ਤੁਰਿਨ (ਏਪੀ) : ਸੁਪਰ ਸਟਾਰ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਦੇ ਦੋ ਗੋਲਾਂ ਦੀ ਮਦਦ ਨਾਲ ਇਟਲੀ ਦੀ ਫੁੱਟਬਾਲ ਟੀਮ ਜੁਵੈਂਟਸ ਯੂਏਫਾ ਚੈਂਪੀਅਨਜ਼ ਲੀਗ ਦੇ ਦੂਜੇ ਗੇੜ ਦੇ ਮੈਚ ਵਿਚ ਲਿਓਨ 'ਤੇ 2-1 ਨਾਲ ਜਿੱਤ ਦਰਜ ਕਰਨ ਵਿਚ ਕਾਮਯਾਬ ਰਹੀ ਪਰ ਉਹ ਅਵੇਅ ਗੋਲ ਦੇ ਕਾਰਨ ਲੀਗ 'ਚੋਂ ਬਾਹਰ ਹੋ ਗਈ। ਦੋਵਾਂ ਟੀਮਾਂ ਦਾ ਕੁੱਲ ਸਕੋਰ (ਦੋ ਗੇੜਾਂ ਦੇ ਮੈਚਾਂ ਦਾ ਨਤੀਜਾ) 2-2 ਰਿਹਾ ਤੇ ਲਿਓਨ ਦੀ ਟੀਮ ਅਵੇਅ ਗੋਲ ਦੀ ਮਦਦ ਨਾਲ ਕੁਆਰਟਰ ਫਾਈਨਲ ਵਿਚ ਪੁੱਜਣ ਵਿਚ ਕਾਮਯਾਬ ਰਹੀ। ਪਹਿਲੇ ਗੇੜ ਦੇ ਮੈਚ ਵਿਚ ਲਿਓਨ ਦੀ ਟੀਮ 1-0 ਨਾਲ ਜਿੱਤੀ ਸੀ। ਰੋਨਾਲਡੋ ਨੇ 43ਵੇਂ (ਪੈਨਲਟੀ) ਤੇ 60ਵੇਂ ਮਿੰਟ ਵਿਚ ਗੋਲ ਕੀਤਾ ਪਰ ਲਿਓਨ ਦੇ ਕਪਤਾਨ ਮੇਂਫਿਸ ਡਿਪੇ ਨੇ 12ਵੇਂ ਮਿੰਟ ਵਿਚ ਪੈਨਲਟੀ ਨਾਲ ਕੀਤੇ ਗਏ ਗੋਲ ਨਾਲ ਲਿਓਨ ਨੂੰ ਕੁਆਰਟਰ ਵਿਚ ਪਹੁੰਚਾਇਆ। ਇਹ ਮੈਚ 17 ਮਾਰਚ ਨੂੰ ਹੋਣਾ ਸੀ ਪਰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪੂਰੀ ਦੁਨੀਆ ਵਿਚ ਖੇਡ ਸਰਗਰਮੀਆਂ ਬੰਦ ਹੋ ਗਈਆਂ ਸਨ। ਜੇ ਇਹ ਮੈਚ ਉਸੇ ਦਿਨ ਹੋਇਆ ਹੁੰਦਾ ਤਾਂ ਸ਼ਾਇਦ ਮੇਂਫਿਸ ਡਿਪੇ ਇਸ ਵਿਚ ਨਾ ਖੇਡੇ ਹੁੰਦੇ ਕਿਉਂਕਿ ਉਹ ਤਦ ਗੰਭੀਰ ਗੋਡੇ ਦੀ ਸੱਟ ਨਾਲ ਜੂਝ ਰਹੇ ਸਨ।

ਮਾਨਚੈਸਟਰ ਸਿਟੀ ਨੇ ਰੀਅਲ ਮੈਡਿ੍ਡ ਨੂੰ ਦਿੱਤੀ ਮਾਤ :

