ਸਾਓ ਪਾਉਲੋ (ਏਪੀ) : ਲਿਓਨ ਮੈਸੀ ਦਾ ਇਕ ਗੋਲ ਗ਼ਲਤ ਐਲਾਨ ਦਿੱਤਾ ਗਿਆ ਜਦਕਿ ਦੂਜੀ ਵਾਰ ਗੋਲਕੀਪਰ ਨੇ ਬਿਹਤਰੀਨ ਤਰੀਕੇ ਨਾਲ ਉਨ੍ਹਾਂ ਦਾ ਸ਼ਾਟ ਬਚਾਇਆ ਜਿਸ ਨਾਲ ਅਰਜਨਟੀਨਾ ਨੂੰ ਦੱਖਣੀ ਅਮਰੀਕੀ ਵਿਸ਼ਵ ਕੱਪ ਕੁਆਲੀਫਾਇੰਗ ਫੁੱਟਬਾਲ ਮੈਚ ਵਿਚ ਪੈਰਾਗੁਏ ਨਾਲ 1-1 ਨਾਲ ਡਰਾਅ ਖੇਡਣਾ ਪਿਆ। ਲਾ ਬੋਂਬੋਨੇਰਾ ਸਟੇਡੀਅਮ ਵਿਚ ਖੇਡੇ ਗਏ ਇਸ ਮੈਚ ਤੋਂ ਬਾਅਦ ਅਰਜਨਟੀਨਾ ਤਿੰਨ ਮੈਚਾਂ ਵਿਚ ਸੱਤ ਅੰਕ ਲੈ ਕੇ ਸਿਖ਼ਰ 'ਤੇ ਪੁੱਜ ਗਿਆ ਹੈ ਪਰ ਬ੍ਰਾਜ਼ੀਲ ਨੌਵੇਂ ਸਥਾਨ 'ਤੇ ਕਾਬਜ ਵੈਨਜ਼ੁਏਲਾ ਖ਼ਿਲਾਫ਼ ਜਿੱਤ ਦਰਜ ਕਰਨ 'ਤੇ ਉਸ ਤੋਂ ਅੱਗੇ ਪੁੱਜ ਸਕਦਾ ਹੈ। ਬ੍ਰਾਜ਼ੀਲ ਦੇ ਅਜੇ ਛੇ ਅੰਕ ਹਨ। ਪੈਰਾਗੁਏ ਪੰਜ ਅੰਕਾਂ ਨਾਲ ਚੌਥੇ ਸਥਾਨ 'ਤੇ ਹੈ। ਅਰਜਨਟੀਨਾ ਦਾ ਕੁਆਲੀਫਾਇੰਗ ਵਿਚ ਚੌਥਾ ਮੈਚ ਮੰਗਲਵਾਰ ਨੂੰ ਹੋਵੇਗਾ। ਵੀਰਵਾਰ ਨੂੰ ਪਹਿਲੇ ਮੈਚ ਵਿਚ 10ਵੇਂ ਸਥਾਨ 'ਤੇ ਕਾਬਜ ਬੋਲੀਵੀਆ ਨੂੰ ਆਖ਼ਰੀ ਸਮੇਂ ਵਿਚ ਪੈਨਲਟੀ ਗੁਆਉਣ ਦਾ ਖਮਿਆਜਾ ਭੁਗਤਣਾ ਪਿਆ ਜਿਸ ਨਾਲ ਇਕਵਾਡੋਰ ਨੇ ਉਸ ਨੂੰ 3-2 ਨਾਲ ਹਰਾਇਆ। ਇਕਵਾਡੋਰ ਤਿੰਨ ਮੈਚਾਂ ਵਿਚ ਛੇ ਅੰਕ ਲੈ ਕੇ ਤੀਜੇ ਸਥਾਨ 'ਤੇ ਹੈ। ਚੋਟੀ ਦੇ ਚਾਰ ਵਿਚ ਰਹਿਣ ਵਾਲੀਆਂ ਟੀਮਾਂ ਨੂੰ ਕਤਰ ਵਿਚ 2022 ਵਿਚ ਹੋਣ ਵਾਲੇ ਵਿਸ਼ਵ ਕੱਪ ਵਿਚ ਆਪਣੇ ਆਪ ਥਾਂ ਮਿਲ ਜਾਵੇਗੀ ਜਦਕਿ ਪੰਜਵੇਂ ਸਥਾਨ ਦੀ ਟੀਮ ਇੰਟਰ ਕਾਂਟੀਨੈਂਟਲ ਪਲੇਆਫ ਵਿਚ ਖੇਡੇਗੀ।