ਵੁਲਵਰਹੈਂਪਟਨ (ਏਐੱਫਪੀ) : ਇੰਗਲਿਸ ਫੁੱਟਬਾਲ ਕਲੱਬ ਲਿਵਰਪੂਲ ਨੂੰ ਐੱਫਏ ਕੱਪ ਦੇ ਤੀਜੇ ਗੇੜ ਵਿਚ ਦੋਇਮ ਦਰਜੇ ਦੀ ਟੀਮ ਵੁਲਵਰਹੈਂਪਟਨ ਖ਼ਿਲਾਫ਼ 1-2 ਨਾਲ ਹਾਰ ਮਿਲੀ ਜਿਸ ਕਾਰਨ ਉਸ ਨੂੰ ਇਸ ਟੂਰਨਾਮੈਂਟ ਦੇ ਤੀਜੇ ਗੇੜ 'ਚੋਂ ਬਾਹਰ ਹੋਣਾ ਪਿਆ। ਇਸ ਹਾਰ ਲਈ ਲਿਵਰਪੂਲ ਦੇ ਮੈਨੇਜਰ ਜੁਰਜੇਨ ਕਲੋਪ ਵੱਲੋਂ ਕੀਤੀਆਂ ਗਈਆਂ ਟੀਮ ਵਿਚ ਤਬਦੀਲੀਆਂ ਨੂੰ ਕਾਰਨ ਮੰਨਿਆ ਜਾ ਰਿਹਾ ਹੈ ਪਰ ਉਨ੍ਹਾਂ ਨੇ ਆਪਣੇ ਫ਼ੈਸਲੇ ਦਾ ਬਚਾਅ ਕੀਤਾ। ਟੀਮ ਦੀ ਹਾਰ ਦੇ ਕਾਰਨਾਂ 'ਤੇ ਲਿਵਰਪੂਲ ਦੇ ਮੈਨੇਜਰ ਕਲੋਪ ਨੇ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ 'ਚ ਅਸੀਂ ਇਕੋ ਜਿਹੀ ਲਾਈਨਅਪ ਨਾਲ ਖੇਡ ਰਹੇ ਸੀ ਤੇ ਅਸੀਂ ਕੁਝ ਮੁਸ਼ਕਿਲ ਮੁਕਾਬਲੇ ਖੇਡੇ ਇਸ ਲਈ ਤਬਦੀਲੀਆਂ ਕਰਨਾ ਜ਼ਰੂਰੀ ਸੀ। ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐੱਲ) ਵਿਚ ਮਾਨਚੈਸਟਰ ਸਿਟੀ ਖ਼ਿਲਾਫ਼ ਪਿਛਲੇ ਮੁਕਾਬਲੇ ਵਿਚ ਥੋੜ੍ਹੇ ਫ਼ਰਕ ਨਾਲ ਹਾਰਨ ਵਾਲੀ ਲਿਵਰਪੂਲ ਦੀ ਟੀਮ ਵਿਚ ਕਲੋਪ ਨੇ ਨੌਂ ਤਬਦੀਲੀਆਂ ਕੀਤੀਆਂ। ਡਿਫੈਂਡਰ ਡੇਜਾਨ ਲੋਵਰੇਨ ਉਨ੍ਹਾਂ ਪਿਛਲੇ ਦੋ ਖਿਡਾਰੀਆਂ ਵਿਚੋਂ ਇਕ ਸਨ ਜਿਨ੍ਹਾਂ ਨੂੰ ਟੀਮ ਵਿਚ ਕਾਇਮ ਰੱਖਿਆ ਗਿਆ। ਹਾਲਾਂਕਿ ਖੇਡ ਦੇ ਛੇਵੇਂ ਮਿੰਟ ਵਿਚ ਹੀ ਸੱਟ ਕਾਰਨ ਇਸ ਯੋਏਸ਼ੀਆਈ ਖਿਡਾਰੀ ਨੂੰ ਮੈਦਾਨ ਛੱਡਣਾ ਪਿਆ ਸੀ ਤੇ ਉਨ੍ਹਾਂ ਦੀ ਥਾਂ 16 ਸਾਲਾ ਕੀ-ਜਾਨਾ ਹੋਵਰ ਨੂੰ ਮੈਦਾਨ ਵਿਚ ਉਤਾਰਿਆ ਗਿਆ।