ਮੁਲਾਕਾਤ

ਖੇਲੋ ਇੰਡੀਆ ਯੂਥ ਗੇਮਜ਼ ਦੇ ਚੈਂਪੀਅਨ ਮਾਨਵਾਦਿੱਤਿਆ ਸਿੰਘ ਰਾਠੌਰ ਨੇ ਪਿਛਲੇ ਦਿਨੀਂ ਸਮਾਪਤ ਹੋਈ 63ਵੀਂ ਰਾਸ਼ਟਰੀ ਸ਼ਾਟਗਨ ਚੈਂਪੀਅਨਸ਼ਿਪ ਵਿਚ ਦਮਦਾਰ ਪ੍ਰਦਰਸ਼ਨ ਕਰਦੇ ਹੋਏ ਤਿੰਨ ਗੋਲਡ ਮੈਡਲ ਜਿੱਤ ਕੇ ਸਾਰਿਆਂ ਦਾ ਦਿਲ ਜਿੱਤ ਲਿਆ ਸੀ। ਸਾਬਕਾ ਖੇਡ ਮੰਤਰੀ ਤੇ ਓਲੰਪਿਕ ਮੈਡਲ ਜੇਤੂ ਰਾਜਵਰਧਨ ਸਿੰਘ ਰਾਠੌਰ ਦੇ ਪੁੱਤਰ ਮਾਨਵਾਦਿੱਤਿਆ ਹੁਣ ਸੀਨੀਅਰ ਨਿਸ਼ਾਨੇਬਾਜ਼ੀ ਵਿਚ ਕਮਾਲ ਦਿਖਾਉਣਾ ਚਾਹੁੰਦੇ ਹਨ ਤੇ ਪਿਤਾ ਵਾਂਗ ਓਲੰਪਿਕ ਵਿਚ ਮੈਡਲ ਜਿੱਤਣਾ ਚਾਹੁੰਦੇ ਹਨ। ਨੌਜਵਾਨ ਨਿਸ਼ਾਨੇਬਾਜ਼ ਮਾਨਵਾਦਿੱਤਿਆ ਸਿੰਘ ਨਾਲ ਅਭਿਸ਼ੇਕ ਤਿ੍ਪਾਠੀ ਨੇ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ :

-ਤੁਹਾਡੇ ਪਿਤਾ ਵੀ ਨਿਸ਼ਾਨੇਬਾਜ਼ੀ ਵਿਚ ਹਨ ਤਾਂ ਤੁਹਾਡਾ ਇਸ ਖੇਡ ਵਿਚ ਆਉਣਾ ਕਿਵੇਂ ਹੋਇਆ?

-ਘਰ ਦਾ ਮਾਹੌਲ ਇਵੇਂ ਸੀ ਕਿ ਬੰਦੂਕ ਆਲੇ-ਦੁਆਲੇ ਰਹਿੰਦੀ ਸੀ। ਮੈਂ ਕਦੀ ਵੀ ਬੰਦੂਕ ਨੂੰ ਇਕ ਹਥਿਆਰ ਦੀ ਨਜ਼ਰ ਨਾਲ ਨਹੀਂ ਦੇਖਿਆ, ਹਮੇਸ਼ਾ ਤੋਂ ਇਕ ਖਿਡੌਣੇ ਵਾਂਗ ਦੇਖਿਆ ਹੈ। ਬਚਪਨ ਤੋਂ ਹੀ ਮੇਰੀ ਬੰਦੂਕ ਵਿਚ ਦਿਲਚਸਪੀ ਸੀ ਤੇ ਮੈਂ ਖਿਡੌਣਿਆਂ ਨਾਲ ਖੇਡਦਾ ਸੀ। ਘਰ 'ਚ ਨਿਸ਼ਾਨੇਬਾਜ਼ੀ ਰੇਂਜ ਸੀ ਤੇ ਪਾਪਾ ਨੂੰ ਵੀ ਬੰਦੂਕ ਚਲਾਉਂਦੇ ਦੇਖਦਾ ਸੀ। ਇਸ ਤਰ੍ਹਾਂ ਮੇਰੀ ਇਸ ਖੇਡ ਵੱਲ ਦਿਲਚਸਪੀ ਵਧਣ ਲੱਗੀ। ਫਿਰ ਪਾਪਾ ਨੇ ਮੈਨੂੰ ਚਲਾਉਣ ਲਈ ਬੰਦੂਕ ਦਿੱਤੀ ਇਸ ਤਰ੍ਹਾਂ ਮੇਰੀ ਨਿਸ਼ਾਨੇਬਾਜ਼ੀ ਦੀ ਸ਼ੁਰੂਆਤ ਹੋਈ।

