ਕੁਆਲਾਲੰਪੁਰ (ਪੀਟੀਆਈ) : ਭਾਰਤ ਦੇ ਸਟਾਰ ਸ਼ਟਲਰ ਪੀਵੀ ਸਿੰਧੂ ਤੇ ਐੱਚਐੱਸ ਪ੍ਰਣਯ ਨੇ ਸਖ਼ਤ ਸੰਘਰਸ਼ ਤੋਂ ਬਾਅਦ ਜਿੱਤ ਦਰਜ ਕਰਦੇ ਹੋਏ ਮਲੇਸ਼ੀਆ ਮਾਸਟਰਜ਼ ਸੁਪਰ 500 ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਥਾਂ ਬਣਾ ਲਈ ਹੈ। ਉਥੇ ਕੁਆਰਟਰ ਫਾਈਨਲ ਵਿਚ ਹਾਰ ਦੇ ਨਾਲ ਹੀ ਕਿਦਾਂਬੀ ਸ਼੍ਰੀਕਾਂਤ ਦੀ ਮੁਹਿੰਮ ਖ਼ਤਮ ਹੋ ਗਈ ਹੈ। ਮਹਿਲਾ ਸਿੰਗਲਜ਼ ਵਿਚ ਸ਼ੁੱਕਰਵਾਰ ਨੂੰ ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਸਿੰਧੂ ਨੇ ਕੁਆਰਟਰ ਫਾਈਨਲ ਵਿਚ ਚੀਨ ਦੀ ਯੀ ਮੇਨ ਝਾਂਗ ਨੂੰ 21-16, 13-21, 22-20 ਨਾਲ ਹਰਾਇਆ। ਇਸ ਨਾਲ ਹੀ ਸਿੰਧੂ ਨੇ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਚੀਨੀ ਖਿਡਾਰਨ ਹੱਥੋਂ ਮਿਲੀ ਹਾਰ ਦਾ ਵੀ ਬਦਲਾ ਲੈ ਲਿਆ। ਝਾਂਗ ਹੱਥੋਂ ਸਿੰਧੂ ਨੂੰ ਰਾਊਂਡ ਆਫ 32 ਵਿਚ ਹਾਰ ਸਹਿਣੀ ਪਈ ਸੀ।

ਸਿੰਧੂ ਹੁਣ ਸੈਮੀਫਾਈਨਲ ਵਿਚ ਸ਼ਨਿਚਰਵਾਰ ਨੂੰ ਸੱਤਵਾਂ ਦਰਜਾ ਹਾਸਲ ਇੰਡੋਨੇਸ਼ੀਆ ਦੀ ਗ੍ਰੇਗੋਰੀਆ ਮਾਰਿਸਕਾ ਤੁੰਜੁੰਗ ਨਾਲ ਭਿੜੇਗੀ। ਵਿਸ਼ਵ ਦੀ ਨੌਵੇਂ ਨੰਬਰ ਦੀ ਖਿਡਾਰਨ ਗ੍ਰੇਗੋਰੀਆ ਨੇ ਕੁਆਰਟਰ ਫਾਈਨਲ ਵਿਚ ਦੂਜਾ ਦਰਜਾ ਹਾਸਲ ਚੀਨ ਦੀ ਯੀ ਝੀ ਵਾਂਗ ਨੂੰ 21-18, 22-20 ਨਾਲ ਹਰਾ ਕੇ ਵੱਡਾ ਉਲਟਫੇਰ ਕੀਤਾ। ਮਰਦ ਸਿੰਗਲਜ਼ ਵਿਚ ਵਿਸ਼ਵ ਨੰਬਰ ਨੌਂ ਪ੍ਰਣਯ ਨੇ ਜਾਪਾਨ ਦੇ ਕੇਂਤਾ ਨਿਸ਼ੀਮੋਤੋ ਨੂੰ 25-23, 18-21, 21-13 ਨਾਲ ਹਰਾਇਆ। ਸੈਮੀਫਾਈਨਲ ਵਿਚ ਹੁਣ ਪ੍ਰਣਯ ਦੇ ਸਾਹਮਣੇ ਇੰਡੋਨੇਸ਼ੀਆ ਦੇ ਕੁਆਲੀਫਾਇਰ ਖਿਡਾਰੀ ਕ੍ਰਿਸ਼ਚੀਅਨ ਏਦੀਨਾਤਾ ਦੀ ਚੁਣੌਤੀ ਹੋਵੇਗੀ ਜਿਨ੍ਹਾਂ ਨੇ ਕੁਆਰਟਰ ਫਾਈਨਲ ਵਿਚ ਸ਼੍ਰੀਕਾਂਤ ਨੂੰ 16-21, 21-16, 21-11 ਨਾਲ ਮਾਤ ਦਿੱਤੀ। ਇਨ੍ਹਾਂ ਦੋਵਾਂ ਖਿਡਾਰੀਆਂ ਵਿਚਾਲੇ ਇਹ ਪਹਿਲਾ ਮੁਕਾਬਲਾ ਹੋਵੇਗਾ। ਇੰਡੋਨੇਸ਼ੀਆ ਦੇ ਏਦੀਨਾਤਾ ਨੇ ਪਿਛਲੇ ਸਾਲ ਹੀ ਸੀਨੀਅਰ ਪੱਧਰ 'ਤੇ ਖੇਡਣਾ ਸ਼ੁਰੂ ਕੀਤਾ ਸੀ।