ਲੰਡਨ (ਏਐੱਫਪੀ) : ਇੰਗਲਿਸ਼ ਪ੍ਰਰੀਮੀਅਰ ਲੀਗ (ਈਪੀਐੱਲ) ਦੀ ਅੰਕ ਸੂਚੀ ਵਿਚ ਚੋਟੀ 'ਤੇ ਕਾਬਜ ਲਿਵਰਪੂਲ ਨੇ ਸ਼ਨਿਚਰਵਾਰ ਦੇਰ ਰਾਤ ਖੇਡੇ ਗਏ ਮੁਕਾਬਲੇ ਵਿਚ ਟਾਟੇਨਹਮ ਨੂੰ 1-0 ਨਾਲ ਹਰਾ ਕੇ ਆਪਣੀ ਲੈਅ ਨੂੰ ਕਾਇਮ ਰੱਖਿਆ। ਟਾਟੇਨਹਮ ਹਾਟਸਪਰ ਸਟੇਡੀਅਮ ਵਿਚ ਖੇਡ ਦੇ 37ਵੇਂ ਮਿੰਟ ਵਿਚ ਰਾਬਰਟੋ ਫਰਮੀਨੋ ਨੇ ਲਿਵਰਪੂਲ ਲਈ ਇਕਲੌਤਾ ਗੋਲ ਕੀਤਾ ਜਿਸ ਦੀ ਬਦੌਲਤ ਮੈਨੇਜਰ ਜੁਰਜੇਨ ਕਲੋਪ ਦੀ ਲਿਵਰਪੂਲ ਟੀਮ ਨੇ ਮੌਜੂਦਾ ਸੈਸ਼ਨ ਦੇ ਆਪਣੇ 21ਵੇਂ ਈਪੀਐੱਲ ਮੁਕਾਬਲੇ ਵਿਚ 20ਵੀਂ ਜਿੱਤ ਦਰਜ ਕੀਤੀ। ਆਖ਼ਰੀ 15 ਮਿੰਟ ਦੀ ਖੇਡ ਵਿਚ ਟਾਟੇਨਹਮ ਦੇ ਸੋਨ ਹਿਊਨ ਮਿਨ ਤੇ ਗਿਵਾਨੀ ਲੋ ਸੇਲਸੋ ਨੂੰ ਗੋਲ ਕਰਨ ਦੇ ਚੰਗੇ ਮੌਕੇ ਮਿਲੇ ਪਰ ਉਹ ਟੀਚੇ ਨੂੰ ਹਾਸਲ ਨਾ ਕਰ ਸਕੇ।

ਇਸ ਜਿੱਤ ਨਾਲ ਯੂਰਪੀ ਚੈਂਪੀਅਨ ਲਿਵਰਪੂਲ ਦੇ 61 ਅੰਕ ਹੋ ਗਏ ਹਨ। ਇਹ ਯੂਰਪ ਦੀਆਂ ਚੋਟੀ ਦੀਆਂ ਪੰਜ ਲੀਗਾਂ ਵਿਚ ਇਕ ਸੈਸ਼ਨ ਵਿਚ 21 ਮੁਕਾਬਲਿਆਂ ਤੋਂ ਬਾਅਦ ਕਿਸੇ ਵੀ ਕਲੱਬ ਵੱਲੋਂ ਹਾਸਲ ਸਰਬੋਤਮ ਅੰਕ ਹਨ। ਇਸ ਰਿਕਾਰਡ ਨੂੰ ਲੈ ਕੇ ਕਲੋਪ ਨੇ ਕਿਹਾ ਕਿ ਇਹ ਖ਼ਾਸ ਹੈ। ਇੰਨੇ ਸਾਰੇ ਮੈਚ ਜਿੱਤਣਾ ਤੇ ਹਮੇਸ਼ਾ ਮੁਕਾਬਲੇ ਲਈ ਤਿਆਰ ਰਹਿਣਾ, ਇਹ ਸਾਡੇ ਮੁੰਡੇ ਕਰਦੇ ਹਨ। ਹਾਲਾਂਕਿ ਇਹ ਲੀਗ ਅਜੇ ਕਾਫੀ ਮਜ਼ਬੂਤ ਸਥਿਤੀ ਵਿਚ ਹੈ। ਸਾਨੂੰ ਤਿਆਰ ਰਹਿਣਾ ਪਵੇਗਾ।