ਏਸ਼ਿਆਈ ਦੇਸ਼ ਕਤਰ ਨੂੰ ਫੀਫਾ ਵਰਲਡ ਕੱਪ-2022 ਕਰਾਉਣ ਦੀ ਮੇਜ਼ਬਾਨੀ ਦਸੰਬਰ-2010 ’ਚ ਹਾਸਲ ਹੋਈ ਸੀ। ਕਤਰ ਦੀ ਮੇਜ਼ਬਾਨੀ ’ਚ ਮਿਡਲ ਈਸਟ ’ਚ ਖੇਡਿਆ ਜਾਣ ਵਾਲਾ ਇਹ ਪਲੇਠਾ ਵਿਸ਼ਵ ਫੁੱਟਬਾਲ ਕੱਪ ਹੈ। ਕੁੱਲ ਆਲਮ ਦੇ ਵੱਖ-ਵੱਖ ਪੰਜ ਖਿੱਤਿਆਂ ਦੀਆਂ 32 ਟੀਮਾਂ ਦਰਮਿਆਨ ਖੇਡੇ ਜਾਣ ਵਾਲੇ 22ਵੇਂ ਫੀਫਾ ਟੂਰਨਾਮੈਂਟ ’ਚ 64 ਮੈਚ ਖੇਡੇ ਜਾਣਗੇ। ਦੁਨੀਆ ਦੀਆਂ ਮੰਨੀਆਂ-ਦੰਨੀਆਂ ਫੁੱਟਬਾਲ ਟੀਮਾਂ ਨੂੰ 8 ਗਰੁੱਪਾਂ ’ਚ ਵੰਡਿਆ ਗਿਆ ਹੈ। ਵਿਸ਼ਵ ਸੌਕਰ ਕੱਪ ਦਾ ਪਹਿਲਾ ਮੈਚ ਮੇਜ਼ਬਾਨ ਕਤਰ ਤੇ ਇਕਵਾਡੋਰ ਦੀਆਂ ਸੌਕਰ ਟੀਮਾਂ ਦਰਮਿਆਨ ਅਲ ਖੋਰ ਸ਼ਹਿਰ ਦੇ ਅਲ ਬੇਯਤ ਫੁੱਟਬਾਲ ਸਟੇਡੀਅਮ ਦੇ ਮੈਟ ’ਤੇ ਖੇਡਿਆ ਜਾਵੇਗਾ। ਗਲੋਬਲ ਫੁੱਟਬਾਲ ਟੂਰਨਾਮੈਂਟ ਦਾ ਖਿਤਾਬੀ ਭਾਵ ਫਾਈਨਲ ਮੁਕਾਬਲਾ ਲੁਸੈਲ ਸਟੇਡੀਅਮ ਦੀ ਪਿੱਚ ’ਤੇ 18 ਦਸੰਬਰ ਨੂੰ ਖੇਡਿਆ ਜਾਵੇਗਾ।

