ਲਿਵਰਪੂਲ (ਏਐੱਫਪੀ) : 29 ਸਾਲ ਪਹਿਲਾਂ ਪਿਛਲੀ ਵਾਰ ਇੰਗਲਿਸ਼ ਪ੍ਰਰੀਮੀਅਰ ਲੀਗ (ਈਪੀਐੱਲ) ਦੀ ਖ਼ਿਤਾਬੀ ਜਿੱਤ ਤੋਂ ਬਾਅਦ ਤੋਂ ਇੰਗਲਿਸ਼ ਫੁੱਟਬਾਲ ਕਲੱਬ ਲਿਵਰਪੂਲ ਨੇ ਕਈ ਉਤਰਾਅ-ਚੜ੍ਹਾਅ ਦੇਖੇ ਹਨ। ਹਾਲਾਂਕਿ, 2019-20 ਦੇ ਸੈਸ਼ਨ ਵਿਚ ਲੈਅ ਵਿਚ ਚੱਲ ਰਿਹਾ ਲਿਵਰਪੂਲ ਐਤਵਾਰ ਨੂੰ ਐਨਫੀਲਡ ਵਿਚ ਮੌਜੂਦਾ ਚੈਂਪੀਅਨ ਮਾਨਚੈਸਟਰ ਸਿਟੀ ਨਾਲ ਭਿੜੇਗਾ ਤਾਂ ਉਸ ਕੋਲ ਆਪਣੀ ਬੜ੍ਹਤ ਨੂੰ ਵਧਾਉਣ ਦਾ ਮੌਕਾ ਹੋਵੇਗਾ। ਪਿਛਲੇ ਸੈਸ਼ਨ ਵਿਚ ਰਿਕਾਰਡ 97 ਅੰਕ ਹਾਸਲ ਕਰਨ ਦੇ ਬਾਵਜੂਦ ਲਿਵਰਪੂਲ ਨੂੰ ਸਿਟੀ ਹੱਥੋਂ ਖ਼ਿਤਾਬੀ ਦੌੜ ਵਿਚ ਇਕ ਅੰਕ ਨਾਲ ਪੱਛੜਨਾ ਪਿਆ ਸੀ। ਹਾਲਾਂਕਿ ਮੌਜੂਦਾ ਸੈਸ਼ਨ ਵਿਚ ਪੇਪ ਗਾਰਡੀਓਲਾ ਦੀ ਟੀਮ ਜ਼ਖ਼ਮੀ ਹੋਣ ਕਾਰਨ ਪਰੇਸ਼ਾਨ ਹੈ। ਉਥੇ ਮੈਨੇਜਰ ਜੁਰਜੇਨ ਕਲੋਪ ਦੀ ਲਿਵਰਪੂਲ ਟੀਮ ਐਤਵਾਰ ਨੂੰ ਹੋਣ ਵਾਲੇ ਮੁਕਾਬਲੇ ਤੋਂ ਪਹਿਲਾਂ ਅੰਕ ਸੂਚੀ ਵਿਚ ਛੇ ਅੰਕਾਂ ਦੀ ਬੜ੍ਹਤ ਹਾਸਲ ਕਰ ਚੁੱਕੀ ਹੈ। ਸ਼ੁੱਕਰਵਾਰ ਨੂੰ ਸਿਟੀ ਦੇ ਮੈਨੇਜਰ ਗਾਰਡੀਓਲਾ ਨੇ ਕਿਹਾ ਕਿ ਪਿਛਲੇ ਸੈਸ਼ਨ ਵਿਚ ਈਪੀਐੱਲ ਖ਼ਿਤਾਬ ਜਿੱਤਣ ਦੌਰਾਨ ਲਿਵਰਪੂਲ ਦੇ ਰੂਪ ਵਿਚ ਮੈਨੂੰ ਮੇਰੇ ਕਰੀਅਰ ਦੇ ਸਰਬੋਤਮ ਵਿਰੋਧੀ ਨਾਲ ਭਿੜਨਾ ਪਿਆ ਸੀ। ਇਸ ਸਮੇਂ ਲਿਵਰਪੂਲ ਦੁਨੀਆ ਦੀ ਸਭ ਤੋਂ ਤਾਕਤਵਰ ਟੀਮ ਹੈ। ਜ਼ਿਕਰਯੋਗ ਹੈ ਕਿ ਅਪ੍ਰੈਲ 2017 ਤੋਂ ਬਾਅਦ ਤੋਂ ਕਲੋਪ ਦੇ ਮਾਰਗਦਰਸ਼ਨ ਵਿਚ ਲਿਵਰਪੂਲ ਦੀ ਟੀਮ ਈਪੀਐੱਲ ਵਿਚ ਕੋਈ ਵੀ ਘਰੇਲੂ ਮੁਕਾਬਲਾ ਨਹੀਂ ਹਾਰੀ ਹੈ।

