ਰੀਓ ਡੀ ਜਨੇਰੀਓ (ਏਐੱਫਪੀ) : ਬ੍ਰਾਜ਼ੀਲ ਦੇ ਸਟਾਰ ਸਟ੍ਰਾਈਕਰ ਨੇਮਾਰ ਦੇ ਜ਼ਖ਼ਮੀ ਹੋ ਕੇ ਬਾਹਰ ਹੋ ਜਾਣ ਨਾਲ ਅਰਜਨਟੀਨੀ ਸਟ੍ਰਾਈਕਰ ਲਿਓਨ ਮੈਸੀ ਇਸ ਹਫ਼ਤੋਂ ਤੋਂ ਸ਼ੁਰੂ ਹੋ ਰਹੇ ਕੋਪਾ ਅਮਰੀਕਾ ਕੱਪ ਫੁੱਟਬਾਲ ਟੂਰਨਾਮੈਂਟ ਵਿਚ ਖਿੱਚ ਦਾ ਕੇਂਦਰ ਹੋਣਗੇ। ਇਸ ਦੌਰਾਨ ਮੈਸੀ ਦੀਆਂ ਨਜ਼ਰਾਂ ਅਰਜਨਟੀਨਾ ਦੇ ਸਾਲਾਂ ਤੋਂ ਚੱਲੇ ਆ ਰਹੇ ਖ਼ਿਤਾਬੀ ਸੋਕੇ ਨੂੰ ਸਮਾਪਤ ਕਰਨ 'ਤੇ ਹੋਣਗੀਆਂ। ਪੰਜ ਵਾਰ ਦੇ ਬੈਲਨ ਡੀ ਓਰ ਦੇ ਜੇਤੂ ਮੈਸੀ ਨੇ ਆਪਣੇ ਸਪੈਨਿਸ਼ ਕਲੱਬ ਬਾਰਸੀਲੋਨਾ ਲਈ ਚਾਰ ਚੈਂਪੀਅਨਜ਼ ਲੀਗ ਤੇ 10 ਲਾ ਲੀਗਾ ਖ਼ਿਤਾਬ ਜਿੱਤੇ ਹਨ ਪਰ ਰਾਸ਼ਟਰੀ ਟੀਮ ਨਾਲ ਉਨ੍ਹਾਂ ਦੀ ਝੋਲੀ ਖਾਲੀ ਹੈ। ਪਿਛਲੇ ਹਫ਼ਤੇ ਮੈਸੀ ਨੇ ਕਿਹਾ ਸੀ ਕਿ ਰਾਸ਼ਟਰੀ ਟੀਮ ਨਾਲ ਕੁਝ ਹਾਸਲ ਕਰ ਕੇ ਮੈਂ ਆਪਣਾ ਕਰੀਅਰ ਸਮਾਪਤ ਕਰਨਾ ਚਾਹੁੰਦਾ ਹਾਂ। ਓਧਰ ਸਰਜੀਓ ਅਗਿਊਰੋ ਦੀ ਅਰਜਨਟੀਨੀ ਟੀਮ ਵਿਚ ਵਾਪਸੀ ਨਾਲ ਕੋਪਾ ਅਮਰੀਕਾ ਕੱਪ ਵਿਚ ਮੈਸੀ ਦੀਆਂ ਖ਼ਿਤਾਬੀ ਜਿੱਤ ਦੀਆਂ ਉਮੀਦਾਂ ਨੂੰ ਬਲ ਮਿਲਿਆ ਹੈ।