ਪੂਲ-ਏ ’ਚ ਮੇਜ਼ਬਾਨ ਦੇਸ਼ ਕਤਰ ਦੀ ਟੀਮ ਤੋਂ ਇਲਾਵਾ ਇਕਵਾਡੋਰ, ਸੇਨੇਗਲ ਤੇ ਨੀਦਰਲੈਂਡ ਦੀਆਂ ਟੀਮਾਂ ਅਗਲੇ ਦੌਰ ’ਚ ਜਾਣ ਲਈ ਜ਼ੋਰ-ਅਜ਼ਮਾਈ ਕਰਨਗੀਆਂ ਜਦਕਿ ਗਰੁੱਪ-ਬੀ ’ਚ ਫੀਫਾ ਵਿਸ਼ਵ ਕੱਪ-2018 ’ਚ ਸੈਮੀਫਾਈਨਲ ਖੇਡਣ ਵਾਲੀ ਇੰਗਲਿਸ਼ ਟੀਮ ਇੰਗਲੈਂਡ ਤੋਂ ਇਲਾਵਾ ਇਰਾਨ, ਅਮਰੀਕਾ ਤੇ ਵੇਲਜ਼ ਦੀਆਂ ਟੀਮਾਂ ਅਗਲੇ ਗੇੜ ’ਚ ਜਾਣ ਲਈ ਮੈਦਾਨ ਦੀ ਹਿੱਕ ’ਤੇ ਖ਼ੂਨ-ਪਸੀਨਾ ਇਕ ਕਰਨਗੀਆਂ। ਗਰੁੱਪ-ਸੀ ’ਚ ਦੋ ਵਾਰ ਵਿਸ਼ਵ ਕੱਪ ਜਿੱਤ ਚੁੱਕੀ ਅਰਜਨਟੀਨਾ ਟੀਮ ਤੋਂ ਮੈਕਸੀਕੋ, ਪੋਲੈਂਡ ਤੇ ਸਾਊਦੀ ਅਰਬ ਦੀਆਂ ਟੀਮਾਂ ਦੇ ਖਿਡਾਰੀ ਦੂਜੇ ਦੌਰ ’ਚ ਦਸਤਕ ਦੇਣ ਲਈ ਮੈਦਾਨ ’ਚ ਹਰ ਹਰਬਾ ਵਰਤਣਗੇ ਜਦਕਿ ਪੂਲ-ਡੀ ’ਚ ਡਿਫੈਂਡਿੰਗ ਚੈਂਪੀਅਨ ਫਰਾਂਸ ਤੋਂ ਇਲਾਵਾ ਆਸਟਰੇਲੀਆ, ਡੈਨਮਾਰਕ ਅਤੇ ਟਿਊਨੀਸ਼ੀਆ ਦੇ ਖਿਡਾਰੀ ਦੂਜੇ ਗੇੜ ਦਾ ਟਿਕਟ ਕਟਾਉਣ ਲਈ ਮੈਦਾਨ ਦੇ ਚਾਰੇ ਖੂੰਜਿਆਂ ’ਤੇ ਵਿੱਛ ਕੇ ਖੇਡਣਗੇ। ਪੂਲ-ਈ ਇਕ ਵਾਰ ਵਿਸ਼ਵ ਕੱਪ ਟਰਾਫੀ ਦੀ ਜਿੱਤ ਦਾ ਸੁਆਦ ਚੱਖ ਚੁੱਕੀ ਸਪੇਨ ਦੀ ਟੀਮ ਤੋਂ ਇਲਾਵਾ ਜਰਮਨੀ, ਜਪਾਨ ਅਤੇ ਕੋਸਟਾ ਰੀਕਾ ਦੀਆਂ ਦੂਜੇ ਦੌਰ ਦਾ ਟਿਕਟ ਕਟਾਉਣ ਲਈ ਇਕ-ਦੂਜੀ ਟੀਮ ਨੂੰ ਪਛਾੜਨ ਦਾ ਯਤਨ ਕਰਨਗੀਆਂ ਜਦਕਿ ਪੂਲ-ਐੱਫ ’ਚ ਸਾਲ-2018 ਵਿਸ਼ਵ ਕੱਪ ’ਚ ਤਾਂਬੇ ਦਾ ਤਗਮਾ ਜੇਤੂ ਬੈਲਜੀਅਮ ਦੀ ਟੀਮ ਤੋਂ ਇਲਾਵਾ ਕੈਨੇਡਾ, ਮੋਰੱਕੋ ਅਤੇ ਫੀਫਾ ਕੱਪ-2018 ’ਚ ਉਪ-ਜੇਤੂ ਕਰੋਸ਼ੀਆ ਦੇ ਖਿਡਾਰੀ ਅਗਲੇ ਗੇੜ ਲਈ ਉਡਾਣ ਭਰਨ ਪੂਰਾ ਟਿੱਲ ਲਾਉਣਗੇ। ਗਰੁੱਪ-ਜੀ ’ਚ ਵਿਸ਼ਵ ਫੁਟਬਾਲ ਦੀ ਸਾਹ ਰਗ ਕਹੀ ਜਾਣ ਵਾਲੀ ਬ੍ਰਾਜ਼ੀਲੀ ਟੀਮ ਤੋਂ ਇਲਾਵਾ ਸਰਬੀਆ, ਸਵਿਟਜ਼ਰਲੈਂਡ ਅਤੇ ਕੈਮਰੂਨ ਦੀਆਂ ਟੀਮਾਂ ਦੂਜੇ ਦੌਰ ਦਾ ਬੂਹਾ ਖੜਕਾਉਣ ਲਈ ਗਹਿਗੱਚ ਖੇਡ ਦਾ ਮੁਜ਼ਾਹਰਾ ਕਰਨਗੀਆਂ ਜਦਕਿ ਪੂਲ-ਐੱਚ ’ਚ ਪੁਰਤਗਾਲ ਤੋਂ ਇਲਾਵਾ ਘਾਨਾ, ਉਰੂਗੁਏ ਅਤੇ ਦੱਖਣੀ ਕੋਰੀਆ ਦੇ ਖਿਡਾਰੀ ਅਗਲੀ ਸਵੇਰ ਦੀ ਕਿਰਨ ਵੇਖਣ ਲਈ ਮੈਦਾਨ ’ਚ ਜਿੱਤ ਦੇ ਚਾਨਣ ਦਾ ਛੱਟਾ ਜ਼ਰੂਰ ਦੇਣਗੇ।

