ਲਿਵਰਪੂਲ (ਏਪੀ) : ਲਿਵਰਪੂਲ ਨੇ ਸ਼ਨਿਚਰਵਾਰ ਦੇਰ ਰਾਤ ਨੂੰ ਇੱਥੇ ਐੱਨਫੀਲਡ ਵਿਚ ਸਾਊਥੈਂਪਟਨ ਨੂੰ 2-0 ਨਾਲ ਹਰਾ ਕੇ ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐੱਲ) ਵਿਚ ਸਿਖਰਲੇ ਚਾਰ 'ਚ ਥਾਂ ਬਣਾਉਣ ਦੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ ਹੈ।

ਲਿਵਰਪੂਲ ਦੀ ਟੀਮ 2021 ਵਿਚ ਘਰੇਲੂ ਮੈਦਾਨ 'ਤੇ ਸਿਰਫ਼ ਦੂਜੀ ਜਿੱਤ ਦਰਜ ਕਰ ਸਕੀ ਹੈ।

ਟੀਮ ਵੱਲੋਂ ਸਾਦੀਓ ਮਾਨੇ ਨੇ ਪਹਿਲੇ ਹਾਫ ਵਿਚ 31ਵੇਂ ਮਿੰਟ ਵਿਚ ਹੈਡਰ ਨਾਲ ਗੋਲ ਕਰਕੇ ਟੀਮ ਨੂੰ ਮੈਚ ਵਿਚ 1-0 ਨਾਲ ਅੱਗੇ ਕਰ ਦਿੱਤਾ। ਇਸ ਤੋਂ ਬਾਅਦ ਦੂਜੇ ਹਾਫ ਵਿਚ ਥਿਆਗੋ ਅਲਕਾਂਟਰਾ ਨੇ 90ਵੇਂ ਮਿੰਟ ਵਿਚ ਗੋਲ ਕਰਕੇ ਟੀਮ ਦੀ ਬੜ੍ਹਤ ਨੂੰ 2-0 ਕਰ ਦਿੱਤਾ। ਇਸ ਤੋਂ ਬਾਅਦ ਦੋਵੇਂ ਟੀਮਾਂ ਕੋਈ ਗੋਲ ਨਹੀਂ ਕਰ ਸਕੀਆਂ ਅਤੇ ਮੈਚ ਲਿਵਰਪੂਲ ਦੇ ਨਾਂ ਰਿਹਾ। ਅਲਕਾਂਟਰਾ ਦਾ ਕਲੱਬ ਵੱਲੋਂ ਇਹ ਪਹਿਲਾ ਗੋਲ ਵੀ ਹੈ।

ਮੌਜੂਦਾ ਸੈਸ਼ਨ ਵਿਚ ਘਰੇਲੂ ਮੈਦਾਨ 'ਤੇ ਟੀਮ ਦੇ ਘਟੀਆ ਪ੍ਰਦਰਸ਼ਨ ਤੋਂ ਬਾਅਦ ਇਸ ਜਿੱਤ ਨਾਲ ਲਿਵਰਪੂਲ ਦੇ ਖਿਡਾਰੀਆਂ ਦਾ ਮਨੋਬਲ ਵਧਿਆ ਹੋਵੇਗਾ। ਇਸ ਜਿੱਤ ਨਾਲ ਲਿਵਰਪੂਲ ਦੀ ਟੀਮ 34 ਮੈਚਾਂ ਵਿਚ 57 ਅੰਕਾਂ ਨਾਲ ਛੇਵੇਂ ਸਥਾਨ 'ਤੇ ਪਹੁੰਚ ਗਈ ਹੈ। ਟੀਮ ਪੰਜਵੇਂ ਸਥਾਨ 'ਤੇ ਮੌਜੂਦ ਵੈਸਟ ਹੈਮ ਤੋਂ ਸਿਰਫ਼ ਇਕ ਅੰਕ ਪਿੱਛੇ ਹੈ। ਉਥੇ ਸਾਊਥੈਂਪਟਨ 16ਵੇਂ ਸਥਾਨ 'ਤੇ ਬਰਕਰਾਰ ਹੈ।