ਮਾਨਚੈਸਟਰ ਸਿਟੀ ਨੇ ਰੀਅਲ ਮੈਡਿ੍ਡ ਦੀਆਂ ਗ਼ਲਤੀਆਂ ਦਾ ਫ਼ਾਇਦਾ ਉਠਾ ਕੇ ਦੂਜੇ ਗੇੜ ਦੇ ਮੈਚ ਵਿਚ 2-1 ਨਾਲ ਜਿੱਤ ਹਾਸਲ ਕੀਤੀ ਤੇ ਚੈਂਪੀਅਨਜ਼ ਲੀਗ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਮਾਨਚੈਸਟਰ ਸਿਟੀ ਦੇ ਖਿਡਾਰੀ ਰਿਕਾਰਡ 13 ਵਾਰ ਦੀ ਚੈਂਪੀਅਨ ਰੀਅਲ ਮੈਡਿ੍ਡ ਨੂੰ ਹਰਾ ਕੇ ਉਮੀਦ ਲਾਈ ਬੈਠੇ ਹਨ ਕਿ ਉਹ ਟੀਮ ਨੂੰ ਪਹਿਲਾ ਚੈਂਪੀਅਨਜ਼ ਲੀਗ ਖ਼ਿਤਾਬ ਦਿਵਾ ਸਕਣਗੇ। ਹੁਣ ਕੁਆਰਟਰ ਫਾਈਨਲ 'ਚ ਮਾਨਚੈਸਟਰ ਸਿਟੀ ਦਾ ਸਾਹਮਣਾ ਲਿਓਨ ਨਾਲ ਹੋਵੇਗਾ। ਟੀਮ ਨੇ ਫਰਵਰੀ ਵਿਚ ਸਪੈਨਿਸ਼ ਰਾਜਧਾਨੀ ਵਿਚ ਹੋਏ ਪਹਿਲੇ ਗੇੜ ਦੇ ਮੁਕਾਬਲੇ ਵਿਚ ਇਸੇ ਸਕੋਰ ਨਾਲ ਜਿੱਤ ਹਾਸਲ ਕੀਤੀ ਸੀ ਜਿਸ ਨਾਲ ਉਨ੍ਹਾਂ ਦਾ ਕੁੱਲ ਸਕੋਰ 4-2 ਰਿਹਾ। ਸਿਟੀ ਦੇ ਰਹੀਮ ਸਟਰਲਿੰਗ ਤੇ ਗੈਬਰੀਅਲ ਜੀਸਸ ਨੇ ਰੀਅਲ ਮੈਡਿ੍ਡ ਦੀਆਂ ਡਿਫੈਂਸ ਦੀਆਂ ਕਮੀਆਂ ਦਾ ਫ਼ਾਇਦਾ ਉਠਾਉਂਦੇ ਹੋਏ ਕ੍ਰਮਵਾਰ ਨੌਵੇਂ ਤੇ 68ਵੇਂ ਮਿੰਟ ਵਿਚ ਗੋਲ ਕੀਤੇ। ਰੀਅਲ ਮੈਡਿ੍ਡ ਲਈ ਇੱਕੋ ਇਕ ਗੋਲ ਕਰੀਮ ਬੇਂਜੇਮਾ ਨੇ 28ਵੇਂ ਮਿੰਟ ਵਿਚ ਕੀਤਾ।

ਚੈਂਪੀਅਨਜ਼ ਲੀਗ ਖ਼ਿਤਾਬ ਜਿੱਤਣਾ ਚਾਹੁੰਦੇ ਹਨ ਗਾਰਡੀਓਲਾ :

ਮਾਨਚੈਸਟਰ ਸਿਟੀ ਦੇ ਮੈਨੇਜਰ ਪੇਪ ਗਾਰਡੀਓਲਾ ਨੇ ਆਪਣੀਆਂ ਨਜ਼ਰਾਂ ਚੈਂਪੀਅਨਜ਼ ਲੀਗ ਜਿੱਤਣ 'ਤੇ ਲਾ ਦਿੱਤੀਆਂ ਹਨ। ਗਾਰਡੀਓਲਾ ਨੇ ਕਿਹਾ ਕਿ ਅਸੀਂ ਚੈਂਪੀਅਨਜ਼ ਲੀਗ ਖ਼ਿਤਾਬ ਜਿੱਤਣ ਦੀ ਕੋਸ਼ਿਸ਼ ਕਰਾਂਗੇ। ਜੇ ਤੁਸੀਂ ਜਿੱਤਣਾ ਚਾਹੁੰਦੇ ਹੋ ਤਾਂ ਤੁਹਾਨੂੰ ਵੱਡੇ ਕਲੱਬਾਂ ਨੂੰ ਹਰਾਉਣਾ ਪਵੇਗਾ ਤੇ ਇਹ ਮਹੱਤਵਪੂਰਨ ਹੈ। ਅਸੀਂ ਰੀਅਲ ਮੈਡਿ੍ਡ ਨੂੰ ਦੋ ਵਾਰ ਹਰਾਇਆ ਹੈ। ਮੈਡਿ੍ਡ ਦੇ ਮੈਨੇਜਰ ਜਿਨੇਦਿਨ ਜਿਦਾਨ ਕਦੀ ਨਾਕਆਊਟ ਮੁਕਾਬਲਾ ਨਹੀਂ ਹਾਰਦੇ ਹਨ। ਤੁਸੀਂ ਉਸ ਦੀ ਸ਼ਾਂਤ ਸ਼ਖ਼ਸੀਅਤ ਨੂੰ ਦੇਖਦੇ ਹੋ, ਉਹ ਚੰਗੇ ਹਨ। ਗਾਰਡੀਓਲਾ ਨੇ ਮੈਚ ਨੂੰ ਲੈ ਕੇ ਕਿਹਾ ਕਿ ਅਸੀਂ ਬਹੁਤ ਸਾਰੇ ਮੌਕੇ ਬਣਾਏ ਤੇ ਉਨ੍ਹਾਂ ਦੀਆਂ ਗ਼ਲਤੀਆਂ ਦੇ ਨਾਲ ਦੋ ਗੋਲ ਕੀਤੇ ਪਰ ਇਸ ਟੀਮ ਖ਼ਿਲਾਫ਼ ਗੋਲ ਕਰਨਾ ਸੌਖਾ ਨਹੀਂ ਹੈ।