ਫੀਫਾ ਵਰਲਡ ਕੱਪ ਦੀ ਸ਼ੁਰੂਆਤ

ਫਰਾਂਸੀਸੀ ‘ਜੂੁਲਿਸ ਰੀਮੇ’ ਜੋ ਪੇਸ਼ੇਵਰ ਨਾਮੀਂ ਵਕੀਲ ਸੀ, ਨੂੰ 1920 ’ਚ ਕੌਮਾਂਤਰੀ ਫੁੱਟਬਾਲ ਸੰਘ ਫੀਫਾ ਦਾ ਪਹਿਲਾ ਪ੍ਰਧਾਨ ਬਣਾਇਆ ਗਿਆ। ਫੁਟਬਾਲ ਦਾ ਵਿਸ਼ਵ-ਵਿਆਪੀ ਕੱਪ ਕਰਾਉਣ ਦਾ ਫੁਰਨਾ ਵੀ ਜੂਲਿਸ ਰੀਮੇ ਨੂੰ ਹੀ ਫੁਰਿਆ ਸੀ। ਜੂਲਿਸ ਰੀਮੇ ਇਸ ਅਹੁਦੇ ’ਤੇ ਲੰਮਾ ਸਮਾਂ 1954 ਤਕ ਟਿਕਿਆ ਰਿਹਾ। ਫੀਫਾ ਵਲੋਂ ਫੁੱਟਬਾਲ ਦੇ ਆਲਮੀ ਖਿਤਾਬ ਦਾ ਨਾਮ ਵੀ ‘ਜੂਲਿਸ ਰੀਮੇ ਫੁੱਟਬਾਲ ਟਰਾਫੀ’ ਐਡਵੋਕੇਟ ‘ਜੂਲਿਸ ਰੀਮੇ’ ਦੇ ਨਾਂ ਨਾਲ ਮੇਲ ਕੇ ਹੀ ਰੱਖਿਆ ਗਿਆ। ਫੱੁਟਬਾਲ ਖੇਡ ਦੀ ਆਲਮੀ ਸਰਦਾਰੀ ਦਾ ਚਿੰਨ੍ਹ ਨੌਂ ਪੌਂਡ ਸ਼ੁੱਧ ਸੋਨੇ ਦਾ ਫੁੱਟਬਾਲ ਕੱਪ, ਜਿਸ ਦਾ ਨਾਂ ‘ਜੂਲਿਸ ਰੀਮੇ ਫੁੱਟਬਾਲ ਟਰਾਫੀ’ ਹੈ। ਇਸ ਚਲੰਤ ਟਰਾਫੀ ਨੂੰ ਪ੍ਰਸਿੱਧ ਮੂਰਤੀਕਾਰ ‘ਅਬੈ ਲੈਪਲੂ’ ਨੇ ਡਿਜ਼ਾਇਨ ਕੀਤਾ ਹੈ। ਫੀਫਾ ਦਾ ਇਹ ਵਾਅਦਾ ਸੀ ਕਿ ਜਿਹੜਾ ਮੁਲਕ ਫੀਫਾ ਫੁੱਟਬਾਲ ਕੱਪ ’ਚ ਪਹਿਲਾਂ ਤਿੰਨ ਜਿੱਤਾਂ ਦਰਜ ਕਰੇਗਾ, ਇਹ ਚਲੰਤ ਟਰਾਫੀ ਸਦਾ ਲਈ ਉਸ ਟੀਮ ਨੂੰ ਸੌਂਪ ਦਿੱਤੀ ਜਾਵੇਗੀ। ਇਸ ਕਰਕੇ ਮੈਕਸਿਕ-1970 ਦੇ ਵਿਸ਼ਵ ਫੁੱਟਬਾਲ ਕੱਪ ਦੌਰਾਨ ਇਹ ਸੌਕਰ ਟਰਾਫੀ ਆਲਮੀ ਸੌਕਰ ਕੱਪ ’ਚ ਜਿੱਤਾਂ ਦੀ ਹੈਟਰਿਕ ਮਾਰਨ ਵਾਲੇ ਦੇਸ਼ ਬਰਾਜ਼ੀਲ ਨੂੰ ‘ਜੂਲਿਸ ਰੀਮੇ ਫੁਟਬਾਲ ਟਰਾਫੀ’ ਪੱਕੇ ਤੌਰ ’ਤੇ ਸੌਂਪ ਦਿੱਤੀ ਗਈ। ਬਰਾਜ਼ੀਲੀ ਟੀਮ ਨੇ 1970 ਆਲਮੀ ਕੱਪ ਦਾ ਖਿਤਾਬ ਆਪਣੇ ਨਾਂ ਕਰ ਕੇ ਇਸ ਵਕਾਰੀ ਮੁਕਾਬਲੇ ’ਚ ਜਿੱਤਾਂ ਦੀ ਤਿੱਕੜੀ ਜਮਾਈ ਸੀ। ਇਸ ਤੋਂ ਬਾਅਦ ਜਰਮਨੀ-1974 ’ਚ ਜਦੋਂ ਮੇਜ਼ਬਾਨ ਟੀਮ ਨੇ ਹਾਲੈਂਡ ਨੂੰ 2-1 ਨਾਲ ਹਰਾਉਣ ਸਦਕਾ ਵਿਸ਼ਵ ਫੁੱਟਬਾਲ ਦਾ ਖਿਤਾਬ ਆਪਣੇ ਨਾਂ ਕੀਤਾ ਤਾਂ ਜਰਮਨੀ ਨੂੰ ‘ਸਿਲਿਵਯੋ ਗਜ਼ਾਨੀਆ ਟਰਾਫੀ’ ਪ੍ਰਦਾਨ ਕੀਤੀ ਗਈ।

