ਬੈਂਕਾਕ (ਪੀਟੀਆਈ) : ਮਨਿਕਾ ਬੱਤਰਾ ਆਈਟੀਟੀਐੱਫ-ਏਟੀਟੀਯੂ ਏਸ਼ਿਆਈ ਕੱਪ ਵਿਚ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਟੇਬਲ ਟੈਨਿਸ ਖਿਡਾਰਨ ਬਣ ਗਈ ਜਿਨ੍ਹਾਂ ਨੇ ਦੁਨੀਆ ਦੀ ਛੇਵੇਂ ਨੰਬਰ ਦੀ ਖਿਡਾਰਨ ਜਾਪਾਨ ਦੀ ਹਿਨਾ ਹਯਾਤਾ ਨੂੰ ਪਲੇਆਫ ਵਿਚ ਹਰਾ ਕੇ ਕਾਂਸੇ ਦਾ ਮੈਡਲ ਜਿੱਤਿਆ।

ਦੁਨੀਆ ਦੀ 44ਵੇਂ ਨੰਬਰ ਦੀ ਖਿਡਾਰਨ ਮਨਿਕਾ ਨੇ ਹਯਾਤਾ ਨੂੰ 11-6, 6-11, 11-7, 12-10, 4-11, 11-2 ਨਾਲ ਹਰਾਇਆ। ਜਿੱਤ ਤੋਂ ਬਾਅਦ ਮਨਿਕਾ ਨੇ ਕਿਹਾ ਕਿ ਇਹ ਮੇਰੇ ਲਈ ਬਹੁਤ ਵੱਡੀ ਜਿੱਤ ਹੈ। ਮੈਂ ਖੇਡ ਦਾ ਪੂਰਾ ਮਜ਼ਾ ਲਿਆ ਤੇ ਸਿਖਰਲੇ ਖਿਡਾਰੀਆਂ ਖ਼ਿਲਾਫ਼ ਚੰਗਾ ਪ੍ਰਦਰਸ਼ਨ ਕੀਤਾ। ਮੈਂ ਭਵਿੱਖ ਵਿਚ ਵੀ ਮਿਹਨਤ ਕਰਦੀ ਰਹਾਂਗੀ। ਇਸ ਤੋਂ ਪਹਿਲਾਂ ਉਹ ਸੈਮੀਫਾਈਨਲ ਵਿਚ ਜਾਪਾਨ ਦੀ ਚੌਥਾ ਦਰਜਾ ਹਾਸਲ ਮੀਮਾ ਇਤੋ ਹੱਥੋਂ ਹਾਰ ਗਈ ਸੀ। ਗ਼ੈਰ ਦਰਜਾ ਹਾਸਲ ਮਨਿਕਾ ਇਸ ਮਹਾਦੀਪੀ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪੁੱਜਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਸੀ। ਉਨ੍ਹਾਂ ਨੂੰ ਦੁਨੀਆ ਦੀ ਪੰਜਵੇਂ ਨੰਬਰ ਦੀ ਟੇਬਲ ਟੈਨਿਸ ਖਿਡਾਰਨ ਹੱਥੋਂ 8-11, 11-7, 7-11, 6-11, 11-8, 7-11 (2-4) ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮਨਿਕਾ ਨੇ ਕੁਆਰਟਰ ਫਾਈਨਲ ਵਿਚ ਚੀਨੀ ਤਾਇਪੇ ਦੀ ਆਪਣੇ ਤੋਂ ਬਿਹਤਰ ਰੈਂਕਿੰਗ ਦੀ ਚੇਨ ਸੂ ਯੂ ਨੂੰ 4-3 ਨਾਲ ਮਾਤ ਦਿੱਤੀ ਸੀ।

ਮਨਿਕਾ ਏਸ਼ਿਆਈ ਕੱਪ ਦੇ 39 ਸਾਲ ਦੇ ਇਤਿਹਾਸ ਵਿਚ ਭਾਰਤੀਆਂ ਵਿਚ ਸਰਬੋਤਮ ਪ੍ਰਦਰਸ਼ਨ ਦਾ ਰਿਕਾਰਡ ਆਪਣੇ ਨਾਂ ਕਰ ਚੁੱਕੀ ਹੈ। ਇਸ ਤੋਂ ਪਹਿਲਾਂ 2015 ਵਿਚ ਅਚੰਤਾ ਸ਼ਰਤ ਕਮਲ ਤੇ 2019 ਵਿਚ ਜੀ ਸਾਥੀਆਨ ਛੇਵੇਂ ਸਥਾਨ 'ਤੇ ਰਹੇ ਸਨ। ਇਸ ਭਾਰਤੀ ਖਿਡਾਰੀ ਨੇ ੇਇਸ ਤੋਂ ਪਹਿਲਾਂ ਚੀਨ ਦੀ ਦੁਨੀਆ ਵਿਚ ਸੱਤਵੇਂ ਨੰਬਰ ਦੀ ਚੇਨ ਜਿੰਗਟੋਂਗ ਨੂੰ ਉਲਟਫੇਰ ਦਾ ਸ਼ਿਕਾਰ ਬਣਾਇਆ ਸੀ।