ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੀਆਂ ਖੇਡਾਂ 'ਚ ਵੱਡੀਆਂ ਪ੍ਰਾਪਤੀਆਂ ਕਾਰਨ ਖੇਡਾਂ ਦਾ ਧੁਰਾ ਮੰਨਿਆ ਜਾਂਦਾ ਹੈ। ਖੇਡਾਂ 'ਚ ਇਸ ਕਾਲਜ ਨੇ ਬੀਤੇ ਦਿਨੀਂ ਇਕ ਹੋਰ ਮਾਣਮੱਤੀ ਪ੍ਰਾਪਤੀ ਕੀਤੀ ਹੈ। ਆਪਣੇ ਜੇਤੂ ਅੰਦਾਜ਼ ਨੂੰ ਕਾਇਮ ਰੱਖਦੇ ਹੋਏ ਲਾਇਲਪੁਰ ਖ਼ਾਲਸਾ ਕਾਲਜ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਬੇਹੱਦ ਵੱਕਾਰੀ 'ਜਨਰਲ ਸਪੋਰਟਸ ਓਵਰਆਲ ਖੇਡ ਟਰਾਫੀ' 24ਵੀਂ ਵਾਰ ਜਿੱਤੀ ਹੈ। ਕਾਲਜ ਨੇ ਇਹ ਟਰਾਫੀ ਜਿੱਤ ਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ, ਕਿਉਂ ਜੋ ਕੋਈ ਵੀ ਕਾਲਜ ਇਸ ਟਰਾਫੀ ਲਈ ਅੱਜ ਤਕ ਇਸ ਕਦਰ ਜੇਤੂ ਲੈਅ ਨਹੀਂ ਬਣਾ ਸਕਿਆ।

ਜਿੱਤਿਆ 31.43 ਲੱਖ ਦਾ ਇਨਾਮ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਆਪਣੇ ਕਾਲਜਾਂ ਵਿਚੋਂ ਖੇਡਾਂ ਦੇ ਖੇਤਰ 'ਚ ਅੱਵਲ ਰਹਿਣ ਵਾਲੇ ਕਾਲਜ ਨੂੰ ਇਹ ਇਨਾਮ ਹਰ ਵਰ੍ਹੇ ਪ੍ਰਦਰਸ਼ਨ ਦੇ ਆਧਾਰ 'ਤੇ ਦਿੱਤਾ ਜਾਂਦਾ ਹੈ। ਲਾਇਲਪੁਰ ਖ਼ਾਲਸਾ ਕਾਲਜ ਦਾ ਕੁੱਲ 24ਵੀਂ ਵਾਰ ਇਹ ਖ਼ਿਤਾਬ ਹਾਸਲ ਕਰਨਾ ਖ਼ਾਸ ਅਰਥ ਰੱਖਦਾ ਹੈ ਕਿਉਂਕਿ ਸੌਖੇ ਸ਼ਬਦਾਂ ਵਿਚ ਇਸ ਦਾ ਅਰਥ ਇਹ ਹੈ ਕਿ 24 ਸਾਲ ਲਾਇਲਪੁਰ ਖ਼ਾਲਸਾ ਕਾਲਜ ਖੇਡਾਂ ਦੇ ਖੇਤਰ 'ਚ ਸਭ ਤੋਂ ਮੋਹਰੀ ਸਾਬਤ ਹੋਇਆ। ਲਾਇਲਪੁਰ ਖ਼ਾਲਸਾ ਕਾਲਜ ਨੇ ਇਸ ਵਾਰ ਇਹ ਟਰਾਫੀ ਕੁੱਲ 108 ਅੰਕ ਪ੍ਰਾਪਤ ਕਰ ਕੇ ਜਿੱਤੀ ਹੈ। ਇਸ ਜੇਤੂ ਪ੍ਰਦਰਸ਼ਨ ਦੌਰਾਨ ਕਾਲਜ ਨੇ 13 ਵੱਖ-ਵੱਖ ਖੇਡਾਂ 'ਚ ਪਹਿਲਾ ਸਥਾਨ ਹਾਸਲ ਕੀਤਾ, 10 ਖੇਡਾਂ ਵਿਚ ਕਾਲਜ ਨੇ ਦੂਸਰਾ ਸਥਾਨ ਅਤੇ 8 ਖੇਡਾਂ ਵਿਚ ਤੀਜਾ ਸਥਾਨ ਪ੍ਰਾਪਤ ਕਰ ਕੇ ਇਹ ਮਾਣਮੱਤੀ ਪ੍ਰਾਪਤੀ ਕੀਤੀ ਹੈ। ਕਾਲਜ ਦੇ ਜੇਤੂ ਖਿਡਾਰੀਆਂ ਨੂੰ 31 ਲੱਖ 43 ਹਜ਼ਾਰ ਰੁਪਏ ਨਕਦ ਇਨਾਮ ਵਜੋਂ ਦਿੱਤੇ ਗਏ। ਕਾਲਜ ਦੇ 188 ਖਿਡਾਰੀਆਂ ਨੂੰ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਬਦਲੇ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਗਿਆ।

