ਲੰਡਨ (ਏਪੀ) : ਬੈਲਜੀਅਮ ਦੇ ਸਟਾਰ ਸਟ੍ਰਾਈਕਰ ਰੋਮੇਲੂ ਲੁਕਾਕੂ ਬਿ੍ਟੇਨ ਦੀ ਰਿਕਾਰਡ 97.5 ਮਿਲੀਅਨ ਪਾਊਂਡ (ਲਗਭਗ 10 ਅਰਬ ਰੁਪਏ) ਟਰਾਂਸਫਰ ਫੀਸ ਨਾਲ ਇਟਲੀ ਦੇ ਇੰਟਰ ਮਿਲਾਨ ਤੋਂ ਵਾਪਸ ਪੁਰਾਣੇ ਕਲੱਬ ਚੇਲਸੀ ਨਾਲ ਜੁੜ ਗਏ ਹਨ। ਇਹ ਬਿ੍ਟੇਨ ਦੀ ਦੂਜੀ ਸਭ ਤੋਂ ਵੱਡੀ ਟਰਾਂਸਫਰ ਫੀਸ ਦੀ ਰਕਮ ਹੈ। ਇਸ ਤੋਂ ਪਹਿਲਾਂ ਪਿਛਲੇ ਦਿਨੀਂ 100 ਮਿਲੀਅਨ ਪਾਊਂਡ (ਲਗਭਗ 10 ਅਰਬ 25 ਕਰੋੜ ਰੁਪਏ) ਦੀ ਟਰਾਂਸਫਰ ਫੀਸ ਨਾਲ ਜੈਕ ਗ੍ਰੀਲਿਸ਼ ਏਸਟਨ ਵਿਲਾ ਤੋਂ ਮਾਨਚੈਸਟਰ ਸਿਟੀ ਵਿਚ ਸ਼ਾਮਲ ਹੋਏ ਸਨ। ਲੁਕਾਕੂ ਨਾਲ ਚੇਲਸੀ ਨੇ ਪੰਜ ਸਾਲ ਦਾ ਕਰਾਰ ਕੀਤਾ ਹੈ ਤੇ ਰਿਪੋਰਟ ਮੁਤਾਬਕ ਉਨ੍ਹਾਂ ਨੂੰ 12 ਮਿਲੀਅਨ ਯੂਰੋ (ਲਗਭਗ ਇਕ ਕਰੋੜ ਰੁਪਏ) ਸਾਲਾਨਾ ਮਿਲਣਗੇ। 28 ਸਾਲਾ ਇਸ ਖਿਡਾਰੀ ਨੇ ਸਾਲ 2014 ਵਿਚ ਚੇਲਸੀ ਦਾ ਸਾਥ ਛੱਡ ਦਿੱਤਾ ਸੀ ਜਿਸ ਤੋਂ ਬਾਅਦ ਮੁੜ ਆਪਣੇ ਸਭ ਤੋਂ ਪਸੰਦੀਦਾ ਕਲੱਬ ਨਾਲ ਕਰਾਰ ਕੀਤਾ ਹੈ। ਲੁਕਾਕੂ ਬਚਪਨ ਤੋਂ ਹੀ ਚੇਲਸੀ ਦੇ ਪ੍ਰਸ਼ੰਸਕ ਹਨ। ਪਿਛਲੇ 2020-21 ਸੈਸ਼ਨ ਵਿਚ ਲੁਕਾਕੂ ਨੇ ਕੁੱਲ 36 ਮੈਚ ਖੇਡੇ ਤੇ 24 ਗੋਲ ਕਰਨ ਨਾਲ 11 ਗੋਲਾਂ 'ਚ ਮਦਦ ਵੀ ਕੀਤੀ।