-ਪਹਿਲੀ ਵਾਰ ਕਦ ਨਿਸ਼ਾਨੇਬਾਜ਼ੀ ਕੀਤੀ ਸੀ?

-ਮੈਂ ਪਹਿਲੀ ਵਾਰ 11 ਸਾਲ ਦੀ ਉਮਰ ਵਿਚ ਬੰਦੂਕ ਚੁੱਕੀ ਸੀ। ਉਹ ਪਾਪਾ ਦੀ ਸੀ।

-ਜਦ ਤੁਸੀਂ ਬਚਪਨ ਵਿਚ ਬੰਦੂਕ ਚੁੱਕੀ ਤਾਂ ਕੀ ਤੁਸੀਂ ਡਰੇ ਨਹੀਂ। ਬੱਚੇ ਇਸ ਤਰ੍ਹਾਂ ਕਈ ਬੱਚੇ ਡਰ ਜਾਂਦੇ ਹਨ?

-ਮੈਨੂੰ ਬੰਦੂਕ ਦੇਖ ਕੇ ਬਹੁਤ ਖ਼ੁਸ਼ੀ ਹੁੰਦੀ ਸੀ ਕਿਉਂਕਿ ਬੰਦੂਕ ਚਲਾਉਂਦੇ ਸਮੇਂ ਆਵਾਜ਼ ਨਿਕਲਦੀ ਸੀ ਤੇ ਧੂੰਆਂ ਨਿਕਲਦਾ ਸੀ ਤੇ ਇਸ ਨੂੰ ਦੇਖ ਕੇ ਮੈਂ ਬਹੁਤ ਖ਼ੁਸ਼ ਹੁੰਦਾ ਸੀ। ਮੈਨੂੰ ਬਚਪਨ ਤੋਂ ਬੰਦੂਕ ਬਹੁਤ ਪਸੰਦ ਸੀ।

-ਹੁਣ ਨਿਸ਼ਾਨੇਬਾਜ਼ੀ 'ਚ ਤੁਹਾਡਾ ਸਫ਼ਰ ਕਿਹੋ ਜਿਹਾ ਚੱਲ ਰਿਹਾ ਹੈ, ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ?

-ਹੁਣ ਰਾਸ਼ਟਰੀ ਚੈਂਪੀਅਨਸ਼ਿਪ ਹੋਈ ਸੀ ਤਾਂ ਇਹ ਜੂਨੀਅਰ ਵਿਚ ਮੇਰਾ ਆਖ਼ਰੀ ਸਾਲ ਸੀ। ਮੈਂ ਜੂਨੀਅਰ ਰਾਸ਼ਟਰੀ ਚੈਂਪੀਅਨਸ਼ਿਪ ਜਿੱਤ ਕੇ ਆਪਣੇ ਜੂਨੀਅਰ ਕਰੀਅਰ ਨੂੰ ਸਮਾਪਤ ਕੀਤਾ। ਹੁਣ ਮੈਂ ਸੀਨੀਅਰ ਕਰੀਅਰ ਵਿਚ ਵਧ ਰਿਹਾ ਹਾਂ ਤੇ ਆਉਣ ਵਾਲੇ ਵਿਸ਼ਵ ਕੱਪ ਵਿਚ ਹਿੱਸਾ ਲੈਣਾ ਚਾਹੁੰਦਾ ਹਾਂ ਤੇ ਅਗਲੇ ਓਲੰਪਿਕ ਲਈ ਕੋਟਾ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗਾ।

-ਤੁਸੀਂ ਰਾਜਵਰਧਨ ਸਿੰਘ ਰਾਠੌਰ ਦੇ ਪੁੱਤਰ ਹੋ ਤਾਂ ਤੁਹਾਡੇ 'ਤੇ ਕੋਈ ਦਬਾਅ ਹੈ ਕਿ ਉਨ੍ਹਾਂ ਵਾਂਗ ਪ੍ਰਦਰਸ਼ਨ ਕਰਨਾ ਹੈ। ਇੰਨਾ ਵੱਡਾ ਨਾਂ ਹੈ, ਉਸ ਨੂੰ ਲੈ ਕੇ ਤੁਰਨਾ ਹੈ?

