ਜਨੇਵਾ (ਏਪੀ) : ਸਪੋਰਟਸ ਟਿ੍ਬਿਊਨਲ ਨੇ ਇੰਗਲਿਸ਼ ਫੁੱਟਬਾਲ ਕਲੱਬ ਮੈਨਚੇਸਟਰ ਸਿਟੀ 'ਤੇ ਯੂਏਫਾ ਚੈਂਪੀਅਨਜ਼ ਲੀਗ 'ਚ ਹਿੱਸਾ ਲੈਣ 'ਤੇ ਲਾਈ ਗਈ ਦੋ ਸਾਲ ਦੀ ਪਾਬੰਦੀ ਨੂੰ ਸੋਮਵਾਰ ਨੂੁੰ ਹਟਾ ਲਿਆ। ਸਪੋਰਟਸ ਟਿ੍ਬਿਊਨਲ ਨੇ ਯੂਰਪੀ ਫੁੱਟਬਾਲ ਦੀ ਸੰਚਾਲਨ ਸੰਸਥਾ ਯੂਏਫਾ ਦੀ ਪਾਬੰਦੀ ਖ਼ਿਲਾਫ਼ ਟੀਮ ਦੀ ਅਪੀਲ ਨੂੰ ਬਰਕਾਰ ਰੱਖਿਆ ਪਰ ਜਾਂਚਕਰਤਾਵਾਂ ਨਾਲ ਸਹਿਯੋਗ ਕਰਨ 'ਚ ਅਸਫਲ ਰਹਿਣ 'ਤੇ ਉਸ 'ਤੇ 10 ਮਿਲੀਅਨ ਯੂਰੋ (85 ਕਰੋੜ ਰੁਪਏ ਤੋਂ ਜ਼ਿਆਦਾ) ਦਾ ਜੁਰਮਾਨਾ ਲਗਾਇਆ। ਤਿੰਨ ਜੱਜਾਂ ਦੇ ਪੈਨਲ ਨੇ ਮੈਨੇਜਰ ਪੇਪ ਗਾਰਡੀਓਲਾ ਦੀ ਟੀਮ ਨੂੰ ਅਗਲੇ ਸੈਸ਼ਨ 'ਚ ਚੈਂਪੀਅਨਜ਼ ਲੀਗ ਦੇ ਗਰੁੱਪ ਪੜਾਅ 'ਚ ਖੇਡਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਫ਼ੈਸਲੇ ਨਾਲ ਮੌਜੂਦਾ ਸੈਸ਼ਨ ਦੇ ਮੁਕਾਬਲੇ 'ਚ ਸਿਟੀ ਦਾ ਸਥਾਨ ਪ੍ਰਭਾਵਿਤ ਨਹੀਂ ਹੋਵੇਗਾ। ਟੂਰਨਾਮੈਂਟ ਅਗਲੇ ਮਹੀਨੇ ਸ਼ੁਰੂ ਹੋਵੇਗਾ। ਸਿਟੀ ਦੇ ਹੱਕ 'ਚ ਫ਼ੈਸਲਾ ਆਉਣ ਨਾਲ ਉਹ ਅਗਲੇ ਸੈਸ਼ਨ 'ਚ ਯੂਏਫਾ ਪੁਰਸਕਾਰ ਰਾਸ਼ੀ 10 ਲੱਖ ਡਾਲਰ (ਲਗਪਗ 75 ਕਰੋੜ ਰੁਪਏ) ਦਾ ਹੱਕਦਾਰ ਹੋਵੇਗਾ।

ਯੂਏਫਾ ਨੇ ਕਲੱਬ ਦੇ ਵਿੱਤੀ ਮਾਮਲਿਆਂ ਨਾਲ ਜੁੜੇ ਨਿਗਰਾਨੀ ਦੇ ਨਿਯਮਾਂ 'ਚ ਗੰਭੀਰ ਉਲੰਘਣਾ ਦਾ ਦੋਸ਼ ਲਾਉਂਦੇ ਹੋਏ ਫਰਵਰੀ 'ਚ ਮੈਨਚੇਸਟਰ ਸਿਟੀ 'ਤੇ ਪਾਬੰਦੀ ਲਗਾਈ ਸੀ। ਕਲੱਬ 'ਤੇ ਜਾਂਚਕਰਤਾਵਾਂ ਨਾਲ ਸਹਿਯੋਗ ਕਰਨ 'ਚ ਅਸਫਲ ਰਹਿਣ ਦਾ ਵੀ ਦੋਸ਼ ਹੈ। ਦੋਸ਼ ਹੈ ਕਿ ਸਿਟੀ ਦੀ ਟੀਮ ਨੇ ਵਿੱਤੀ ਨਿਯਮਾਂ ਬਾਰੇ ਕਈ ਸਾਲਾਂ ਤਕ ਯੂਏਫਾ ਨੂੰ ਗੁਮਰਾਹ ਕੀਤਾ, ਜਿਸ ਨੂੰ ਫਾਇਨਾਂਸ਼ੀਅਲ ਫੇਅਰ ਪਲੇਅ ਵਜੋਂ ਜਾਣਿਆ ਜਾਂਦਾ ਹੈ। ਉਹ ਯੂਰਪੀ ਕਲੱਬ ਮੁਕਾਬਲਿਆਂ 'ਚ ਐਂਟਰੀ ਲੈਣ ਲਈ ਜ਼ਰੂਰੀ ਹੈ। ਮੈਨਚੇਸਟਰ ਸਿਟੀ ਨੇ ਦੋਸ਼ਾਂ ਨੂੰ ਖਾਰਿਜ ਕਰਦੇ ਹੋਏ ਕਿਹਾ ਸੀ ਕਿ ਉਸ ਕੋਲ ਪੁਖ਼ਤਾ ਸਬੂਤ ਹਨ ਕਿ ਉਸ 'ਤੇ ਲਗਾਏ ਗਏ ਦੋਸ਼ ਬੇਬੁਨਿਆਦ ਹਨ।