ਲੰਡਨ (ਏਪੀ) : ਲਿਵਰਪੂਲ ਨੂੰ ਆਪਣੇ ਘਰੇਲੂ ਮੈਦਾਨ ਐੱਨਫੀਲਡ ਵਿਚ ਲਾਗਾਤਰ ਪੰਜਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਏਵਰਟਨ ਤੇ ਟਾਟੇਨਹਮ ਇੰਗਲਿਸ਼ ਪ੍ਰਰੀਮੀਅਰ ਲੀਗ (ਈਪੀਐੱਲ) ਫੁੱਟਬਾਲ ਚੈਂਪੀਅਨਸ਼ਿਪ ਵਿਚ ਆਪੋ-ਆਪਣੇ ਮੈਚ ਜਿੱਤਣ ਵਿਚ ਕਾਮਯਾਬ ਰਹੇ। ਲਿਵਰਪੂਲ ਨੂੰ ਚੇਲਸੀ ਨੇ 1-0 ਨਾਲ ਹਰਾਇਆ। ਚੇਲਸੀ ਵੱਲੋਂ ਮੈਸਨ ਮਾਊਂਟਨੇ ਨੇ 42ਵੇਂ ਮਿੰਟ ਵਿਚ ਗੋਲ ਕੀਤਾ ਜੋ ਫ਼ੈਸਲਾਕੁਨ ਸਾਬਿਤ ਹੋਇਆ। ਇਸ ਹਾਰ ਨਾਲ ਲਿਵਰਪੂਲ ਦੀ ਚੈਂਪੀਅਨਜ਼ ਲੀਗ ਲਈ ਕੁਆਲੀਫਾਈ ਕਰਨ ਦੀ ਸੰਭਾਵਨਾ ਵੀ ਘੱਟ ਹੋ ਗਈ ਹੈ। ਉਹ ਚੌਥੇ ਨੰਬਰ 'ਤੇ ਕਾਬਜ ਚੇਲਸੀ (27 ਮੈਚਾਂ ਵਿਚ 47 ਅੰਕ) ਤੋਂ ਚਾਰ ਅੰਕ ਪਿੱਛੇ ਹੈ। ਇਸ ਤੋਂ ਇਲਾਵਾ ਏਵਰਟਨ ਨੇ ਇਕ ਇਕ ਹੋਰ ਮੈਚ ਵਿਚ ਵੈਸਟ ਬਰੋਮ ਨੂੰ 1-0 ਨਾਲ ਹਰਾ ਕੇ ਪੰਜਵਾਂ ਸਥਾਨ ਹਾਸਲ ਕੀਤਾ। ਉਸ ਵੱਲੋਂ ਬ੍ਰਾਜ਼ੀਲ ਦੇ ਫਾਰਵਰਡ ਰਿਚਾਰਲੀਸਨ ਨੇ 65ਵੇਂ ਮਿੰਟ ਵਿਚ ਗਿਲਫੀ ਸਿਗਰਡਸਨ ਦੇ ਕ੍ਰਾਸ 'ਤੇ ਹੈਡਰ ਨਾਲ ਗੋਲ ਕੀਤਾ। ਟਾਟੇਨਹਮ ਨੇ ਆਪਣੇ ਮੁਕਾਬਲੇ ਵਿਚ ਫੁਲਹਮ ਨੂੰ 1-0 ਨਾਲ ਹਰਾਇਆ। ਉਸ ਨੂੰ ਇਹ ਜਿੱਤ ਫੁਲਹਮ ਦੇ ਡਿਫੈਂਡਰ ਟੋਸਿਨ ਅਡਾਰਾਬਿਓਇਓ ਦੇ ਆਤਮਘਾਤੀ ਗੋਲ ਕਾਰਨ ਮਿਲੀ।

ਫਾਈਨਲ 'ਚ ਬਿਲਬਾਓ ਦਾ ਮੁਕਾਬਲਾ ਬਾਰਸੀਲੋਨਾ ਨਾਲ

ਵੇਲੰਸੀਆ (ਆਈਏਐੱਨਐੱਸ) : ਐਥਲੈਟਿਕ ਬਿਲਬਾਓ ਨੇ ਕੋਪਾ ਡੇਲ ਰੇ ਦੇ ਫਾਈਨਲ ਵਿਚ ਥਾਂ ਬਣਾ ਲਈ ਹੈ। ਉਸ ਨੇ ਸੈਮੀਫਾਈਨਲ ਵਿਚ ਰਿਟਰਨ ਲੈੱਗ ਵਿਚ ਲੇਵਾਂਤੇ ਨੂੰ 2-1 ਨਾਲ ਹਰਾਉਣ ਨਾਲ ਫਾਈਨਲ ਵਿਚ ਬਾਰਸੀਲੋਨਾ ਨਾਲ ਭਿੜਨ ਦਾ ਹੱਕ ਹਾਸਲ ਕਰ ਕੀਤਾ। ਤਿੰਨ ਹਫ਼ਤੇ ਪਹਿਲਾਂ ਲੇਵਾਂਤੇ ਨੇ ਬਿਲਬਾਓ ਨੂੰ 1-1 ਨਾਲ ਡਰਾਅ 'ਤੇ ਰੋਕਿਆ ਸੀ ਤੇ ਉਸ ਦੇ ਪਹਿਲੀ ਵਾਰ ਕੋਪਾ ਡੇਲ ਰੇ ਦੇ ਫਾਈਨਲ 'ਚ ਪੁੱਜਣ ਦੇ ਪੂਰੇ ਆਸਾਰ ਦਿਖਾਈ ਦੇ ਰਹੇ ਸਨ ਪਰ ਹਾਰ ਨੇ ਉਸ ਦਾ ਸੁਪਨਾ ਤੋੜ ਦਿੱਤਾ।

Posted By: Susheel Khanna