ਅਭਿਸ਼ੇਕ ਤਿ੍ਪਾਠੀ, ਨਵੀਂ ਦਿੱਲੀ : ਰੀੜ੍ਹ ਤੇ ਗਰਦਨ ਦੀ ਹੱਡੀ ਵਿਚ ਪਰੇਸ਼ਾਨੀ ਦੇ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਲਾਈਨ ਲਾਉਣ ਲਈ ਮਜਬੂਰ ਲਿੰਬਾ ਰਾਮ ਦੀ ਕਹਾਣੀ ਜਾਗਰਣ ਨੇ ਮੰਗਲਵਾਰ ਨੂੰ ਪ੍ਰਕਾਸ਼ਤ ਕੀਤੀ ਸੀ। ਬੁੱਧਵਾਰ ਨੂੰ ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਇਸ ਦਾ ਨੋਟਿਸ ਲਿਆ। ਇਸ ਨਾਲ ਹੀ ਗਾਜ਼ੀਆਬਾਦ ਦੇ ਕੌਸ਼ਾਂਬੀ ਮੌਜੂਦ ਯਸ਼ੋਦਾ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਕਾਰਜਕਾਰੀ ਡਾਇਰੈਕਟਰ ਸ਼ੁਭਾਂਗ ਅਰੋੜਾ ਨੇ ਵੀ ਉਨ੍ਹਾਂ ਦੇ ਮੁਫ਼ਤ ਇਲਾਜ ਦਾ ਐਲਾਨ ਕੀਤਾ ਹੈ। ਸ਼ੁਭਾਂਗ ਨੇ ਕਿਹਾ ਕਿ ਮੈਂ ਸਵੇਰੇ ਅਖ਼ਬਾਰ ਵਿਚ ਇਸ ਖ਼ਬਰ ਨੂੰ ਪੜਿ੍ਹਆ ਤੇ ਉਸ ਤੋਂ ਤੁਰੰਤ ਬਾਅਦ ਆਪਣੇ ਹਸਪਤਾਲ ਦੇ ਕਲੀਨਿਕਲ ਡਾਇਰੈਕਟਰ ਡਾ. ਰਾਹੁਲ ਸ਼ੁਕਲਾ ਨੂੰ ਫੋਨ ਕਰ ਕੇ ਲਿੰਬਾ ਦੇ ਇਲਾਜ ਦਾ ਮੁਫ਼ਤ ਇੰਤਜ਼ਾਮ ਕਰਨ ਦਾ ਹੁਕਮ ਦਿੱਤਾ। ਲਿੰਬਾ ਰਾਮ ਦੀ ਪਤਨੀ ਜੇਨੀ ਨੇ ਕਿਹਾ ਕਿ ਯਸ਼ੋਦਾ ਹਸਪਤਾਲ ਵੱਲੋਂ ਮੈਨੂੰ ਫੋਨ ਆਇਆ ਸੀ। ਅਜੇ ਮੈਂ ਲਿੰਬਾ ਨਾਲ ਗੱਲ ਨਹੀਂ ਕੀਤੀ ਹੈ ਕਿਉਂਕਿ ਉਨ੍ਹਾਂ ਨੂੰ ਮਾਨਸਿਕ ਪਰੇਸ਼ਾਨੀ ਹੈ। ਉਨ੍ਹਾਂ ਕਿਹਾ ਕਿ ਜਾਗਰਣ ਨੇ ਜੋ ਸਾਡੇ ਲਈ ਕੀਤਾ ਉਸ ਲਈ ਮੈਂ ਦਿਲੋਂ ਧੰਨਵਾਦ ਦਿੰਦੀ ਹਾਂ। ਲਿੰਬਾ ਦੀ ਬਿਮਾਰੀ ਪਕੜ ਵਿਚ ਨਹੀਂ ਆ ਰਹੀ ਹੈ। ਕਦੇ ਨਿਊਰੋ ਦੀ ਪਰੇਸ਼ਾਨੀ ਹੁੰਦੀ ਹੈ ਤਾਂ ਕਦੀ ਲੀਵਰ ਦੀ ਪਰੇਸ਼ਾਨੀ ਆਉਂਦੀ ਹੈ। ਅਸੀਂ ਚਾਹੁੰਦੇ ਹਾਂ ਕਿ ਚੰਗੀ ਤਰ੍ਹਾਂ ਇਲਾਜ ਹੋ ਜਾਵੇ। ਮੈਂ ਚਾਰ ਪੰਜ ਸਾਲ ਤੋਂ ਬਹੁਤ ਪਰੇਸ਼ਾਨ ਹਾਂ।

ਖੇਡ ਮੰਤਰੀ ਨੇ ਦਿੱਤਾ ਜਾਂਚ ਕਰਨ ਦਾ ਭਰੋਸਾ :

ਪਦਮਸ੍ਰੀ ਤੇ ਅਰਜੁਨ ਪੁਰਸਕਾਰ ਜੇਤੂ ਬਾਸਕਟਬਾਲ ਖਿਡਾਰੀ ਪ੍ਰਸ਼ਾਂਤੀ ਸਿੰਘ ਨੇ ਵੀ ਟਵੀਟ ਕਰਦੇ ਹੋਏ ਖੇਡ ਮੰਤਰੀ ਕਿਰਨ ਰਿਜਿਜੂ ਤੇ ਖੇਡ ਮੰਤਰਾਲੇ ਨੂੰ ਮਦਦ ਕਰਨ ਲਈ ਬੇਨਤੀ ਕੀਤੀ ਹੈ। ਇਸ ਤੋਂ ਬਾਅਦ ਕਿਰਿਨ ਰਿਜਿਜੂ ਨੇ ਤੁਰੰਤ ਜਵਾਬ ਦਿੰਦੇ ਹੋਏ ਲਿਖਿਆ ਕਿ ਮੈਂ ਇਸ ਮਾਮਲੇ ਦੀ ਜਾਂਚ ਕਰਾਂਗਾ।