-ਜਦ ਮੈਂ ਨਿਸ਼ਾਨੇਬਾਜ਼ੀ ਸ਼ੁਰੂ ਕੀਤੀ ਸੀ ਤਦ ਥੋੜ੍ਹਾ ਦਬਾਅ ਰਹਿੰਦਾ ਸੀ। ਮੈਂ ਪਹਿਲੀ ਵਾਰ ਇਸ ਖੇਡ ਵਿਚ ਆਇਆ ਤਾਂ ਲੋਕ ਪਹਿਲਾਂ ਹੀ ਸੋਚ ਲੈਂਦੇ ਸਨ ਕਿ ਮੈਂ ਇਕ ਨਿਸ਼ਾਨੇਬਾਜ਼ੀ ਦਾ ਚੈਂਪੀਅਨ ਹਾਂ। ਮੈਂ ਸ਼ੁਰੂਆਤ ਵਿਚ ਕਾਫੀ ਦਬਾਅ ਲੈਂਦਾ ਸੀ ਪਰ ਚੈਂਪੀਅਨਸ਼ਿਪ ਵਿਚ ਆਉਣ ਤੋਂ ਬਾਅਦ ਮੈਂ ਇਹ ਸਿੱਖਿਆ ਕਿ ਉਸ ਨੂੰ ਦੋ ਤਰ੍ਹਾਂ ਲੈ ਸਕਦੇ ਹੋ। ਇਕ ਜਾਂ ਤਾਂ ਤੁਸੀਂ ਇਸ ਨੂੰ ਬਹੁਤ ਬੋਝ ਵਾਂਗ ਲੈ ਸਕਦੇ ਹੋ। ਦੂਜਾ ਇਸ ਨੂੰ ਆਪਣੇ ਫ਼ਾਇਦੇ ਲਈ ਇਸਤੇਮਾਲ ਕਰ ਸਕਦੇ ਹੋ, ਜੋ ਮੇਰੇ ਪਿਤਾ ਦਾ ਇੰਨੇ ਸਾਲ ਦਾ ਤਜਰਬਾ ਹੈ, ਉਸ ਤੋਂ ਮੈਂ ਕੀ ਸਿੱਖ ਸਕਦਾ ਹਾਂ ਤੇ ਉਸ ਨੂੰ ਕਿਵੇਂ ਆਪਣੀ ਸਿਖਲਾਈ ਵਿਚ ਸ਼ਾਮਲ ਕਰ ਸਕਦਾ ਹਾਂ।

- ਨਿਸ਼ਾਨੇਬਾਜ਼ੀ ਤੋਂ ਇਲਾਵਾ ਤੁਸੀਂ ਆਪਣੇ ਖਾਲੀ ਸਮੇਂ ਵਿਚ ਕੀ ਕਰਨਾ ਪਸੰਦ ਕਰਦੇ ਹੋ?

-ਮੈਂ ਕਾਫੀ ਐਡਵੈਂਚਰਸ ਹਾਂ ਤੇ ਮੈਨੂੰ ਰਾਕ ਕਲਾਈਂਬਿੰਗ, ਤੈਰਾਕੀ ਪਸੰਦ ਹੈ। ਜਦ ਮੈਂ ਖਾਲੀ ਹੁੰਦਾ ਹਾਂ ਤਾਂ ਦੋਸਤਾਂ ਨਾਲ ਫੁੱਟਬਾਲ ਖੇਡਦਾ ਹਾਂ। ਮੈਨੂੰ ਗਾਣੇ ਸੁਣਨਾ ਵੀ ਬਹੁਤ ਪਸੰਦ ਹੈ।

-ਤੁਹਾਡੇ ਪਿਤਾ ਫ਼ੌਜ ਵਿਚ ਆਏ ਤੇ ਫਿਰ ਸਿਆਸਤ ਵਿਚ ਉਤਰੇ। ਕੀ ਤੁਹਾਡਾ ਮਨ ਹੈ ਅੱਗੇ ਫ਼ੌਜ ਜਾਂ ਸਿਆਸਤ ਵਿਚ ਜਾਣ ਦਾ?

