ਬਾਰਸੀਲੋਨਾ (ਏਐੱਫਪੀ) : ਸਪੈਨਿਸ਼ ਫੁੱਟਬਾਲ ਕਲੱਬ ਬਾਰਸੀਲੋਨਾ ਦੇ ਸਟਾਰ ਸਟ੍ਰਾਈਕਰ ਲਿਓਨ ਮੈਸੀ ਨੇ ਕਿਹਾ ਹੈ ਕਿ ਉਹ 2013 ਵਿਚ ਟੈਕਸ ਧੋਖਾਦੇਹੀ ਮਾਮਲੇ ਵਿਚ ਜਾਂਚ ਤੋਂ ਪਰੇਸ਼ਾਨ ਹੋ ਕੇ ਕਲੱਬ ਛੱਡਣ ਬਾਰੇ ਸੋਚ ਰਹੇ ਸਨ। 13 ਸਾਲ ਦੀ ਉਮਰ ਤੋਂ ਬਾਰਸੀਲੋਨਾ ਨਾਲ ਖੇਡਣ ਵਾਲੇ ਮੈਸੀ ਕਲੱਬ ਦੇ ਆਲ ਟਾਈਮ ਮਹਾਨ ਖਿਡਾਰੀ ਹਨ ਜਿਨ੍ਹਾਂ ਨੂੰ 2016 ਵਿਚ ਉਨ੍ਹਾਂ ਦੇ ਪਿਤਾ ਦੇ ਨਾਲ ਟੈਕਸ ਧੋਖਾਦੇਹੀ ਵਿਚ ਫੜਿਆ ਗਿਆ ਸੀ। ਇਸ ਕਾਰਨ ਉਨ੍ਹਾਂ ਨੂੰ 21 ਮਹੀਨੇ ਦੀ ਸਜ਼ਾ ਸੁਣਾਈ ਗਈ ਸੀ ਪਰ ਉਹ ਜੁਰਮਾਨੇ ਦੀ ਰਕਮ ਦੇ ਕੇ ਜੇਲ੍ਹ ਜਾਣ ਤੋਂ ਬਚ ਗਏ ਸਨ। ਬਾਰਸੀਲੋਨਾ ਦੇ ਇਕ ਰੇਡੀਓ ਨੂੰ ਦਿੱਤੀ ਗਈ ਇੰਟਰਵਿਊ ਵਿਚ ਮੈਸੀ ਨੇ ਕਿਹਾ ਕਿ ਸਹੀ ਕਹਾਂ ਤਾਂ ਮੈਂ ਉਸ ਸਮੇਂ ਕਲੱਬ ਛੱਡਣ ਬਾਰੇ ਸੋਚ ਰਿਹਾ ਸੀ। ਤਦ ਮੇਰੇ ਤੇ ਮੇਰੇ ਪਰਿਵਾਰ ਲਈ ਉਥੇ ਰਹਿਣਾ ਮੁਸ਼ਕਲ ਹੋ ਗਿਆ ਸੀ। ਬਾਰਸੀਲੋਨਾ ਕਾਰਨ ਸਪੇਨ ਤੋਂ ਨਹੀਂ ਜਾਣਾ ਚਾਹੁੰਦਾ ਸੀ ਬਲਕਿ ਇਸ ਲਈ ਜਾਣਾ ਚਾਹੁੰਦਾ ਸੀ ਕਿਉਂਕਿ ਮੇਰੇ ਨਾਲ ਖ਼ਰਾਬ ਵਤੀਰਾ ਕੀਤਾ ਗਿਆ ਸੀ ਤੇ ਤਦ ਮੈਂ ਉਥੇ ਲੰਬੇ ਸਮੇਂ ਤਕ ਨਹੀਂ ਰਹਿਣਾ ਚਾਹੁੰਦਾ ਸੀ। ਮੈਸੀ ਨੇ ਅੱਗੇ ਕਿਹਾ ਕਿ ਮੈਂ ਕਈ ਕਲੱਬਾਂ ਲਈ ਆਪਣੇ ਦਰਵਾਜ਼ੇ ਖੋਲ੍ਹੇ ਹੋਏ ਸਨ ਪਰ ਮੈਨੂੰ ਅਜੇ ਵੀ ਕੋਈ ਅਧਿਕਾਰਕਤ ਪ੍ਰਸਤਾਵ ਨਹੀਂ ਮਿਲਿਆ ਕਿਉਂਕਿ ਸਾਰਿਆਂ ਨੂੰ ਪਤਾ ਸੀ ਕਿ ਮੈਂ ਇੱਥੇ ਰਹਿਣਾ ਚਾਹੁੰਦਾ ਹਾਂ।

2021 'ਚ ਸਮਾਪਤ ਹੋ ਜਾਵੇਗਾ ਕਰਾਰ :

ਮੈਸੀ ਦਾ ਬਾਰਸੀਲੋਨਾ ਨਾਲ ਕਰਾਰ 2021 ਵਿਚ ਸਮਾਪਤ ਹੋ ਰਿਹਾ ਹੈ ਪਰ ਹੁਣ ਉਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਨੂੰ ਇੱਥੇ ਆਪਣੇ ਕਰਾਰ ਨੂੰ ਵਧਾਉਣ ਵਿਚ ਕੋਈ ਮੁਸ਼ਕਲ ਨਹੀਂ ਹੋਵੇਗੀ। ਇਸ ਇੰਟਰਵਿਊ ਵਿਚ ਮੈਸੀ ਨੇ ਇਹ ਵੀ ਕਿਹਾ ਕਿ ਬਾਰਸੀਲੋਨਾ ਤੇ ਨੇਮਾਰ ਵਿਚਾਲੇ ਕਰਾਰ ਦੀ ਕੋਸ਼ਿਸ਼ ਨਾਕਾਮ ਰਹਿਣ ਤੋਂ ਬਾਅਦ ਉਹ ਨੇਮਾਰ ਦੇ ਰੀਅਲ ਮੈਡਰਿਡ ਵਿਚ ਜਾਣ ਦੀ ਉਮੀਦ ਕਰ ਰਹੇ ਸਨ।