ਮੇਜ਼ਬਾਨੀ ਹਾਸਲ ਕਰਨ ਲਈ ਅੱਡੀ ਚੋਟੀ ਦਾ ਜ਼ੋਰ

ਫੀਫਾ ਸੰਸਾਰ ਕੱਪ ਕਰਾਉਣ ਦੀ ਮੇਜ਼ਬਾਨੀ ਹਾਸਲ ਕਰਨ ਲਈ ਵੀ ਹਰ ਦੇਸ਼ ਅੱਡੀ ਚੋਟੀ ਦਾ ਜ਼ੋਰ ਲਗਾ ਦੇਂਦਾ ਹੈ। ਜਿਸ ਦੇਸ਼ ’ਚ ਇਹ ਮੁਕਾਬਲਾ ਖੇਡਿਆ ਜਾਣਾ ਹੁੰਦਾ ਹੈ, ਉਸ ਦੇ ਵਾਰੇ-ਨਿਆਰੇ ਹੋ ਜਾਂਦੇ ਹਨ। ਉਸ ਦੇਸ਼ ਦੀ ਹੋਟਲ ਸਨਅਤ ਤੋਂ ਲੈ ਕੇ ਹਰ ਤਰ੍ਹਾਂ ਦੇ ਬਾਜ਼ਾਰ ’ਚ ਖ਼ਰੀਦੋ-ਫਰੋਖਤ ਦੇ ਰਿਕਾਰਡ ਟੁੱਟ ਜਾਂਦੇ ਹਨ। ਇਹ ਫੁੱਟਬਾਲ ਟੂਰਨਾਮੈਂਟ ਦੇਖਣ ਦੇ ਚਾਹਵਾਨ ਦਰਸ਼ਕਾਂ ਦੇ ਉਤਸ਼ਾਹ ਦਾ ਪਾਰਾ ਸੱਤਵੇਂ ਅਸਮਾਨ ’ਤੇ ਹੁੰਦਾ ਹੈ ਜੋ ਸਾਲ ਦੋ ਸਾਲ ਪਹਿਲਾਂ ਹੀ ਟੂਰਨਾਮੈਂਟ ਦੇਖਣ ਲਈ ਆਪਣੀਆਂ ਟਿਕਟਾਂ ਪੱਕੀਆਂ ਕਰ ਲੈਂਦੇ ਹਨ। ਬਹੁਤੇ ਦੇਸ਼ਾਂ ਦੇ ਫੁਟਬਾਲ ਪ੍ਰੇਮੀਆਂ ਨੇ ਵਿਆਹ-ਸ਼ਾਦੀਆਂ ਦੀਆਂ ਤਰੀਕਾਂ ਵੀ ਵਿਸ਼ਵ ਕੱਪ ਨਾਲ ਮੇਲ ਕੇ ਰੱਖੀਆਂ ਹੁੰਦੀਆਂ ਹਨ ਤਾਂ ਜੋ ਹਨੀਮੂਨ ਦੇ ਲੁਤਫ ਦੇ ਨਾਲ-ਨਾਲ ਫੁਟਬਾਲ ਖੇਡ ਦਾ ਆਨੰਦ ਵੀ ਮਾਣਿਆ ਜਾ ਸਕੇੇ। ਟੂਰਿਸਟ ਏਜੰਸੀਆਂ ਵਲੋਂ ਵੀ ਵਿਸ਼ਵ ਕੱਪ ਦੇਖਣ ਲਈ ਰਾਹਤ ਪੈਕੇਜ ਦਿੱਤੇ ਜਾਂਦੇ ਹਨ।

ਫੀਫਾ ਵਿਸ਼ਵ ਕੱਪ ਕਤਰ-2022

ਕਤਰ ਫੀਫਾ ਵਿਸ਼ਵ ਕੱਪ-2022 ਦੀ ਮੇਜ਼ਬਾਨੀ ਕਰਨ ਜਾ ਰਿਹਾ ਕਤਰ ਬਹੁਤ ਛੋਟਾ ਦੇਸ਼ ਹੈ, ਜਿਸ ਦਾ ਖੇਤਰਫਲ 11,521 ਵਰਗ ਕਿਲੋਮੀਟਰ ਹੈ। ਫੀਫਾ ਵਿਸ਼ਵ ਕੱਪ ਦੇ ਸਟੇਡੀਅਮ ਇਕ-ਦੂਜੇ ਦੇ ਬਹੁਤ ਨਜ਼ਦੀਕ ਹੋਣ ਕਰਕੇ ਖਿਡਾਰੀਆਂ ਨੂੰ ਬਹੁਤੀ ਹਵਾਈ ਯਾਤਰਾ ਤੋਂ ਵੀ ਛੁਟਕਾਰਾ ਮਿਲੇਗਾ। ਇਸ ਕਰਕੇ ਕਾਰਬਨ ਇਮਿਸ਼ਨ ਬਹੁਤ ਘੱੱਟ ਹੋਵੇਗਾ। ਮੇਜ਼ਬਾਨ ਕਤਰ ਨੇ ਵਿਸ਼ਵ ਫੁਟਬਾਲ ਕੱਪ ਦੌਰਾਨ ਗਰੀਨ ਗੈਸਾਂ ਤੇ ਹਵਾ ਪ੍ਰਦੂਸ਼ਣ ਘੱਟ ਕਰਨ ਲਈ ਇਲੈਕਟਿ੍ਰਕ ਟਰਾਂਸਪੋਰਟ ਸਿਸਟਮ ਨੈਟਵਰਕ ਬਣਾਇਆ ਹੈ, ਜਿਸ ਤਹਿਤ ਫੁੱਟਬਾਲ ਦਰਸ਼ਕਾਂ ਤੇ ਟੂਰਿਸਟ ਦੀ ਸਹੂਲਤ ਲਈ ਇਲੈਕਟਿ੍ਰਕ ਬੱਸਾਂ ਦਾ ਇਸਤੇਮਾਲ ਕੀਤਾ ਜਾਵੇਗਾ।

