ਮਾਨਚੈਸਟਰ (ਏਪੀ) : ਮਾਨਚੈਸਟਰ ਸਿਟੀ ਨੇ ਰਿਆਦ ਮਹਰੇਜ਼ ਦੇ ਦੋ ਗੋਲਾਂ ਦੀ ਬਦੌਲਤ ਸੈਮੀਫਾਈਨਲ ਦੇ ਦੂਜੇ ਗੇੜ ਦੇ ਮੁਕਾਬਲੇ ਵਿਚ ਪਿਛਲੇ ਸਾਲ ਦੀ ਉੱਪ ਜੇਤੂ ਟੀਮ ਪੈਰਿਸ ਸੇਂਟ ਜਰਮੇਨ (ਪੀਐੱਸਜੀ) ਨੂੰ 2-0 ਨਾਲ ਹਰਾ ਕੇ ਪਹਿਲੀ ਵਾਰ ਯੂਏਫਾ ਚੈਂਪੀਅਨਜ਼ ਲੀਗ ਦੇ ਫਾਈਨਲ ਵਿਚ ਥਾਂ ਬਣਾਈ। ਸਿਟੀ ਨੇ ਪਹਿਲੇ ਗੇੜ ਦਾ ਮੁਕਾਬਲਾ 2-1 ਨਾਲ ਜਿੱਤਿਆ ਸੀ ਤੇ ਇਸ ਤਰ੍ਹਾਂ ਮੈਨੇਜਰ ਪੇਪ ਗਾਰਡੀਓਲਾ ਦੀ ਟੀਮ ਸਿਟੀ ਨੇ ਕੁੱਲ ਸਕੋਰ 4-1 ਦੇ ਆਧਾਰ 'ਤੇ ਜਿੱਤ ਦਰਜ ਕੀਤੀ।

ਦੂਜੇ ਗੇੜ ਦੇ ਮੁਕਾਬਲੇ ਵਿਚ ਮਹਰੇਜ਼ ਨੇ ਦੋ ਗੋਲ ਕੀਤੇ। ਪੀਐੱਸਜੀ ਦੇ ਸਟਾਰ ਖਿਡਾਰੀ ਏਂਜੇਲ ਮਾਰੀਆ ਨੂੰ 69ਵੇਂ ਮਿੰਟ ਵਿਚ ਲਾਲ ਕਾਰਡ ਦਿਖਾਇਆ ਗਿਆ ਜਿਸ ਨਾਲ ਟੀਮ ਨੂੰ ਬਾਕੀ ਮੁਕਾਬਲਾ 10 ਖਿਡਾਰੀਆਂ ਨਾਲ ਖੇਡਣਾ ਪਿਆ। ਸਿਟੀ ਦੇ ਖਿਡਾਰੀਆਂ ਨੇ ਸ਼ੁਰੂਆਤ ਤੋਂ ਹੀ ਹਮਲਾਵਰ ਅੰਦਾਜ਼ ਵਿਚ ਖੇਡਣਾ ਜਾਰੀ ਰੱਖਿਆ ਤੇ ਦੂਜੇ ਪਾਸੇ ਪੀਐੱਸਜੀ ਦੇ ਸਟ੍ਰਾਈਕਰ ਗੋਲ ਕਰਨ ਲਈ ਜੂਝਦੇ ਦਿਖੇ ਤੇ ਗੇਂਦ ਨੂੰ ਗੋਲ ਪੋਸਟ ਵਿਚ ਨਹੀਂ ਪਹੁੰਚਾ ਸਕੇ।

ਵਿਸ਼ਵ ਦੇ ਸਭ ਤੋਂ ਮਹਿੰਗੇ ਫੁੱਟਬਾਲਰ ਨੇਮਾਰ ਨੇ ਪੀਐੱਸਜੀ ਨੂੰ ਨਿਰਾਸ਼ ਕੀਤਾ ਤੇ ਉਹ ਇਕ ਵੀ ਗੋਲ ਨਹੀਂ ਕਰ ਸਕੇ। ਇਸ ਤੋਂ ਇਲਾਵਾ ਗੋਲ ਕਰਨ ਦੇ ਮੌਕਿਆਂ ਦਾ ਵੀ ਲਾਭ ਨਹੀਂ ਉਠਾ ਸਕੇ। ਮਾਰੀਆ ਨੂੰ ਮੈਦਾਨ 'ਤੋਂ ਬਾਹਰ ਜਾਣਾ ਪਿਆ ਤੇ ਨੌਜਵਾਨ ਸਟ੍ਰਾਈਕਰ ਕਾਇਲੀਅਨ ਐੱਮਬਾਪੇ ਸੱਟ ਕਾਰਨ ਮੈਚ ਵਿਚ ਨਹੀਂ ਖੇਡ ਸਕੇ ਜਿਸ ਨਾਲ ਪੀਐੱਸਜੀ ਦੀ ਟੀਮ ਕਮਜ਼ੋਰ ਪੈ ਗਈ।