ਗੇਲਸੇਨਕਿਰਚੇਨ (ਏਪੀ) : ਮਾਨਚੈਸਟਰ ਯੂਨਾਈਟਿਡ ਤੇ ਇੰਟਰ ਮਿਲਾਨ ਨੇ ਆਪੋ-ਆਪਣੇ ਮੁਕਾਬਲੇ ਜਿੱਤ ਕੇ ਯੂਰੋਪਾ ਲੀਗ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ ਜਿਸ ਨਾਲ ਕੋਰੋਨਾ ਵਾਇਰਸ ਮਹਾਮਾਰੀ ਵਿਚਾਲੇ ਖ਼ਾਲੀ ਸਟੇਡੀਅਮ ਵਿਚ ਮਹਾਦੀਪੀ ਫੁੱਟਬਾਲ ਦੀ ਵਾਪਸੀ ਹੋਈ। ਯੂਨਾਈਟਿਡ ਨੇ ਬੁੱਧਵਾਰ ਨੂੰ ਲਾਸਕ ਲਿੰਜ ਨੂੰ ਦੂਜੇ ਗੇੜ ਦੇ ਮੁਕਾਬਲੇ ਵਿਚ 2-1 ਨਾਲ ਹਰਾ ਕੇ ਆਸਟ੍ਰੀਆ ਦੇ ਕਲੱਬ ਖ਼ਿਲਾਫ਼ ਕੁੱਲ 7-1 ਦੇ ਫ਼ਰਕ ਨਾਲ ਜਿੱਤ ਦਰਜ ਕੀਤੀ। ਇਸ ਮੁਕਾਬਲੇ ਦਾ ਪਹਿਲਾ ਗੇੜ ਪੰਜ ਮਹੀਨੇ ਪਹਿਲਾਂ ਖੇਡਿਆ ਗਿਆ ਸੀ। ਲਾਸਕ ਨੇ 55ਵੇਂ ਮਿੰਟ ਵਿਚ ਫਿਲਿਪ ਵੀਸਿੰਗਰ ਦੇ ਗੋਲ ਨਾਲ ਬੜ੍ਹਤ ਬਣਾਈ ਪਰ ਦੋ ਮਿੰਟ ਬਾਅਦ ਜੇਸੀ ਲਿੰਗਾਰਡ ਨੇ ਯੂਨਾਈਟਿਡ ਨੂੰ ਬਰਾਬਰੀ ਦਿਵਾ ਦਿੱਤੀ। ਏਂਥੋਨੀ ਮਾਰਸ਼ਲ ਨੇ 88ਵੇਂ ਮਿੰਟ ਵਿਚ ਯੂਨਾਈਟਿਡ ਵੱਲੋਂ ਇਕ ਹੋਰ ਗੋਲ ਕਰ ਕੇ ਟੀਮ ਦੀ 2-1 ਨਾਲ ਜਿੱਤ ਯਕੀਨੀ ਬਣਾਈ। ਇਸ ਤੋਂ ਇਲਾਵਾ ਇੰਟਰ ਮਿਲਾਨ ਨੇ ਰੋਮੇਲੂ ਲੁਕਾਕੂ ਤੇ ਕ੍ਰਿਸਟੀਅਨ ਏਰਿਕਸਨ ਦੇ ਗੋਲਾਂ ਨਾਲ ਗੇਟਫੇ ਨੂੰ 2-0 ਨਾਲ ਹਰਾਇਆ। ਦੋਵਾਂ ਵਿਚਾਲੇ ਇਕ ਹੀ ਮੈਚ ਖੇਡਿਆ ਗਿਆ ਕਿਉਂਕਿ ਦੋਵੇਂ ਟੀਮਾਂ ਨੇ ਪਹਿਲੇ ਗੇੜ ਵਿਚ ਹਿੱਸਾ ਨਹੀਂ ਲਿਆ ਸੀ ਜਿਸ ਤੋਂ ਬਾਅਦ ਯੂਰਪੀ ਸੈਸ਼ਨ ਮੁਲਤਵੀ ਕਰ ਦਿੱਤਾ ਗਿਆ।

ਸਾਂਚੇਜ ਨਾਲ ਪੱਕਾ ਕਰਾਰ ਕਰੇਗਾ ਮਿਲਾਨ :

ਮਾਨਚੈਸਟਰ ਯੂਨਾਈਟਿਡ ਤੋਂ ਲੋਨ 'ਤੇ ਮਿਲੇ ਅਲੇਕਸਿਸ ਸਾਂਚੇਜ ਨਾਲ ਇੰਟਰ ਮਿਲਾਨ ਪੱਕਾ ਕਰਾਰ ਕਰੇਗਾ। ਮਾਨਚੈਸਟਰ ਯੂਨਾਈਟਿਡ ਦੇ ਮੈਨੇਜਰ ਓਲੇ ਗਨਰ ਸੋਲਸਕਰ ਨੇ ਇਹ ਜਾਣਕਾਰੀ ਦਿੱਤੀ। ਸਾਂਚੇਜ ਦੇ ਪੱਕੇ ਤੌਰ 'ਤੇ ਇੰਟਰ ਮਿਲਾਨ ਨਾਲ ਜੁੜਨ ਦੀਆਂ ਖ਼ਬਰਾਂ 'ਤੇ ਸੋਲਸਕਰ ਨੇ ਕਿਹਾ ਕਿ ਮੈਂ ਪੁਸ਼ਟੀ ਕਰ ਸਕਦਾ ਹਾਂ। ਅਲੇਕਸਿਸ ਉਥੇ ਚੰਗਾ ਸਮਾਂ ਬਿਤਾਏਗਾ, ਇਕ ਚੰਗਾ ਖਿਡਾਰੀ, ਮੈਂ ਉਸ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ। ਯੂਨਾਈਟਿਡ ਵੱਲੋਂ ਜ਼ਿਆਦਾਤਰ ਮੈਚਾਂ ਵਿਚ ਬੈਂਚ 'ਤੇ ਬੈਠਣ ਵਾਲੇ ਚਿਲੀ ਦੇ 31 ਸਾਲ ਦੇ ਫਾਰਵਰਡ ਸਾਂਚੇਜ ਅਗਸਤ ਵਿਚ ਲੋਨ 'ਤੇ ਇੰਟਰ ਮਿਲਾਨ ਨਾਲ ਜੁੜੇ ਸਨ।