ਮੈਡਰਿਡ (ਏਐੱਫਪੀ) : ਪਿਛਲੇ ਸਾਲ ਰੀਅਲ ਮੈਡਰਿਡ ਖ਼ਿਲਾਫ਼ ਯੂਏਫਾ ਚੈਂਪੀਅਨਜ਼ ਲੀਗ ਦੇ ਫਾਈਨਲ ਵਿਚ ਮੁਹੰਮਦ ਸਲਾਹ ਸਿਰਫ਼ 30 ਮਿੰਟ ਤਕ ਖੇਡਣ ਤੋਂ ਬਾਅਦ ਜ਼ਖ਼ਮੀ ਹੋ ਕੇ ਨਮ ਪਲਕਾਂ ਨਾਲ ਮੈਦਾਨ 'ਚੋਂ ਬਾਹਰ ਹੋ ਗਏ ਸਨ ਪਰ ਇਸ ਵਾਰ ਚੈਂਪੀਅਨ ਲੀਗ ਦੇ ਫਾਈਨਲ ਵਿਚ ਉਨ੍ਹਾਂ ਨੇ ਦੂਜੇ ਮਿੰਟ ਵਿਚ ਹੀ ਗੋਲ ਕਰ ਕੇ ਫਿਰ ਆਪਣੀ ਟੀਮ ਦੀ ਖ਼ਿਤਾਬੀ ਜਿੱਤ ਵਿਚ ਯੋਗਦਾਨ ਦੇ ਕੇ ਪਿਛਲੇ ਸਾਲ ਦੀ ਖ਼ਿਤਾਬੀ ਕਮੀ ਮਿਟਾਈ। ਚੈਂਪੀਅਨਜ਼ ਲੀਗ 2018-19 ਦੇ ਫਾਈਨਲ ਵਿਚ ਲਿਵਰਪੂਲ ਨੇ ਟਾਟੇਨਹਮ ਨੂੰ 2-0 ਨਾਲ ਹਰਾ ਕੇ ਛੇਵੀਂ ਵਾਰ ਖ਼ਿਤਾਬ 'ਤੇ ਕਬਜ਼ਾ ਕੀਤਾ ਜਿੱਥੇ ਸਲਾਹ ਨੇ ਦੂਜੇ ਹੀ ਮਿੰਟ ਵਿਚ ਪੈਨਲਟੀ ਰਾਹੀਂ ਗੋਲ ਕਰ ਕੇ ਟਾਟੇਨਹਮ ਦੇ ਪ੍ਰਸ਼ਸੰਕਾਂ ਸਾਹਮਣੇ ਜਸ਼ਨ ਮਨਾਇਆ। ਪਿਛਲੇ ਸਾਲ ਚੈਂਪੀਅਨਜ਼ ਲੀਗ ਦੇ ਫਾਈਨਲ ਵਿਚ ਰੀਅਲ ਮੈਡਰਿਡ ਦੇ ਕਪਤਾਨ ਸਰਜੀਓ ਰਾਮੋਸ ਨਾਲ ਟੱਕਰ ਤੋਂ ਬਾਅਦ ਸਲਾਹ ਦਾ ਮੋਢਾ ਜ਼ਖ਼ਮੀ ਹੋ ਗਿਆ ਸੀ ਜਿਸ ਕਾਰਨ ਉਨ੍ਹਾਂ ਨੂੰ ਜਲਦੀ ਹੀ ਮੈਦਾਨ ਛੱਡ ਕੇ ਜਾਣਾ ਪਿਆ ਸੀ। ਤਦ ਸਲਾਹ ਨੂੰ ਹਸਪਤਾਲ ਲਿਜਾਣਾ ਪਿਆ ਸੀ ਤੇ ਉਨ੍ਹਾਂ ਦੀ ਟੀਮ ਲਿਵਰਪੂਲ ਨੂੰ ਰੀਅਲ ਨੇ 3-1 ਨਾਲ ਹਰਾਇਆ ਸੀ।