ਪ੍ਰਬੰਧਕਾਂ ਦੀ ਸੁਚੱਜੀ ਅਗਵਾਈ

ਖੇਡਾਂ 'ਚ ਦਿਲਚਸਪੀ ਰੱਖਣ ਵਾਲੇ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ, ਸਿਰੜੀ ਕੋਚ ਤੇ ਖੇਡ ਵਿਭਾਗ ਦੇ ਮੁਖੀ ਡਾ. ਜਸਪਾਲ ਸਿੰਘ, ਡੀਨ ਸਪੋਰਟਸ ਡਾ. ਐੱਸਐੱਸ ਬੈਂਸ, ਡਾ. ਤਰਸੇਮ ਸਿੰਘ ਤੇ ਕੋਚਿੰਗ ਸਟਾਫ਼ ਦੀ ਅਗਵਾਈ 'ਚ ਕਾਲਜ ਦਾ ਸਰੀਰਕ ਸਿੱਖਿਆ ਤੇ ਸਪੋਰਟਸ ਵਿਭਾਗ ਲਗਾਤਾਰ ਵੱਡੀਆਂ ਪ੍ਰਾਪਤੀਆਂ ਕਰ ਰਿਹਾ ਹੈ। ਕਾਲਜ ਨੂੰ ਪ੍ਰਾਪਤੀਆਂ ਦੇ ਰਾਹ ਤੋਰਨ ਵਾਲੇ ਗਵਰਨਿੰਗ ਕੌਂਸਲ ਦੇ ਸਾਬਕਾ ਪ੍ਰਧਾਨ ਸਵਰਗੀ ਸ. ਬਲਬੀਰ ਸਿੰਘ ਦੀ ਖੇਡਾਂ ਪ੍ਰਤੀ ਲਗਨ ਨੂੰ ਅੱਗੇ ਤੋਰਦਿਆਂ ਗਵਰਨਿੰਗ ਕੌਂਸਲ ਦੇ ਮੌਜੂਦਾ ਪ੍ਰਧਾਨ ਮੈਡਮ ਬਲਬੀਰ ਕੌਰ ਨੇ ਵੀ ਖੇਡਾਂ ਤੇ ਖਿਡਾਰੀਆਂ ਨੂੰ ਭਰਪੂਰ ਹੱਲਾਸ਼ੇਰੀ ਦਿੱਤੀ ਹੈ। ਇਸੇ ਦਾ ਸਿੱਟਾ ਅਜਿਹੀਆਂ ਪ੍ਰਾਪਤੀਆਂ ਜ਼ਰੀਏ ਸਭ ਦੇ ਸਾਹਮਣੇ ਹੈ।