-ਮੈਨੂੰ ਸਿਆਸਤ ਇਕ ਵਿਸ਼ੇ ਵਜੋਂ ਬਹੁਤ ਪਸੰਦ ਹੈ ਤੇ ਮੈਂ ਕਾਫੀ ਦਿਲਚਸਪੀ ਲੈਂਦਾ ਹਾਂ। ਖ਼ਬਰ ਨੂੰ ਪੜ੍ਹਣ ਵਿਚ। ਦੇਸ਼ ਵਿਚ ਹੋ ਰਹੀਆਂ ਵੱਖ-ਵੱਖ ਚੀਜ਼ਾਂ ਨੂੰ ਦੇਖਣਾ ਤੇ ਪੜ੍ਹਣਾ ਪਸੰਦ ਹੈ ਪਰ ਸਿਆਸਤ ਵਿਚ ਆਉਣ ਦਾ ਮੇਰਾ ਅਜਿਹਾ ਕੋਈ ਮਨ ਨਹੀਂ ਹੈ।

-ਜਦ ਘਰ ਵਿਚ ਤੁਸੀਂ ਸਾਰੇ ਲੋਕ ਇਕੱਠੇ ਬੈਠਦੇ ਹੋ ਤਾਂ ਸਿਆਸਤ ਜਾਂ ਨਿਸ਼ਾਨੇਬਾਜ਼ੀ ਵਿਚੋਂ ਕਿਸ ਦੀ ਗੱਲ ਸਭ ਤੋਂ ਜ਼ਿਆਦਾ ਹੁੰਦੀ ਹੈ?

-ਮੈਨੂੰ ਲਗਦਾ ਹੈ ਕਿ ਹੁਣ ਸਿਆਸਤ ਦੀਆਂ ਗੱਲਾਂ ਜ਼ਿਆਦਾ ਹੁੰਦੀਆਂ ਹਨ।

ਪਿਤਾ ਤੋਂ ਲੈਂਦਾ ਹਾਂ ਨਿਸ਼ਾਨੇਬਾਜ਼ੀ ਬਾਰੇ ਸਲਾਹ :

ਮਾਨਵਾਦਿੱਤਿਆ ਨੇ ਕਿਹਾ ਕਿ ਮੈਂ ਪਾਪਾ ਤੋਂ ਨਿਸ਼ਾਨੇਬਾਜ਼ੀ ਦੀ ਸਲਾਹ ਲੈਂਦਾ ਹਾਂ। ਉਹ ਮੈਨੂੰ ਤਕਨੀਕੀ ਤੌਰ 'ਤੇ ਕੋਈ ਸਲਾਹ ਨਹੀਂ ਦਿੰਦੇ। ਉਹ ਮੈਨੂੰ ਵੱਖ-ਵੱਖ ਚੈਂਪੀਅਨਸ਼ਿਪਾਂ ਦੇ ਤਜਰਬੇ ਦੱਸਦੇ ਹਨ ਜਿਸ ਵਿਚ ਉਹ ਹਿੱਸਾ ਲਿਆ ਕਰਦੇ ਸਨ। ਉਨ੍ਹਾਂ ਨੇ ਕਿਵੇਂ ਦਬਾਅ ਦਾ ਸਾਹਮਣਾ ਕੀਤਾ ਤੇ ਕਿਵੇਂ ਅੱਗੇ ਵਧੇ। ਇਹ ਉਹ ਮੈਨੂੰ ਦੱਸਦੇ ਹਨ ਜਿਨ੍ਹਾਂ ਤੋਂ ਮੈਂ ਸਿੱਖਿਆ ਲੈ ਕੇ ਅਮਲ ਕਰਦਾ ਹਾਂ।