭਾਰਤ ਦੀ ਸੀਨੀਅਰ ਟੀਮ ’ਚ ਸ਼ਾਮਿਲ ਹੋ ਕੇ ਓਲੰਪਿਕ ਕਵਾਲਾਈਫਾਇੰਗ ਰਾਊਂਡ-2 ’ਚ ਖੇਡੀ। ਇੱਥੇ ਵੀ ਇੰਡੋਨੇਸ਼ੀਆ ਤੇ ਨੇਪਾਲ ਨੂੰ ਪਛਾੜਨ ਉਪਰੰਤ ਮਨਮਾਨ ਨਾਲ ਬਰਾਬਰੀ ਦਾ ਮੈਚ ਖੇਡਿਆ । ਉਸ ਦੀ ਤਾਲਮੇਲ ਤੇ ਕਮਾਂਡਿੰਗ ਗੇਮ ਹਰ ਦਰਸ਼ਕ ਨੂੰ ਪ੍ਰਭਾਵਿਤ ਕਰਦੀ ਹੈ। ਉਹ ਹਰ ਪਲ ਫੁੱਟਬਾਲ ਬਾਰੇ ਹੀ ਸੋਚਦੀ ਵਿਚਾਰਦੀ ਤੇ ਅਭਿਆਸ ਕਰਦੀ ਰਹਿੰਦੀ ਹੈ।

ਦਿਨ-ਰਾਤ ਕਰ ਰਹੀ ਹੈ ਮਿਹਨਤ

ਮਨੀਸ਼ਾ ਨੇ 27 ਨਵੰਬਰ 2001 ਨੂੰ ਮਾਤਾ ਰਾਜ ਕੁਮਾਰੀ ਦੀ ਕੁੱਖ ਨੂੰ ਭਾਗ ਲਾਏ ਤੇ ਸ਼ਾਨਦਾਰ ਤੇ ਜਾਨਦਾਰ ਖੇਡ ਨਾਲ ਬਾਬਲ ਨਰਿੰਦਰ ਪਾਲ ਦੀ ਪੱਗ ਦਾ ਤੁਰਲਾ ਉੱਚਾ ਕਰ ਦਿੱਤਾ। ਉਸ ਨੇ ਚਾਰ ਭੈਣਾਂ ਦੀ ਛੋਟੀ ਭੈਣ ਹੋ ਕੇ ਵੀ ਭਰਾ ਦੀ ਕਮੀ ਨੂੰ ਮਹਿਸੂਸ ਨਹੀਂ ਹੋਣ ਦਿੱਤਾ। ਸੋਨਮ ,ਮਨੂੰ, ਸ਼ਿਵਾਨੀ ਤੋਂ ਇਲਾਵਾ ਉਸ ਦਾ ਤਾਇਆ ਤੇਜਾ ਸਿੰਘ ਉਸ ਨੂੰ ਤੇਜ਼ੀ ਬਖ਼ਸ਼ਦਾ ਰਹਿੰਦਾ ਹੈ। ਉਸ ਦਾ ਕਹਿਣਾ ਹੈ ਕਿ ਉਹ ਭਾਰਤੀ ਫੁੱਟਬਾਲ ਦੇ ਅੰਬਰ ’ਤੇ ਧਰੂ ਤਾਰੇ ਵਾਂਗ ਚਮਕਣ ਲਈ ਦਿਨ- ਰਾਤ ਇਕ ਚਿੱਤ ਹੋ ਕੇ ਮਿਹਨਤ ਕਰ ਰਹੀ ਹੈ। ਉਸ ਦੇ ਨਰੋਏ ਖ਼ਿਆਲ ਅਤੇ ਸ਼ਾਨਦਾਰ ਪ੍ਰਾਪਤੀਆਂ ਇਹ ਸਾਬਤ ਕਰਦੀਆਂ ਹਨ ਕਿ ਉਹ ਇਕ ਦਿਨ ਆਪਣੀ ਮੰਜ਼ਿਲ ’ਤੇ ਪੁੱਜ ਕੇ ਮਾਹਿਲਪੁਰ ਨੂੰ ਮਹਿਲਾ ਫੁੱਟਬਾਲ ’ਚ ਵੀ ਮਾਣਯੋਗ ਥਾਂ ਦਿਵਾ ਦੇਵੇਗੀ। ਉਸ ਦੀ ਹਿੰਮਤ ਨੂੰ ਜਿੰਨੀ ਵੀ ਦਾਦ ਦਿੱਤੀ ਜਾਵੇ, ਉਹ ਥੋੜ੍ਹੀ ਹੈ।

ਬਣੀ ਸਰਵੋਤਮ ਫੁੱਟਬਾਲ ਖਿਡਾਰਨ

ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੇ ਮਨੀਸ਼ਾ ਨੂੰ ਸਾਲ 2020-21 ਦੀ ਸਰਬੋਤਮ ਫੁੱਟਬਾਲ ਖਿਡਾਰਨ ਐਲਾਨਿਆ। ਅੰਡਰ-17 ਸਾਲ ਭਾਰਤ ਵੱਲੋਂ ਭੂਟਾਨ ਵਿਖੇ ਸੈਫ ਖੇਡਾਂ, ਥਾਈਲੈਂਡ ’ਚ ਅੰਡਰ-19 ਸਾਲ ਏਐੱਫਸੀ ਕਵਾਲੀਫਾਈ ’ਚ ਸ਼ਾਨਦਾਰ ਪ੍ਰਦਰਸ਼ਨ ਲਈ ਅਮੈਰਜਿੰਗ ਪਲੇਅਰ ਆਫ ਫੁੱਟਬਾਲ ਦੇ ਮਾਣ ਨਾਲ ਨਿਵਾਜਿਆ ਗਿਆ। ਉਹ ਸਾਊਥ ਏਸ਼ੀਅਨ ਫੁੱਟਬਾਲ ਫੈਡਰੇਸ਼ਨ ਕੱਪ ਤੇ ਇੰਡੀਆ ਸੁਪਰ ਲੀਗ ’ਚ ਵਧੀਆ ਪ੍ਰਦਰਸ਼ਨ ਨਾਲ ਗੋਲਡ ਮੈਡਲ ਜਿੱਤ ਚੁੱਕੀ ਹੈ।

- ਬਲਜਿੰਦਰ ਮਾਨ

Posted By: Harjinder Sodhi