ਦੇਸ਼ ਨੂੰ ਦਿੱਤੇ 17 ਓਲੰਪੀਅਨ

ਲਾਇਲਪੁਰ ਖ਼ਾਲਸਾ ਕਾਲਜ ਨੇ ਦੇਸ਼ ਨੂੰ ਦੋ ਪਦਮਸ਼੍ਰੀ ਐਵਾਰਡ ਜੇਤੂ ਖਿਡਾਰੀ, ਛੇ ਅਰਜੁਨ ਐਵਾਰਡੀ, ਇਕ ਦ੍ਰੋਣਾਚਾਰੀਆ ਐਵਾਰਡੀ, ਦੋ ਧਿਆਨ ਚੰਦ ਐਵਾਰਡ ਜੇਤੂ ਖਿਡਾਰੀ ਤੇ 17 ਓਲੰਪੀਅਨ ਦਿੱਤੇ ਹਨ। ਕਾਲਜ 'ਚ ਖੇਡਾਂ ਦਾ ਮਾਹੌਲ ਤੇ ਖੇਡਾਂ ਦੀ ਗਿਣਤੀ ਲਾਜਵਾਬ ਹੈ। ਕਾਲਜ 'ਚ ਹਾਕੀ, ਅਥਲੈਟਿਕਸ, ਬਾਸਕਿਟਬਾਲ, ਬੈਡਮਿੰਟਨ, ਖੋ-ਖੋ, ਰੈਸਲਿੰਗ, ਵੇਟ ਲਿਫਟਿੰਗ, ਕਰਾਟੇ, ਸਾਇਕਲਿੰਗ, ਹੈਂਡਬਾਲ, ਟੈਨਿਸ, ਬੇਸਬਾਲ, ਵਾਲੀਬਾਲ, ਤੈਰਾਕੀ, ਵਾਟਰਪੋਲੋ, ਜਿਮਨਾਸਟਿਕ, ਤੀਰਅੰਦਾਜ਼ੀ, ਵੁਸ਼ੂ, ਪੈਨਸਿਕ ਸਲਾਟ, ਕਬੱਡੀ, ਫੁੱਟਬਾਲ, ਮੁੱਕੇਬਾਜ਼ੀ, ਫੈਂਸਿੰਗ, ਜੂਡੋ, ਰਗਬੀ, ਸ਼ੂਟਿੰਗ, ਰੋਇੰਗ, ਕਨੋਇੰਗ, ਕੈਕਿੰਗ ਤੇ ਤਾਇਕਵਾਂਡੋ ਵਰਗੀਆਂ ਖੇਡਾਂ ਮੌਜੂਦ ਹਨ। ਪੰਜਾਬ ਦੇ ਖਿਡਾਰੀਆਂ ਦੀ ਖੇਡ ਪ੍ਰਤਿਭਾ ਨੂੰ ਉਭਾਰਨ ਲਈ ਕਾਲਜ ਵੱਲੋਂ ਖਿਡਾਰੀਆਂ ਨੂੰ ਹਰ ਕਿਸਮ ਦੀਆਂ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਇਸੇ ਲਈ ਇਹ ਕਾਲਜ ਨਾ ਸਿਰਫ਼ ਲਗਾਤਾਰ ਅਜਿਹੇ ਵੱਕਾਰੀ ਸਨਮਾਨ ਜਿੱਤ ਰਿਹਾ ਹੈ ਬਲਕਿ ਕਾਲਜ ਦੇ ਖਿਡਾਰੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਵੱਡੀਆਂ ਪ੍ਰਾਪਤੀਆਂ ਕਰਦੇ ਹੋਏ ਦੇਸ਼ ਦੇ ਖੇਡ ਢਾਂਚੇ 'ਚ ਅਹਿਮ ਯੋਗਦਾਨ ਪਾ ਰਹੇ ਹਨ। ਹੁਣ ਯੂਨੀਵਰਸਿਟੀ ਤੇ ਇਸ ਤੋਂ ਉੱਪਰਲੇ ਪੱਧਰ 'ਤੇ ਬਣਨ ਵਾਲੀਆਂ ਟੀਮਾਂ ਵਿਚ ਵੀ ਬਹੁ ਗਿਣਤੀ 'ਚ ਲਾਇਲਪੁਰ ਖ਼ਾਲਸਾ ਕਾਲਜ ਦੇ ਖਿਡਾਰੀਆਂ ਦੀ ਸ਼ਮੂਲੀਅਤ ਵਿਖਾਈ ਦੇਵੇਗੀ।

ਪ੍ਰੋ. ਸੁਦੀਪ ਸਿੰਘ ਢਿੱਲੋਂ

70093-57022

Posted By: Harjinder Sodhi