32 ਟੀਮਾਂ ਦੇ ਖੇਡਣ ਦੀ ਪੱਕੀ ਵਿਵਸਥਾ

ਹਰ ਚਾਰ ਸਾਲ ਬਾਅਦ ਖੇਡੇ ਜਾਣ ਵਾਲੇ ਕੁੱਲ ਜਗਤ ਦੇ ਖੇਡ ਮੇਲੇ ’ਚ 32 ਟੀਮਾਂ ਦੇ ਖੇਡਣ ਦੀ ਪੱਕੀ ਵਿਵਸਥਾ ਕੀਤੀ ਗਈ। ਪੂਰੀ ਦੁਨੀਆ ਦੇ ਪੰਜ ਖਿੱਤਿਆਂ ’ਚ ਫੀਫਾ ਦੇ 200 ਤੋਂ ਵੱਧ ਮੈਂਬਰ ਦੇਸ਼ਾਂ ਵਲੋਂ ਖੇਡ ਨਿਯਮਾਂ ਅਨੁਸਾਰ ਵੱਖ-ਵੱਖ ਟੀਮਾਂ ਵਿਚਕਾਰ ਕੁਆਲੀਫਾਈ ਦੌਰ ਖੇਡ ਜਾਂਦੇ ਹਨ। ਵਿਸ਼ਵ ਦੀਆਂ ਟੀਮਾਂ ਵੱਲੋਂ ਸੰਸਾਰ-ਵਿਆਪੀ ਮੁਕਾਬਲਾ ਖੇਡਣ ਲਈ ਹਰ ਹੀਲਾ ਵਰਤਿਆ ਜਾਂਦਾ ਹੈ। ਹਰ ਖਿੱਤੇ ’ਚ ਨਿਯਮਾਂ ਅਨੁਸਾਰ ਕੁਆਲੀਫਾਈ ਦੌਰ ਖੇਡਣ ਦਾ ਪੈੈਮਾਨਾ ਸਰ ਕਰਨ ਵਾਲੀਆਂ ਟੀਮਾਂ ਹੀ ਆਲਮੀ ਫੁੱਟਬਾਲ ਕੱਪ ਖੇਡਣ ਦਾ ਟਿਕਟ ਕਟਵਾਉਂਦੀਆਂ ਹਨ। ਆਲਮੀ ਫੁੱਟਬਾਲ ਕੱਪ ਕੁੱਲ ਦੁਨੀਆ ਦਾ ਸਭ ਤੋਂ ਵੱਡਾ ਖੇਡ ਮੇਲਾ ਹੁੰਦਾ ਹੈ ਜੋ ਪੂਰਾ ਇਕ ਮਹੀਨਾ ਖੇਡਿਆ ਜਾਂਦਾ ਹੈ। ਇਸ ਵਿਸ਼ਵ-ਵਿਆਪੀ ਫੁੱਟਬਾਲ ਟੂਰਨਾਮੈਂਟ ਦੀ ਹੋਰ ਕੋਈ ਖੇਡ ਮੁਕਾਬਲਾ ਜਾਂ ਬਰਾਬਰੀ ਕਰਨੀ ਤਾਂ ਇਕ ਪਾਸੇ ਰਹੀ, ਨੇੜੇ-ਤੇੜੇ ਵੀ ਨਹੀਂ ਖੜ੍ਹਦੀ।

- ਸੁਖਵਿੰਦਰਜੀਤ ਸਿੰਘ ਮਨੌਲੀ

Posted By: Harjinder Sodhi