ਪੈਰਿਸ (ਏਪੀ) : ਸਾਬਕਾ ਚੈਂਪੀਅਨ ਲਿਵਰਪੂਲ ਤੇ ਪੋਰਤੋ ਚੈਂਪੀਅਨਜ਼ ਲੀਗ ਦੇ ਨਾਕਆਊਟ ਗੇੜ ਵਿਚ ਪੁੱਜ ਗਏ ਹਨ ਜਦਕਿ ਰਿਕਾਰਡ 13 ਵਾਰ ਦੀ ਚੈਂਪੀਅਨ ਰੀਅਲ ਮੈਡਿ੍ਡ ਨੂੰ ਸ਼ਖ਼ਤਾਰ ਡੋਨੇਤਸਕ ਹੱਥੋਂ 0-2 ਨਾਲ ਮਿਲੀ ਹਾਰ ਤੋਂ ਬਾਅਦ ਗਰੁੱਪ ਗੇੜ 'ਚੋਂ ਬਾਹਰ ਹੋਣਾ ਪੈ ਸਕਦਾ ਹੈ। ਜਿਨੇਦਿਨ ਜਿਦਾਨ ਦੀ ਟੀਮ ਰੀਅਲ ਮੈਡਿ੍ਡ ਮੰਗਲਵਾਰ ਨੂੰ ਇਹ ਮੈਚ ਜਿੱਤ ਕੇ ਨਾਕਆਊਟ ਵਿਚ ਪੁੱਜ ਸਕਦੀ ਸੀ ਪਰ ਉਸ ਦੇ ਡਿਫੈਂਡਰਾਂ ਨੇ ਬਹੁਤ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ। ਸ਼ਖ਼ਤਾਰ ਵੱਲੋਂ ਡੇਂਟੀਂਹੋ (57ਵੇਂ ਮਿੰਟ) ਤੇ ਮੈਨਰ ਸੋਲੋਮਨ (82ਵੇਂ ਮਿੰਟ) ਨੇ ਗੋਲ ਕੀਤੇ। ਹੁਣ ਰੀਅਲ ਮੈਡਿ੍ਡ ਯੂਕਰੇਨ ਦੀ ਡੋਨੇਤਸਕ ਤੇ ਜਰਮਨੀ ਦੀ ਬੋਰੂਸੀਆ ਮੋਨਚੇਂਗਲਾਡਬਾਖ ਤੋਂ ਪਿੱਛੇ ਹੈ। ਗਰੁੱਪ-ਬੀ ਦੇ ਇਕ ਹੋਰ ਮੈਚ ਵਿਚ ਇੰਟਰ ਮਿਲਾਨ ਨੇ ਰੋਮੇਲੂ ਲੁਕਾਕੂ ਦੇ ਦੋ ਗੋਲਾਂ ਦੀ ਬਦੌਲਤ ਮੋਨਚੇਂਗਲਾਡਬਾਖ ਨੂੰ 3-2 ਨਾਲ ਹਰਾ ਦਿੱਤਾ। ਗਰੁੱਪ-ਬੀ ਤੋਂ ਅਜੇ ਵੀ ਚਾਰ ਟੀਮਾਂ ਲਈ ਦਰਵਾਜ਼ੇ ਖੁੱਲ੍ਹੇ ਹਨ। ਮੋਨਚੇਂਗਲਾਡਬਾਖ ਨੂੰ ਮੈਡਿ੍ਡ ਨਾਲ ਡਰਾਅ ਖੇਡਣ ਦੀ ਲੋੜ ਹੈ ਜਦਕਿ ਆਖਰੀ ਸਥਾਨ 'ਤੇ ਕਾਬਜ ਇੰਟਰ ਮਿਲਾਨ ਨੂੰ ਸ਼ਖਤਾਰ ਨੂੰ ਹਰਾਉਣਾ ਪਵੇਗਾ ਬਸ਼ਰਤੇ ਮੋਨਚੇਂਗਲਾਡਬਾਖ ਤੇ ਮੈਡਿ੍ਡ ਦਾ ਮੈਚ ਡਰਾਅ ਨਾ ਹੋਵੇ। ਛੇ ਵਾਰ ਦੀ ਚੈਂਪੀਅਨ ਲਿਵਰਪੂਲ ਦੀ ਟੀਮ ਨੇ ਦੂਜੇ ਅੱਧ ਵਿਚ ਮਿਡਫੀਲਡਰ ਕੂਰਟਿਸ ਜੋਂਸ (58ਵੇਂ ਮਿੰਟ) ਵੱਲੋਂ ਕੀਤੇ ਗਏ ਗੋਲ ਦੀ ਮਦਦ ਨਾਲ ਚਾਰ ਵਾਰ ਦੀ ਚੈਂਪੀਅਨ ਅਜਾਕਸ ਨੂੰ 1-0 ਨਾਲ ਹਰਾਇਆ। ਗਰੁੱਪ-ਡੀ ਵਿਚ ਹੁਣ ਲਿਵਰਪੂਲ ਪੰਜ ਮੈਚਾਂ ਵਿਚ 12 ਅੰਕਾਂ ਨਾਲ ਚੋਟੀ 'ਤੇ ਹੈ। ਉਸ ਦੇ ਅਟਲਾਂਟਾ ਤੋਂ 12 ਅੰਕ ਜ਼ਿਆਦਾ ਹਨ।

ਪੋਰਤੋ ਤੇ ਮਾਨਚੈਸਟਰ ਸਿਟੀ ਰਹੇ ਬਰਾਬਰੀ 'ਤੇ

ਉਥੇ ਦੋ ਵਾਰ ਦੀ ਜੇਤੂ ਪੋਰਤੋ ਨੇ ਮਾਚੈਸਟਰ ਸਿਟੀ ਨਾਲ ਗੋਲਰਹਿਤ ਡਰਾਅ ਖੇਡਿਆ। ਸਿਟੀ ਪਹਿਲਾਂ ਹੀ ਚੋਟੀ 'ਤੇ ਰਹਿ ਕੇ ਕੁਆਲੀਫਾਈ ਕਰ ਚੁੱਕਾ ਹੈ। ਏਟਲੇਟਿਕੋ ਮੈਡਿ੍ਡ ਨੇ ਬਾਇਰਨ ਮਿਊਨਿਖ ਨਾਲ 1-1 ਨਾਲ ਡਰਾਅ ਖੇਡਿਆ। ਇਸ ਡਰਾਅ ਦੇ ਬਾਵਜੂਦ ਏਟਲੇਟਿਕੋ ਮੈਡਿ੍ਡ ਨੇ ਨਾਕਆਊਟ ਗੇੜ ਵਿਚ ਪ੍ਰਵੇਸ਼ ਕਰ ਲਿਆ ਹੈ। ਬਾਇਰਨ ਮਿਊਨਿਖ ਦੀ ਟੀਮ ਪਹਿਲਾਂ ਹੀ ਟੂਰਨਾਮੈਂਟ ਦੇ ਨਾਕਆਊਟ ਵਿਚ ਪੁੱਜ ਚੁੱਕੀ ਹੈ। ਉਥੇ ਸਾਲਸਬਰਗ ਨੇ ਲੋਕੋਮੋਟਿਵ ਮਾਸਕੋ ਨੂੰ 3-1 ਨਾਲ ਹਰਾਇਆ। ਮਾਰਸੀਲੇ ਨੇ ਓਲੰਪੀਆਕੋਸ ਨੂੰ 2-1 ਨਾਲ ਮਾਤ ਦਿੱਤੀ।