ਖਿਡਾਰਆਂ 'ਤੇ ਹਮਲਾ ਕਰਨ ਵਾਲੇ ਨੂੰ ਜੇਲ੍ਹ

ਲੀਡਸ (ਏਐੱਨਆਈ) : ਇੰਗਲਿਸ਼ ਕਲੱਬ ਆਰਸੇਨਲ ਦੇ ਖਿਡਾਰੀ ਮੇਸੁਤ ਓਜਿਲ ਤੇ ਸੀਡ ਕੋਲਾਸਿਨਾਕ 'ਤੇ ਹਮਲਾ ਕਰਨ ਵਾਲੇ ਸ਼ਖ਼ਸ ਐਸ਼ਲੇ ਸਮਿਥ ਨੂੰ 10 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਸਮਿਥ 'ਤੇ ਹਮਲਾ ਤੇ ਚੋਰੀ ਦੇ ਦੋਸ਼ ਸਾਬਤ ਹੋਏ। ਸਮਿਥ ਦੇ ਸਾਥੀ ਜਾਰਡਨ ਨਾਰਥਓਵਰ ਨੂੰ ਵੀ ਚੋਰੀ ਦੀ ਕੋਸ਼ਿਸ਼ ਦੇ ਦੋਸ਼ ਵਿਚ ਬੁੱਧਵਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਜਿਨ੍ਹਾਂ ਦੀ ਸਜ਼ਾ ਬਾਅਦ ਵਿਚ ਸੁਣਾਈ ਜਾਵੇਗੀ। ਇਸ ਸਾਲ ਜੁਲਾਈ ਵਿਚ ਓਜਿਲ ਤੇ ਕੋਲਾਸਿਨਾਕ ਦੀ ਜੀਪ 'ਤੇ ਨਾਰਥ ਲੰਡਨ ਦੇ ਗੋਲਡਰਸ ਗ੍ਰੀਨ ਵਿਚ ਹਮਲਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਓਜਿਲ ਆਪਣੀ ਜੀਪ ਤੋਂ ਉਤਰ ਕੇ ਹਮਲਾਵਰਾਂ ਨਾਲ ਭਿੜਦੇ ਨਜ਼ਰ ਆਏ ਸਨ।

-

ਸਾਊਦੀ ਅਰਬ ਤੋਂ ਹਾਰਿਆ ਭਾਰਤ

ਅਲ ਖੋਬਾਰ (ਏਐੱਫਪੀ) : 2020 ਏਐੱਫਸੀ ਅੰਡਰ-19 ਏਸ਼ੀਅਨ ਚੈਂਪੀਅਨਸ਼ਿਪ ਦੇ ਕੁਆਲੀਫਾਇਰ ਵਿਚ ਭਾਰਤੀ ਫੁੱਟਬਾਲ ਟੀਮ ਨੂੰ ਸਾਊਦੀ ਅਰਬ ਹੱਥੋਂ 0-4 ਨਾਲ ਹਾਰ ਸਹਿਣੀ ਪਈ। ਘਰੇਲੂ ਟੀਮ ਦੇ ਮੁਹੰਮਦ ਖਲੀਲ ਮਾਰਨ ਨੇ ਖੇਡ ਦੇ ਦੂਜੇ ਹੀ ਮਿੰਟ ਵਿਚ ਗੋਲ ਕਰ ਕੇ ਭਾਰਤੀ ਟੀਮ 'ਤੇ ਦਬਾਅ ਬਣਾ ਦਿੱਤਾ। ਇਸ ਤੋਂ ਬਾਅਦ 10ਵੇਂ ਮਿੰਟ ਵਿਚ ਅਹਿਮਦ ਅਲਬਸਾਸ ਨੇ ਗੋਲ ਕਰ ਕੇ ਆਪਣੀ ਟੀਮ ਨੂੰ ਦੋਹਰੀ ਬੜ੍ਹਤ ਦਿਵਾਈ। ਅਲਬਸਾਸ ਨੇ 18ਵੇਂ ਮਿੰਟ ਵਿਚ ਆਪਣਾ ਦੂਜਾ ਤੇ ਸਾਊਦੀ ਅਰਬ ਲਈ ਤੀਜਾ ਗੋਲ ਕੀਤਾ। ਇਸ ਤੋਂ ਬਾਅਦ 28ਵੇਂ ਮਿੰਟ ਵਿਚ ਉਨ੍ਹਾਂ ਨੇ ਮੁੜ ਤੋਂ ਗੇਂਦ ਨੂੰ ਗੋਲ ਪੋਸਟ ਵਿਚ ਪਹੁੰਚਾ ਕੇ ਆਪਣੀ ਹੈਟਿ੍ਕ ਮੁਕੰਮਲ ਕੀਤੀ। ਭਾਰਤ ਆਪਣੇ ਆਖ਼ਰੀ ਗਰੁੱਪ ਮੁਕਾਬਲੇ ਵਿਚ ਐਤਵਾਰ ਨੂੰ ਅਫ਼ਗਾਨਿਸਤਾਨ ਨਾਲ ਭਿੜੇਗਾ।